ਭਾਨੂ ਆਪਣੀ ਝੁੱਗੀ ਬਸਤੀ ਦੀਆਂ ਭੀੜੀਆਂ ਗਲੀਆਂ ਵਿੱਚੋਂ ਹੁੰਦਾ ਹੋਇਆ ਚੜ੍ਹਾਈ (ਪਹਾੜੀ) 'ਤੇ ਮੌਜੂਦ ਆਪਣੇ ਕਮਰੇ ਵੱਲ ਨੂੰ ਵੱਧ ਰਿਹਾ ਹੈ। ਉਸਦੇ ਮੂੰਹ 'ਤੇ ਇੱਕ ਰੁਮਾਲ ਬੰਨ੍ਹਿਆ ਹੋਇਆ ਹੈ ਅਤੇ ਉਸਦੇ ਹੱਥ ਵਿੱਚ ਅੱਧਾ ਕਿੱਲੋ ਚੌਲ਼ ਅਤੇ ਦਾਲ ਵਾਲ਼ਾ ਲਿਫ਼ਾਫਾ ਹੈ, ਜੋ ਉਸਨੂੰ ਮਦਦ ਵਜੋਂ ਮਿਲ਼ਿਆ ਹੈ। ਦੂਜੇ ਪਾਸਿਓਂ ਆਉਂਦੇ ਕੁਝ ਲੋਕ ਨੂੰ ਦੇਖ ਕੇ, ਭਾਨੂ ਗਲ਼ੀ ਦੇ ਸਿਰੇ 'ਤੇ ਬਣੇ ਇੱਕ ਘਰ ਦੇ ਮਗਰ ਲੁਕ ਜਾਂਦਾ ਹੈ। ਪਹਾੜੀ ਤਰਫ਼ੋਂ ਆ ਰਹੇ ਇਹ ਲੋਕਾਂ ਨੇ ਬੋਰੀਆਂ ਅਤੇ ਬੰਡਲ ਚੁੱਕੇ ਹੋਏ ਹਨ। ਭਾਨੂ ਆਪਣੇ ਕਮਰੇ ਵੱਲ ਮੁੜਨ ਤੇ ਦੋਬਾਰਾ ਤੁਰਨ ਤੋਂ ਪਹਿਲਾਂ ਜਾਣ-ਪਛਾਣ ਵਾਲ਼ੇ ਉਨ੍ਹਾਂ ਚਿਹਰਿਆਂ ਨੂੰ ਕੁਝ ਦੇਰ ਤੱਕ ਦੇਖਦਾ ਹੈ।
ਉਹ ਇੱਕ ਤੰਗ ਮੂੰਹ-ਖੁੱਲ੍ਹੇ ਗਟਰ ਨੂੰ ਟੱਪਦਾ ਹੈ। ਗਲ਼ੀ ਵਿੱਚ 10x10 ਵਰਗ ਫੁੱਟ ਦੇ ਕਈ ਕਮਰੇ ਬੰਦ ਹਨ। ਉਨ੍ਹਾਂ ਆਰਜ਼ੀ ਜਿਹੇ ਬੂਹਿਆਂ ਮਗਰ ਚੁੰਬਵੀਂ ਜਿਹੀ ਚੁੱਪੀ ਛਾਈ ਹੋਈ ਹੈ। ਕੋਈ ਗੱਲ ਨਹੀਂ ਕਰ ਰਿਹਾ, ਲੜ ਨਹੀਂ ਰਿਹਾ, ਹੱਸ ਨਹੀਂ ਰਿਹਾ, ਮੋਬਾਇਲ ਫ਼ੋਨ 'ਤੇ ਜ਼ੋਰ ਨਾਲ਼ ਚੀਕ ਨਹੀਂ ਰਿਹਾ, ਉੱਚੀ ਚੁੱਕੀ ਅਵਾਜ਼ ਵਿੱਚ ਟੀਵੀ ਨਹੀਂ ਦੇਖ ਰਿਹਾ। ਖਾਣਾ ਪਕਾਉਣ ਦੀ ਕੋਈ ਤੇਜ਼ ਮਹਿਕ ਵੀ ਨਹੀਂ ਸੀ ਆ ਰਹੀ। ਚੁੱਲ੍ਹੇ ਠੰਡੇ-ਠ੍ਹਾਰ ਹੋਏ ਪਏ ਹਨ।
