ਹਨ੍ਹੇਰੇ ਨਾਲ਼ ਘਿਰਿਆ ਇੱਕ ਮੰਚ ਦਰਸ਼ਕਾਂ ਦਾ ਸੁਆਗਤ ਕਰਦਾ ਹੈ। ਮੰਚ ਉੱਤੇ ਮੁੰਡਿਆਂ ਅਤੇ ਕੁੜੀਆਂ ਦੀਆਂ ਆਕ੍ਰਿਤੀਆਂ ਦਿਖਾਈ ਦਿੰਦੀਆਂ ਹਨ, ਜੋ ਕਿਸੇ ਚਬੂਤਰੇ ਵਰਗੀ ਥਾਂ 'ਤੇ ਖੜ੍ਹੀਆਂ ਹਨ। ਪਿਛੋਕੜ ਤੋਂ ਆਉਂਦੀ ਇੱਕ ਅਵਾਜ਼ ਕਹਿੰਦੀ ਹੈ,“ਹਰ ਸਾਲ ਉਪਰਲੇ ਪਹਾੜਾਂ ਤੋਂ ਨਦੀ ਨਾਲ਼ ਵਹਿ ਕੇ ਆਈ ਮਿੱਟੀ ਸਮੰਦਰ ਤੱਟ ਦੇ ਸਮਾਨਾਂਤਰ ਇਕੱਠੀ ਹੁੰਦੀ ਗਈ ਤੇ ਰੁਕੇ ਹੋਏ ਪਾਣੀ ਵਿੱਚ ਟਾਪੂ ਬਣਦੇ ਗਏ।” ਕੇਰਲਮ (ਪਹਿਲਾਂ ਕੇਰਲ) ਦੇ ਏਰਨਾਕੁਲਮ ਦੇ ਤਟੀ ਪਿੰਡਾਂ ਦੀ ਧਰਤੀ ਅਤੇ ਇਤਿਹਾਸ ਨਾਲ਼ ਦਰਸ਼ਕਾਂ ਨੂੰ ਜਾਣੂ ਕਰਾਉਂਦੀ ਇਹ ਆਵਾਜ਼ 1341 ਈ. ਤੋਂ ਸ਼ੁਰੂ ਕਰਦੀ ਹੋਈ ਇਸ ਥਾਂ ਦਾ ਇਤਿਹਾਸ ਸੁਣਾਉਂਦੀ ਹੈ, ਜਦ ਇਹ ਇਤਿਹਾਸਕ ਬੰਦਰਗਾਹ ਦਾ ਸ਼ਹਿਰ ਮੁਜ਼ਿਰਿਸ ਦਾ ਹਿੱਸਾ ਸੀ।
ਮੰਚ 'ਤੇ ਮੱਠੀ ਰੌਸ਼ਨੀ ਪੈਂਦੀ ਹੈ। ਸਾਹਮਣੇ ਇੱਕ ਘਰ ਦੇ ਕੋਲ਼ ਹੜ੍ਹ ਵਿੱਚ ਡੁੱਬੀ ਸੜਕ 'ਤੇ ਗੋਡਿਆਂ ਤੀਕਰ ਪਾਣੀ ਵਿੱਚ ਦਸ ਪਾਤਰ ਚਲ਼ਦੇ ਹੋਏ ਦਿਖਾਈ ਦਿੰਦੇ ਹਨ। ਉਹ ਪਾਣੀ ਵਿੱਚ ਭਾਰੀ, ਛਪ-ਛਪ ਕਰਦੇ ਕਦਮਾਂ ਨਾਲ਼ ਦਰਸ਼ਕਾਂ ਵੱਲ ਵਧਦੇ ਹਨ। ਪਿੱਛੇ ਵੱਜਦਾ ਸੰਗੀਤ ਹੌਲ਼ੀ-ਹੌਲ਼ੀ ਤੇਜ਼ ਹੋਣ ਲੱਗਦਾ ਹੈ ਤੇ ਉਸਦੀ ਅਵਾਜ਼ ਕਿਸੇ ਸਾਇਰਨ ਵਰਗੀ ਲੱਗਣ ਲੱਗਦੀ ਹੈ।
