ਤਾਲਾਬੰਦੀ ਦੌਰਾਨ ਅਸੀਂ ਵਿਸਾਖਾਪਟਨਮ ਤੋਂ ਆਪਣੇ ਘਰ ਪਹੁੰਚਣ ਲਈ 12 ਦਿਨ ਲਗਾਤਾਰ ਪੈਦਲ ਤੁਰੇ ਸਾਂ,” 45 ਸਾਲਾ ਕਾਇਲ ਭੁਈਆਂ 2020 ਦੀ ਕੋਵਿਡ-ਤ੍ਰਾਸਦੀ ਨੂੰ ਯਾਦ ਕਰਦਿਆਂ ਕਹਿੰਦੇ ਹਨ। ਉਸ ਸਮੇਂ ਉਹ ਅਗਨਮਪੁਡੀ ਵਿੱਚ ਲਾਰਸਨ ਐਂਡ ਟੂਬਰੋ ਦੇ ਇੱਕ ਨਿਰਮਾਣ-ਸਥਲ 'ਤੇ ਦਿਹਾੜੀ ਮਜ਼ਦੂਰ ਸਨ।
ਪੈਦਲ ਤੁਰਨ ਵਾਲ਼ਿਆਂ ਵਿੱਚ ਕਰੀਬ 80 ਲੋਕ ਸਨ ਜਿਨ੍ਹਾਂ ਵਿੱਚ 10 ਔਰਤਾਂ ਅਤੇ ਚਾਰ ਬੱਚੇ ਸ਼ਾਮਲ ਸਨ, ਜੋ ਕਰੀਬ 1,000 ਕਿਲੋਮੀਟਰ ਤੁਰਦਿਆਂ ਝਾਰਖੰਡ ਨੂੰ ਪਰਤ ਰਹੇ ਸਨ। “ਅਸੀਂ ਦਿਨ-ਰਾਤ ਤੁਰਦੇ ਰਹੇ। ਜਦੋਂ ਬਹੁਤ ਥੱਕ ਜਾਂਦੇ, ਤਾਂ ਘੰਟਾ ਕੁ ਸੌਂ ਲੈਂਦੇ ਤੇ ਉੱਠ ਕੇ ਫਿਰ ਤੁਰ ਪੈਂਦੇ।” ਪਲਾਮੂ ਜ਼ਿਲ੍ਹੇ ਦੇ ਰਬਦਾ ਪਿੰਡ ਤੱਕ ਦਾ ਆਪਣਾ ਪੂਰਾ ਸਫ਼ਰ ਉਨ੍ਹਾਂ ਨੇ ਕੁਝ ਇਸੇ ਤਰੀਕੇ ਪੂਰਾ ਕੀਤਾ।
ਲਗਭਗ ਛੇ ਸਾਲ ਬਾਅਦ ਕਾਇਲ ਨੇ ਉਹੋ ਜਿਹੀ ਵਾਪਸੀ ਦਾ ਸਫ਼ਰ ਮੁੜ ਤੈਅ ਕੀਤਾ, ਇਸ ਵਾਰੀਂ ਉਂਝ ਉਹ ਟ੍ਰੇਨ ਰਾਹੀਂ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਤੋਂ ਵਾਪਸ ਮੁੜੇ ਪਰ ਇਸ ਵਾਰ ਦੀ ਉਨ੍ਹਾਂ ਦੀ ਵਾਪਸੀ ਇੱਕ ਹੋਰ ਡਰਾਉਣੀ ਤਸਵੀਰ ਪੇਸ਼ ਕਰ ਰਹੀ ਸੀ।
ਉਹ ਗਲ਼ ਤੱਕ ਕਰਜੇ ਵਿੱਚ ਡੁੱਬੇ ਹੋਏ ਹਨ ਜਿਸਨੂੰ ਚੁਕਾ ਪਾਉਣਾ ਅਸੰਭਵ ਹੈ।
ਅਮਰੀਕਾ-ਇਜ਼ਰਾਈਲ ਅਤੇ ਇਰਾਨ ਦੇ ਵਿਚਾਲੇ ਜੰਗ ਦੇ ਬਾਅਦ ਪੈਦਾ ਹੋਏ LPG ਸੰਕਟ ਨੇ ਸਭ ਤੋਂ ਵੱਡੀ ਮਾਰ ਪ੍ਰਵਾਸੀ ਮਜ਼ਦੂਰਾਂ ਨੂੰ ਮਾਰੀ ਹੈ।
ਮਾਰਚ ਦੀ ਸ਼ੁਰੂਆਤ ਹੋਈ ਤੇ,“ਹਰ ਕੋਈ ਕਹਿਣ ਲੱਗਿਆ ਕਿ ਮੁੜ ਲੌਕਡਾਊਨ ਲੱਗਣ ਵਾਲ਼ਾ ਹੈ,” ਉਹ ਯਾਦ ਕਰਦੇ ਹੈ। ਉਸ ਸਮੇਂ ਉਹ ਨੋਇਡਾ ਵਿੱਚ ਐੱਲ ਐਂਡ ਟੀ ਦੇ ਇੱਕ ਨਿਰਮਾਣ ਸਥਲ 'ਤੇ ਰਾਜਮਿਸਤਰੀ ਦਾ ਕੰਮ ਕਰ ਰਹੇ ਸਨ ਜਿੱਥੇ ਉਨ੍ਹਾਂ ਨੂੰ 500 ਰੁਪਏ ਦਿਹਾੜੀ ਮਿਲ਼ਦੀ।
ਫਿਰ LPG ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਤੇ 90 ਰੁਪਏ ਕਿੱਲੋ ਵਿੱਚ ਮਿਲ਼ਣ ਵਾਲ਼ੀ ਗੈਸ ਅਚਾਨਕ 300 ਰੁਪਏ ਕਿੱਲੋ ਹੋ ਗਈ। “ਖਾਣਾ ਪਕਾਉਣ ਲਈ ਅਸੀਂ ਸ਼ਟਰਿੰਗ ਦਾ ਸਮਾਨ ਅਤੇ ਪਲਾਈਵੁਡ ਤੱਕ ਵੀ ਸਾੜ ਸੁੱਟੇ,” ਉਹ ਕਹਿੰਦੇ ਹਨ। “ਕਿਸੇ ਤਰ੍ਹਾਂ ਅਸੀਂ ਕੰਮ ਚਲਾਇਆ।” ਪਰ ਸਿਰਫ਼ ਦਸ ਦਿਨ ਹੀ ਗੁਜ਼ਾਰਾ ਹੋ ਸਕਿਆ।