ਭਾਨੂ ਦਾ ਕਮਰਾ ਪਹਾੜੀ ਦੀ ਟੀਸੀ 'ਤੇ ਹੈ। ਘਰ ਵਿੱਚ, ਉਸ ਦੀ ਪਤਨੀ ਸਰਿਤਾ ਗੈਸ ਦੇ ਚੁੱਲ੍ਹੇ ਮੂਹਰੇ ਬੈਠੀ ਹੈ ਅਤੇ ਸਿਫ਼ਰ ਨਜ਼ਰਾਂ ਨਾਲ਼ ਦਰਵਾਜ਼ੇ ਵੱਲ ਝਾਕ ਰਹੀ ਹੈ। ਉਸ ਦੇ ਹੱਥ ਉਸ ਦੇ ਪੇਟ 'ਤੇ ਹਨ, ਉਹ ਛੇ ਮਹੀਨਿਆਂ ਦੀ ਗਰਭਵਤੀ ਹੈ। ਨੌ ਸਾਲਾ ਰਾਹੁਲ ਖਿਡੌਣੇ ਵਾਲ਼ੀ ਛੋਟੀ ਕਾਰ ਨੂੰ ਗੋਲ਼-ਗੋਲ਼ ਘੁਮਾਉਂਦਾ ਹੋਇਆ ਸੀਮੇਂਟ ਦੇ ਫਰਸ਼ 'ਤੇ ਚਲਾ ਰਿਹਾ ਹੈ ਅਤੇ ਆਪਣੀ ਮਾਂ ਕੋਲ਼ੋਂ ਖਾਣ ਲਈ ਲਗਾਤਾਰ ਕੁਝ ਨਾ ਕੁਝ ਮੰਗੀ ਜਾ ਵੀ ਰਿਹਾ ਹੈ।
“ਅੰਮਾ, ਮੈਨੂੰ ਭੁੱਖ ਲੱਗੀ ਆ! ਮੈਂ ਸਵੇਰ ਤੋਂ ਕੁਝ ਵੀ ਨਹੀਂ ਖਾਧਾ। ਤੂੰ ਦੁੱਧ ਅਤੇ ਕ੍ਰੀਮ ਵਾਲ਼ਾ ਬਿਸਕੁਟ ਵੀ ਨਹੀਂ ਦਿੱਤਾ, ਅੰਮਾ...”
ਸਰਿਤਾ ਹਊਕੇ ਭਰਦੀ ਹੈ, ਸ਼ਾਇਦ ਅਣਜਾਣੇ ਵਿੱਚ। “ਹਾਂ, ਮੇਰੇ ਬੱਚੇ,” ਉੱਥੋਂ ਉੱਠਦਿਆਂ ਉਹ ਕਹਿੰਦੀ ਹੈ, “ਮੈਂ ਜਾਣਦੀ ਹਾਂ। ਮੈਂ ਦਿੰਨੀ ਆਂ ਤੈਨੂੰ ਕੁਝ। ਤੇਰੇ ਪਿਤਾ ਵੀ ਆਉਣ ਵਾਲ਼ੇ ਆ। ਉਹ ਬੜੀਆਂ ਚੀਜ਼ੀਆਂ ਲਿਆਵੇਗਾ। ਤੂੰ ਬਾਹਰ ਜਾ ਕੇ ਖੇਡਦਾ ਕਿਉਂ ਨਹੀਂ?”
''ਮੇਰੇ ਨਾਲ਼ ਖੇਡਣ ਵਾਲ਼ਾ ਕੋਈ ਵੀ ਨਹੀਂ,''ਰਾਹੁਲ ਕਹਿੰਦਾ ਹੈ,''ਅੰਮਾ, ਵਿੱਕੀ ਤੇ ਬੰਟੀ ਕਿੱਧਰ ਚਲੇ ਗਏ?''