ਇਨ੍ਹਾਂ ਦਸ ਕਲਾਕਾਰਾਂ ਵਿੱਚ ਸ਼ੈਲਜਾ ਕੇ. ਐੱਸ. ਵੀ ਹਨ। ਇਸ ਨਾਟਕ ਦਾ ਨਾਂ ਹੈ – 'ਚੇਵਿੱਤੋਰਮਾ'। ਇਹ ਇੱਕ ਸਥਾਨਕ ਕੈਥੋਲਿਕ ਰਿਵਾਜ ਦਾ ਨਾਂ ਹੈ ਜਿਸ ਵਿੱਚ ਮੌਤ ਦੇ ਬਿਸਤਰੇ 'ਤੇ ਪਏ ਵਿਅਕਤੀ ਨੂੰ ਥੋੜ੍ਹਾ ਸਕੂਨ ਦੇਣ ਲਈ ਉਹਦੇ ਕੰਨ ਵਿੱਚ ਮੱਠੇ ਸੁਰ ਵਿੱਚ ਪ੍ਰਾਰਥਨਾ ਫੁਸਫੁਸਾਈ ਜਾਂਦੀ ਹੈ। ਇਸ ਨਾਟਕ ਵਿੱਚ ਅਭਿਨੈ ਕਰਨ ਵਾਲ਼ੇ ਹੋਰ ਲੋਕਾਂ ਵਾਂਗ, ਸ਼ੈਲਜਾ ਨੂੰ ਵੀ ਅਭਿਨੈ ਦਾ ਪਹਿਲਾਂ ਕੋਈ ਤਜ਼ਰਬਾ ਨਹੀਂ ਹੈ। ਦਰਅਸਲ, ਇਹ ਭਾਈਚਾਰਕ ਰੰਗਮਚ ਉਨ੍ਹਾਂ ਲਈ ਅਜਿਹੀ ਥਾਂ ਹੈ, ਜਿੱਥੇ ਹਕੀਕਤ ਅਤੇ ਕਲਪਨਾ ਵਿਚਕਾਰਲੀ ਹੱਦ ਧੁੰਦਲੀ ਹੋ ਜਾਂਦੀ ਹੈ।
''ਮੈਂ ਅਕਸਰ ਆਪਣੀ ਮਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਬਚਪਨ ਵਿੱਚ ਮੈਂ ਬਹੁਤ ਸ਼ਰਾਰਤੀ ਸਾਂ। ਨਹੀਂ, ਸਿਰਫ਼ ਸ਼ਰਾਰਤੀ ਹੀ ਨਹੀਂ, ਬਲਕਿ ਤੁਰਦੀ-ਫਿਰਦੀ ਤੂਫ਼ਾਨ ਸਾਂ। ਉਨ੍ਹੀਂ ਦਿਨੀਂ ਮੈਨੂੰ ਖਾਣਾ ਖੁਆਉਣ ਲਈ ਉਹ ਕਹਾਣੀਆਂ ਸੁਣਾਇਆ ਕਰਦੀ। ਕੋਸੇ-ਕੋਸੇ ਚੌਲ਼ਾਂ ਦੀ ਮਹਿਕ ਅਤੇ ਮੂੰਹ ਵਿੱਚ ਪਾਣੀ ਭਰ ਲਿਆ ਦੇਣ ਵਾਲ਼ਾ ਸਵਾਦ, ਉਸ 'ਤੇ ਨਾਰੀਅਲ ਦਾ ਥੋੜ੍ਹਾ-ਜਿਹਾ ਤੇਲ ਅਤੇ ਲੂਣ ਮਿਲ਼ਿਆ ਹੋਇਆ…! ਫਿਰ ਜਦੋਂ ਮੈਂ ਲਗਭਗ 12-13 ਸਾਲ ਦੀ ਸੀ, ਹੱਥ ਪੜ੍ਹਨ ਵਾਲ਼ਾ ਕੋਈ ਘਰ ਆਇਆ। ਉਸਨੇ ਮੇਰਾ ਹੱਥ ਦੇਖ ਕੇ ਕਿਹਾ,‘ਇਹ ਇੱਕ ਦਿਨ ਉਸ ਘਰ ਨੂੰ ਪੂਰੀ ਤਰ੍ਹਾਂ ਖਾਲੀ ਕਰ ਦੇਵੇਗੀ। ਲੂਣ ਦਾ ਆਖ਼ਰੀ ਦਾਣਾ ਤੱਕ ਲੈ ਜਾਏਗੀ!’ ਇਹ ਗੱਲ ਮੈਨੂੰ ਪਰੇਸ਼ਾਨ ਕਰਦੀ ਰਹੀ। ਕੀ ਮੈਂ ਸੱਚਮੁੱਚ ਕਦੇ ਅਜਿਹਾ ਕਰਾਂਗੀ? ਪਰ ਸਾਰੇ ਲੋਕ ਹੱਸਣ ਲੱਗੇ।
