2012 ਵਿੱਚ ਵਿਆਹ ਦੇ ਕੁਝ ਸਮੇਂ ਬਾਅਦ ਹੀ ਅੰਜੂ ਰਾਣੀ ਦੀ ਜ਼ਿੰਦਗੀ ਹੌਲ਼ੀ-ਹੌਲ਼ੀ ਲੀਹ ਤੋਂ ਲੱਥਣ ਲੱਗੀ। 34 ਸਾਲਾ ਅੰਜੂ ਦੋ ਬੱਚੀਆਂ ਦੀ ਮਾਂ ਹਨ। ਉਹ ਦੱਸਦੇ ਹਨ,“ਮੇਰੇ ਪਤੀ ਨੂੰ ਸ਼ਰਾਬ ਦੀ ਮਾੜੀ ਆਦਤ ਕਰਕੇ ਸਾਡੀ ਹਰ ਰੋਜ਼ ਲੜਾਈ ਹੋਇਆ ਕਰਦੀ। ਜਿਸ ਕਲੇਸ਼ ਕਰਕੇ ਮੈਂ ਅੰਦਰੋਂ-ਅੰਦਰੀ ਟੁੱਟਣ ਲੱਗੀ।”
ਅੰਜੂ ਦਾ ਪਤੀ ਘਰ ਚਲਾਉਣ ਲਈ ਕੋਈ ਖ਼ਰਚਾ ਨਾ ਦਿੰਦਾ। ਉਨ੍ਹਾਂ ਕੋਲ਼ ਆਪਣੀ ਧੀ ਪਾਲਣ ਤੱਕ ਦੇ ਵੀ ਪੈਸੇ ਨਾ ਹੁੰਦੇ। "ਸਾਡੇ ਬਿਜਲੀ ਦੇ ਬਿੱਲ ਅਕਸਰ ਬਕਾਇਆ ਰਹਿ ਜਾਂਦੇ," ਉਹ ਕਹਿੰਦੇ ਹਨ। "ਕਰਜ਼ਾ ਇੰਨਾ ਜ਼ਿਆਦਾ ਹੋ ਗਿਆ ਕਿ ਉਧਾਰ ਦੇ ਪੈਸੇ ਲੈਣ ਵਾਲ਼ੇ ਲੋਕ ਹਰ ਰੋਜ਼ ਘਰ ਆ ਕੇ ਸਾਨੂੰ ਤੰਗ ਕਰਦੇ। ਉਹ ਸਾਰੇ ਦਿਨ ਮੈਂ ਡਰ-ਡਰ ਕੇ ਬਿਤਾਏ ਨੇ।"
ਅੰਜੂ ਦੇ ਸਹੁਰੇ ਪੱਛਮੀ ਉੱਤਰ ਪ੍ਰਦੇਸ਼ ਦੇ ਸਿਆਨਾ ਕਸਬੇ ਵਿੱਚ ਸਨ। ਅਕਸਰ ਲੜਾਈ-ਝਗੜੇ ਦੌਰਾਨ ਅੰਜੂ ਸਿਆਨਾ ਤੋਂ ਤਕਰੀਬਨ ਤੀਹ ਕਿਲੋਮੀਟਰ ਦੂਰ ਅਯਾਦਨਗਰ ਪਿੰਡ ਪੈਂਦੇ ਆਪਣੇ ਪੇਕੇ ਘਰ ਚਲੇ ਜਾਇਆ ਕਰਦੇ। ਪਰ ਉਨ੍ਹਾਂ ਦੇ ਗੁਆਂਢੀ ਅਤੇ ਰਿਸ਼ਤੇਦਾਰ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਚੱਲ ਰਹੇ ਤਣਾਅ ਨੂੰ ਹਮੇਸ਼ਾ ਅਣਡਿੱਠਾ ਕਰਦੇ ਹੋਏ ਇਹਨੂੰ ਆਮ ਗੱਲ ਕਿਹਾ ਕਰਦੇ। ਉਹ ਹਰ ਵਾਰੀ ਅੰਜੂ ਨੂੰ ਆਪਣੇ ਪਤੀ ਕੋਲ਼ ਵਾਪਸ ਮੁੜਨ ਲਈ ਜ਼ੋਰ ਦਿੰਦੇ ਰਹੇ। ਕਈ ਸਾਲਾਂ ਤੱਕ ਮਜ਼ਬੂਰੀ ਵਿੱਚ ਅੰਜੂ ਆਪਣੀ ਧੀ ਦੇ ਨਾਲ਼ ਵਾਪਸ ਆਪਣੇ ਪਤੀ ਕੋਲ਼ ਪਰਤ ਜਾਂਦੇ।
ਕਰੀਬ 15 ਸਾਲ ਪਹਿਲਾਂ ਪਤੀ ਦੇ ਕੈਂਸਰ ਨਾਲ਼ ਗੁਜ਼ਰ ਜਾਣ ਤੋਂ ਬਾਅਦ, ਅੰਜੂ ਦੀ ਮਾਂ ਇਕੱਲਿਆਂ ਜ਼ਿੰਦਗੀ ਕੱਟ ਰਹੀ ਸੀ। ਖ਼ਸਤਾਹਾਲ ਮੰਜੀ 'ਤੇ ਆਪਣੀ ਮਾਂ ਕੋਲ਼ ਬੈਠੇ ਅੰਜੂ ਕਹਿੰਦੇ ਹਨ,“ਇੱਕ ਦਿਨ ਸਾਰਾ ਕੁਝ ਹਾਰ ਕੇ ਮੈਂ ਹਮੇਸ਼ਾ ਲਈ ਪੇਕੇ ਘਰ ਆ ਗਈ। ਨਾ ਉਹ ਮੈਨੂੰ ਲੈਣ ਆਏ ਅਤੇ ਨਾ ਮੈਂ ਕਦੇ ਵਾਪਸ ਹੀ ਗਈ।”
ਪੇਕੇ ਘਰ ਰਹਿੰਦਿਆਂ ਅੰਜੂ ਨੇ ਘਰ ਚਲਾਉਣ ਲਈ ਖੇਤਾਂ ਵਿੱਚ ਮਜ਼ਦੂਰੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੂੰ ਫ਼ਸਲਾਂ ਦੇ ਸੀਜ਼ਨ ਅਤੇ ਕੰਮ ਮਿਲ਼ਣ 'ਤੇ 200 ਤੋਂ 250 ਰੁਪਏ ਦਿਹਾੜੀ ਮਿਲ਼ ਜਾਂਦੀ ਸੀ।
2017 ਵਿੱਚ ਉਨ੍ਹਾਂ ਮੁੜ ਵਿਆਹ ਕਰਨ ਦਾ ਫ਼ੈਸਲਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਘਰ ਦੂਜੀ ਧੀ ਜੰਮੀ। "ਮੈਂ ਨਵੇਂ ਸਿਰਿਓਂ ਜਿਊਣ ਦੀ ਕੋਸ਼ਿਸ਼ ਕੀਤੀ, ਪਰ ਦੂਜਾ ਵਿਆਹ ਹੋਰ ਵੀ ਮਾੜਾ ਰਿਹਾ। ਦੂਜੇ ਪਤੀ ਨੂੰ ਵੀ ਸ਼ਰਾਬ ਦੀ ਬੁਰੀ ਆਦਤ ਸੀ ਅਤੇ ਪੀਣ ਤੋਂ ਬਾਅਦ ਉਹ ਮੇਰੇ 'ਤੇ ਹੱਥ ਚੁੱਕਦਾ। ਸ਼ਰਾਬ ਪੀਣ ਲਈ ਉਹਨੇ ਘਰ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ। ਉਹਨੇ ਅਨਾਜ ਅਤੇ ਕੂਲਰ ਹੀ ਨਹੀਂ, ਸਗੋਂ ਮੇਰੀ ਸਿਲਾਈ ਮਸ਼ੀਨ ਵੀ ਵੇਚ ਦਿੱਤੀ। ਉਹਨੇ ਲੋਕਾਂ ਦੇ ਘਰੋਂ ਸਮਾਨ ਚੋਰੀ ਕਰਨਾ ਸ਼ੁਰੂ ਕਰ ਦਿੱਤਾ। ਮੈਂ ਸਮਾਜ ਦੇ ਸਾਹਮਣੇ ਸ਼ਰਮਿੰਦੀ ਰਹਿਣ ਲੱਗਦੀ।"