''ਮੈਨੂੰ ਲੱਗਦਾ, ਪਿਛਲੇ ਸਾਲ ਵਾਂਗਰ ਆਪਣੇ ਪਿੰਡ ਚਲੇ ਗਏ। ਉਹ ਵਾਪਸ ਆਉਣਗੇ।''
“ਨਹੀਂ, ਅੰਮਾ, ਸਕੂਲ ਦੇ ਐਨ ਵਿਚਕਾਰ ਤਾਂ ਨਹੀਂ। ਮੈਨੂੰ ਨਹੀਂ ਲੱਗਦਾ ਕਿ ਉਹ ਵਾਪਸ ਆਉਣਗੇ। ਅਸੀਂ ਇੰਜੀਨੀਅਰ ਬਣਨ ਵਾਲ਼ੇ ਸਾਂ। ਅਸੀਂ ਤਿੰਨੋਂ ਜਣੇ ਸਕੂਲ ਦੀ ਪੜ੍ਹਾਈ ਖ਼ਤਮ ਹੋਣ ਦੇ ਬਾਅਦ ਗੱਡੀਆਂ ਠੀਕ ਕਰਨ ਲਈ ਇੱਕ ਗੈਰਾਜ ਖੋਲ੍ਹਣ ਵਾਲ਼ੇ ਸਾਂ। ਪਰ ਉਹ ਤਾਂ ਹੁਣ ਸਕੂਲ ਨਹੀਂ ਆਉਣ ਵਾਲ਼ੇ!”
“ਤੁਸੀਂ ਅਤੇ ਤੁਹਾਡੀ ਗੱਡੀ! ਤੁਸੀਂ ਆਪਣਾ ਗੈਰਾਜ ਖੋਲ੍ਹੋਗੇ, ਵੱਡਾ ਸਾਰਾ। ਤੂੰ ਇੱਕ ਵੱਡਾ ਆਦਮੀ ਬਣੇਗਾ!” ਸਰਿਤਾ, ਜੋ ਹੁਣ ਆਪਣੇ ਪੈਰਾਂ 'ਤੇ ਖੜ੍ਹੀ ਹੈ, ਚੁੱਲ੍ਹੇ ਦੇ ਮਗਰ ਤਿੰਨੋਂ ਸਲੈਬਾਂ ਨੂੰ ਟਟੋਲਦੀ ਹੋਈ ਲੰਘਦੀ ਜਾਂਦੀ ਹੈ। ਇੱਕ ਸਲੈਬ 'ਤੇ ਕੁਝ ਖਾਲੀ ਭਾਂਡੇ, ਇੱਕ ਕੜਾਹੀ, ਇੱਕ ਕੜਛੀ, ਚਮਚੇ, ਚਾਰ ਪਲੇਟਾਂਅਤੇ ਕੁਝ ਕੌਲੀਆਂ ਅਤੇ ਛੋਟੀਆਂ ਪਲੇਟਾਂ ਪਈਆਂ ਹਨ, ਬੱਸ ਇਹੀ ਉਨ੍ਹਾਂ ਦੀ ਰਸੋਈ ਦਾ ਕੁੱਲ ਸਰਮਾਇਆ ਹੈ। ਹੋਰ ਦੋ ਸਲੈਬਾਂ 'ਤੇ ਲੂਣ, ਦਾਲ਼, ਚੌਲ਼, ਕਣਕ ਦਾ ਆਟਾ, ਸੁੱਕਾ ਅਨਾਜ, ਮਸਾਲੇ, ਖਾਣਾ ਪਕਾਉਣ ਲਈ ਤੇਲ ਦੇ ਪਲਾਸਟਿਕ ਦੇ ਥੋੜ੍ਹੇ ਕੁ ਡੱਬੇ ਪਏ ਹਨ, ਜੋ ਸਾਰੇ ਦੇ ਸਾਰੇ ਖਾਲੀ ਹਨ। ਉਸਨੇ ਰਾਹੁਲ ਨੂੰ ਦੇਣ ਲਈ ਕੁਝ ਲੱਭਣ ਦਾ ਨਾਟਕ ਕੀਤਾ, ਇੱਕ-ਇੱਕ ਕਰਕੇ ਸਾਰੇ ਡੱਬੇ ਖੋਲ੍ਹੇ। ਉਨ੍ਹਾਂ ਵਿੱਚੋਂ ਇੱਕ ਵਿੱਚ ਕ੍ਰੀਮ ਬਿਸਕੁਟ ਦਾ ਇੱਕ ਖਾਲੀ ਰੈਪਰ ਹੈ। ਆਪਣੀ ਮੁੱਠੀ ਵਿੱਚ ਰੈਪਰ ਨੂੰ ਮਰੋੜਦਿਆਂ, ਉਹ ਰਾਹੁਲ ਕੋਲ਼ ਜਾਂਦੀ ਹੈ ਅਤੇ ਅਚਾਨਕ ਦਰਵਾਜ਼ੇ 'ਤੇ ਭਾਨੂ ਨੂੰ ਖੜ੍ਹਾ ਦੇਖਦੀ ਹੈ, ਜੋ ਆਪਣੇ ਮੂੰਹ 'ਤੇ ਬੰਨ੍ਹਿਆ ਰੁਮਾਲ ਖੋਲ੍ਹ ਰਿਹਾ ਹੈ ਅਤੇ ਲੰਬਾ ਸਾਹ ਲੈ ਬਰੂਹਾਂ 'ਤੇ ਹੀ ਬਹਿ ਜਾਂਦਾ ਹੈ। ਰਾਹੁਲ ਆਪਣੇ ਪਿਤਾ ਦੇ ਹੱਥੋਂ ਝੋਲ਼ਾ ਖੋਹਣ ਲਈ ਉਤਸ਼ਾਹ ਵਿੱਚ ਦੌੜਦਾ ਹੈ।
''ਤੁਸੀਂ ਘਰ ਆ ਗਏ? ਰਾਹੁਲ, ਪਾਪਾ ਨੂੰ ਪਾਣੀ ਦੇ, ਪਲੀਜ਼।''
ਭਾਨੂ ਠੇਕੇਦਾਰ ਦੇ ਨਾਲ਼ ਹੋਈ ਆਪਣੀ ਮੀਟਿੰਗ ਨੂੰ ਕੋਈ ਹਜ਼ਾਰ ਵਾਰੀਂ ਆਪਣੇ ਦਿਮਾਗ਼ ਵਿੱਚ ਦੁਹਰਾ ਚੁੱਕਾ ਹੈ।
''ਪਾਪਾ, ਪਾਣੀ... ਪਾਪਾ... ਆ ਲਓ ਫੜ੍ਹੋ। ਤੁਹਾਨੂੰ ਕੋਈ ਬਿਸਕੁਟ ਮਿਲ਼ਿਆ, ਮਿਲ਼ਿਆ?'' ਰਾਹੁਲ ਨੇ ਉਹਦਾ ਮੋਢਾ ਹਲੂਣਿਆ।
ਭਾਨੂ, ਰਾਹੁਲ ਦੇ ਹੱਥੋਂ ਗਲਾਸ ਫੜ੍ਹ ਲੈਂਦਾ ਹੈ ਤੇ ਚੁੱਪਚਾਪ ਪਾਣੀ ਪੀਣ ਲੱਗਦਾ ਹੈ।
''ਠੇਕੇਦਾਰ ਨੇ ਕੋਈ ਪੈਸਾ ਨਹੀਂ ਦਿੱਤਾ ਤੇ ਕਿਹਾ ਕਿ ਇੱਕ ਹੋਰ ਮਹੀਨੇ ਤੱਕ ਕੰਮ ਸ਼ੁਰੂ ਨਹੀਂ ਹੋਣਾ।'' ਉਹ ਗੱਲ ਕਰਦਿਆਂ ਸਰਿਤਾ ਨੂੰ ਦੇਖਦਾ ਹੈ।
ਉਹ ਢਿੱਡ ਦੇ ਉੱਭਾਰ 'ਤੇ ਆਪਣਾ ਹੱਥ ਫੇਰਦੀ ਹੈ। ਉਹ ਅੰਦਰ ਪਲ਼ ਰਹੇ ਬੱਚੇ ਨੂੰ ਅਰਾਮ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਉਸ ਤੋਂ ਅਰਾਮ ਪਾਉਣ ਦੀ ਕੋਸ਼ਿਸ਼, ਇਹ ਕਹਿਣਾ ਮੁਸ਼ਕਲ ਹੈ।