“ਕਈ ਸਾਲਾਂ ਬਾਅਦ, 2018 ਵਿੱਚ, ਮੇਰੀ ਮਾਂ ਮੇਰੇ ਨਾਲ਼ ਸੀ। ਵਿਚਾਰੀ, ਉਹ ਸਿਰਫ਼ ਕੁਝ ਦਿਨਾਂ ਲਈ ਮੇਰੇ ਕੋਲ਼ ਰਹਿਣ ਆਈ ਸੀ।” ਸ਼ੈਲਜਾ ਧਿਆਨ ਨਾਲ਼ ਸੁਣ ਰਹੇ ਦਰਸ਼ਕਾਂ ਨੂੰ ਹੜ੍ਹ ਤੋਂ ਐਨ ਬਾਅਦ ਆਪਣੀ ਮਾਂ ਨੂੰ ਗੁਆ ਲੈਣ ਦੀ ਕਹਾਣੀ ਸੁਣਾਉਂਦੇ ਹਨ। ਉਨ੍ਹਾਂ ਦੇ ਹੱਥ ਵਿੱਚ ਲੂਣ ਦੀ ਡੱਬੀ ਹੁੰਦੀ ਹੈ।
''ਇਹ ਨਾਟਕ ਸਮੂਹ ਇੱਕ ਪਰਿਵਾਰ ਵਾਂਗ ਹੈ। ਇਹਨੇ ਮੈਨੂੰ ਆਪਣੀ ਮਾਨਸਿਕ ਸਿਹਤ ਸੰਭਾਲ਼ਣ ਵਿੱਚ ਮਦਦ ਕੀਤੀ। ਮੈਂ ਜਾਣਿਆ ਕਿ ਮੈਂ ਵੀ ਕੁਝ ਕਰਨ ਅਤੇ ਸਮਾਜ ਨੂੰ ਕੁਝ ਵਾਪਸ ਦੇਣ ਯੋਗ ਹਾਂ,” ਲਗਭਗ 57 ਸਾਲਾਂ ਦੇ ਸਵੈ-ਰੁਜ਼ਗਾਰ ਕਰਨ ਵਾਲ਼ੀ ਸ਼ੈਲਜਾ ਮਾਣ ਨਾਲ਼ ਕਹਿੰਦੇ ਹਨ। ਉਹ ਖ਼ੁਦ ਨੂੰ ਘਰੇਲੂ ਔਰਤ ਕਹਿੰਦੇ ਹਨ, ਪਰ ਆਮਦਨੀ ਲਈ ਘਰ ਵਿੱਚ ਬਣਾਏ ਅਚਾਰ ਵੇਚਣ ਵਾਲ਼ੇ ਉੱਦਮੀ ਵੀ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਜਵੈਲਰੀ ਦੁਕਾਨ ਵਿੱਚ ਵਿਕਰੀਕਰਮੀ ਦੀ ਨੌਕਰੀ ਵੀ ਸ਼ੁਰੂ ਕੀਤੀ ਹੈ। “ਭਾਈਚਾਰਕ ਨਾਟਕ ਨੇ ਮੈਨੂੰ 2018 ਵਿੱਚ ਜੋ ਕੁਝ ਹੋਇਆ, ਉਸ ਤੋਂ ਬਾਹਰ ਨਿਕਲ਼ਣ ਅਤੇ ਇੱਥੇ ਦੂਜਿਆਂ ਨਾਲ਼ ਆਪਣਾ ਅਨੁਭਵ ਸਾਂਝਾ ਕਰਨ ਵਿੱਚ ਮਦਦ ਕੀਤੀ–ਖ਼ਾਸ ਕਰਕੇ ਉਨ੍ਹਾਂ ਲੋਕਾਂ ਨਾਲ਼ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਅਸੀਂ [ਸਮੁੰਦਰੀ ਹੜ੍ਹ ਨਾਲ਼] ਕਿਵੇਂ ਜੀਵੀਏ।''


















