ਸਾਡੀ ਕੋਰਕੂ ਭਾਈਚਾਰੇ ਵਿੱਚ ਬਾਘ ਦਾ ਖੇਤ ਵਿੱਚ ਪੈਰ ਪਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦੇ ਕਦਮਾਂ ਦੇ ਚਿੰਨ੍ਹ ਕਿਸਾਨ ਲਈ ਬਰਕਤ ਲੈ ਕੇ ਆਉਂਦੇ ਹਨ। ਸਾਰੇ ਪਾਸੇ ਖੁਸ਼ਹਾਲੀ ਆਉਂਦੀ ਹੈ।
ਮੇਰਾ ਨਾਮ ਰਾਮਲਾਲ ਹੈ ਅਤੇ ਮੇਰਾ ਜਨਮ ਮਹਾਰਾਸ਼ਟਰ ਦੇ ਮੇਲਘਾਟ ਬਾਘ ਰੱਖ (ਐੱਮ. ਟੀ. ਆਰ.) ਦੇ ਬਫ਼ਰ ਇਲਾਕੇ ਵਿੱਚ ਪੈਂਦੇ ਪਯਵਿਹਿਰ ਪਿੰਡ ਵਿੱਚ ਹੋਇਆ ਸੀ। ਅਤੇ ਮੈਂ, ਵਸੰਤ, ਐੱਮ. ਟੀ. ਆਰ. ਦੇ ਕੋਰ ਇਲਾਕੇ ਵਿੱਚ ਪੈਂਦੇ ਪਿੰਡ ਬੋਰਤਿਆਖੇੜਾ ਵਿੱਚ ਰਹਿੰਦਾ ਹਾਂ। ਅਸੀਂ ਦੋਵੇਂ ਕੋਰਕੂ ਕਬੀਲੇ ਨਾਲ਼ ਸਬੰਧ ਰੱਖਦੇ ਹਾਂ, ਅਤੇ ਸਾਡਾ ਪਰਿਵਾਰ ਕਈ ਪੀੜ੍ਹੀਆਂ ਤੋਂ ਇਹਨਾਂ ਜੰਗਲਾਂ ਵਿੱਚ ਰਹਿ ਰਿਹਾ ਹੈ।
ਅਸੀਂ ਇਹੀ ਸੁਣਦਿਆਂ ਵੱਡੇ ਹੋਏ ਹਾਂ ਕਿ ਗਾਈਆਂ ਅਤੇ ਬਲਦਾਂ ਦੇ ਗੋਹੇ ‘ਤੇ ਬਾਘ ਦੇ ਪੰਜਿਆਂ ਦੇ ਨਿਸ਼ਾਨ ਸ਼ੁੱਭ ਸੰਕੇਤ ਹੁੰਦੇ ਹਨ। ਨਿਸ਼ਾਨ ਵਾਲ਼ੇ ਇਨ੍ਹਾਂ ਗੋਹਿਆਂ ਨੂੰ ਦਾਣਿਆਂ ਵਾਲ਼ੇ ਕਮਰੇ ਵਿੱਚ ਰੱਖਿਆ ਜਾਂਦਾ ਸੀ ਕਿਉਂਕਿ ਇਸ ਨਾਲ਼ ਘਰ ਵਿੱਚ ਕਦੇ ਅਨਾਜ ਦੀ ਥੋੜ੍ਹ ਨਹੀਂ ਸੀ ਹੁੰਦੀ।
ਅਸੀਂ ਮੱਕੀ, ਜੁਆਰ, ਚੌਲ਼, ਕਣਕ, ਮੋਟੇ ਅਨਾਜ, ਸੋਇਆਬੀਨ, ਮੂੰਗਫ਼ਲੀ, ਸੂਰਜਮੁਖੀ, ਤਿਲ, ਅਰਹਰ, ਮੂੰਗੀ ਅਤੇ ਹੋਰ ਦਾਲਾਂ ਉਗਾਉਂਦੇ ਹਾਂ। ਇਸ ਵਿੱਚੋਂ ਜ਼ਿਆਦਾਤਰ ਅਸੀਂ ਘਰ ਦੀ ਵਰਤੋਂ ਲਈ ਰੱਖਦੇ ਹਾਂ ਅਤੇ ਕੁਝ ਹਿੱਸਾ ਵੇਚ ਦਿੰਦੇ ਹਾਂ। ਸਾਡੇ ਭਾਈਚਾਰੇ ਵਿੱਚੋਂ ਜ਼ਿਆਦਾਤਰ ਕਿਸਾਨਾਂ ਕੋਲ਼ ਜੰਗਲ ਦੀ ਜ਼ਮੀਨ ‘ਤੇ ਖੇਤੀ ਕਰਨ ਦੇ ਨਿੱਜੀ ਹੱਕ ਹਨ। ਅਸੀਂ ਬਾਰਿਸ਼ ‘ਤੇ ਨਿਰਭਰ ਹਾਂ, ਪਰ ਸਿੰਚਾਈ ਲਈ ਨੇੜਲੇ ਨਾਲਿਆਂ ਅਤੇ ਖੂਹਾਂ ਤੋਂ ਵੀ ਪਾਣੀ ਵਰਤ ਲੈਂਦੇ ਹਾਂ।
