''ਸਰਕਾਰ ਨੇ ਸਾਰਾ ਕੁਝ ਬੰਦ ਕਰ ਦਿੱਤਾ ਹੈ,'' ਭਾਨੂ ਆਪਣੀ ਗੱਲ ਜਾਰੀ ਰੱਖਦਾ ਹੈ,''ਬਿਮਾਰੀ ਜੋ ਹੈ। ਕੰਮ ਦੋਬਾਰਾ ਕਦੋਂ ਸ਼ੁਰੂ ਹੋਵੇਗਾ ਤੇ ਇਸ ਬਾਰੇ ਸਿਰਫ਼ ਸਰਕਾਰ ਹੀ ਦੱਸ ਸਕਦੀ ਹੈ।''
''ਬਿਨਾ ਪੈਸੇ ਦੇ ਡੇਢ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ। ਦਾਲ਼ ਤੇ ਚੌਲ਼, ਕੁਝ ਨਾ ਬਚਿਆ... ਅਸੀਂ ਦੂਸਰਿਆਂ ਦੇ ਰਹਿਮ 'ਤੇ ਕਦੋਂ ਤੱਕ ਜਿਊਂਦੇ ਰਹਾਂਗੇ?''
“ਮੈਨੂੰ ਤੁਹਾਨੂੰ ਇੱਥੇ ਨਹੀਂ ਸੀ ਲਿਆਉਣਾ ਚਾਹੀਦਾ,” ਭਾਨੂ ਦੀ ਅਵਾਜ਼ ਵਿੱਚ ਪਛਤਾਵਾ ਸੀ। “ਤੈਨੂੰ ਇਸ ਹਾਲਤ ਵਿੱਚ... ਲੋੜੀਂਦਾ ਭੋਜਨ ਵੀ ਨਹੀਂ ਦੇ ਪਾ ਰਿਹਾ। ਜੇ ਕੁਝ ਹੋਰ ਮਹੀਨੇ ਇਓਂ ਹੀ ਚੱਲਦਾ ਰਿਹਾ ਤਾਂ ਕੀ ਹੋਵੇਗਾ?”
ਗੁੱਸੇ ਵਿੱਚ ਉਹ ਮੁੱਕੀ ਵਟ ਲੈਂਦਾ ਹੈ। ਭਾਨੂ ਦਾ ਪਰਿਵਾਰ ਪਿਛਲੇ ਡੇਢ ਮਹੀਨੇ ਤੋਂ ਸਿਰਫ਼ ਇੱਕੋ ਡੰਗ ਖਾਣਾ ਖਾ ਰਿਹਾ ਹੈ — ਉਹ ਵੀ ਸਥਾਨਕ ਸੰਗਠਨ ਵੱਲੋਂ ਵੰਡੇ ਜਾਂਦੇ ਦਾਲ਼ ਤੇ ਚੌਲ਼ ਹੀ। ਇਹ ਸਭ ਸ਼ੁਰੂ ਹੋਣ ਤੋਂ ਪਹਿਲਾਂ, ਉਸਦਾ ਪਰਿਵਾਰ ਜਿਵੇਂ-ਕਿਵੇਂ ਕਰਕੇ ਹਰੀਆਂ ਸਬਜ਼ੀਆਂ, ਦੁੱਧ ਖਰੀਦ ਸਕਣ ਦੀ ਹਾਲਤ ਵਿੱਚ ਕੁਝ ਸੇਬ, ਸੰਤਰੇ, ਅੰਗੂਰ ਖਾ ਲੈਂਦਾ ਸੀ।





