‘ਹੂੰ ਜਾਨੋ, ਹੂੰ ਖਬਰ?’ (‘ਮੈਨੂੰ ਕੀ ਪਤਾ ਕਿ ਇਹ ਕੀ ਹੈ?’ ਸਥਾਨਕ ਬਾਗੜੀ ਬੋਲੀ ਵਿੱਚ)
ਰਾਜਸਥਾਨ ਦੇ ਬੰਸਵਾੜਾ ਜ਼ਿਲ੍ਹੇ ਦੇ ਬੋਰੀ, ਖਰਵੇੜਾ ਅਤੇ ਸੇਮਲੀਆ ਪਿੰਡਾਂ ਵਿੱਚ ਇਹਨਾਂ ਔਰਤਾਂ ਨਾਲ਼ ਗੱਲਬਾਤ ਕਰਦਿਆਂ ਮੈਂ ਦੇਖਿਆ ਕਿ ਜ਼ਿਆਦਾਤਰ ਜ਼ਮੀਨ ‘ਤੇ ਹੀ ਬੈਠਦੀਆਂ ਹਨ, ਜਾਂ ਚਟਾਈ ‘ਤੇ ਜਾਂ ਬਿਨਾਂ ਚਟਾਈ ਤੋਂ। ਆਦਮੀ ਅਤੇ ਬਜ਼ੁਰਗ ਹਮੇਸ਼ਾ ਕੁਰਸੀਆਂ ਜਾਂ ਮੰਜਿਆਂ ‘ਤੇ ਬੈਠਦੇ ਹਨ, ਪਰ ਮਰਦਾਂ ਦੀ ਮੌਜੂਦਗੀ ਵਿੱਚ ਬਜ਼ੁਰਗ ਔਰਤਾਂ ਵੀ ਜ਼ਮੀਨ ‘ਤੇ ਬੈਠਦੀਆਂ ਹਨ ਫ਼ਿਰ ਚਾਹੇ ਉਹ ਕਿੰਨੀਆਂ ਵੀ ਬਿਮਾਰ ਹੋਣ। ਇਹੀ ਰੁਝਾਨ ਬੱਚਿਆਂ ਵਿੱਚ ਵੀ ਹੈ- ਲੜਕੇ ਉੱਪਰ ਬੈਠਦੇ ਹਨ ਅਤੇ ਲੜਕਿਆਂ ਨਹੀਂ।
ਖਰਵੇੜਾ ਅਤੇ ਸੇਮਾਲੀਆ ਦੇ ਜ਼ਿਆਦਾਤਰ ਲੋਕ ਕਿਸਾਨ ਹਨ। ਇਹ ਲੋਕ ਰਿਵਾਇਤੀ ਤੌਰ ‘ਤੇ ਜੁਲਾਹੇ ਸਨ, ਪਰ ਕੁਝ ਪੀੜ੍ਹੀਆਂ ਤੋਂ ਇਹਨਾਂ ਨੇ ਇਹ ਕੰਮ ਬੰਦ ਕਰ ਦਿੱਤਾ ਹੈ। ਬੋਰੀ ਵਿੱਚ ਕੁਝ ਔਰਤਾਂ ਡੇਅਰੀ ਦਾ ਕੰਮ ਕਰਦੀਆਂ ਹਨ।
ਪੁੱਛਣ ‘ਤੇ ਉਹਨਾਂ ਸਭ ਨੇ ਇਹੀ ਕਿਹਾ ਕਿ ਔਰਤਾਂ ਦੇ ਜ਼ਮੀਨ ‘ਤੇ ਬੈਠਣ ਦਾ ਹੀ ਦਸਤੂਰ ਹੈ। ਵਿਆਹੇ ਜਾਣ ‘ਤੇ ਪਰਿਵਾਰ ਦੀ ਧੀ ਆਪਣੇ ਪੇਕੇ ਆ ਕੇ ਉੱਪਰ ਬੈਠ ਸਕਦੀ ਹੈ, ਪਰ ਨੂੰਹ ਨੂੰ ਜ਼ਮੀਨ ‘ਤੇ ਹੀ ਬੈਠਣਾ ਪਵੇਗਾ।
ਔਰਤਾਂ ਜ਼ਮੀਨ ‘ਤੇ ਸਿਰਫ਼ ਉਦੋਂ ਹੀ ਨਹੀਂ ਬੈਠਦੀਆਂ ਜਦ ਉਹ ਮਰਦਾਂ ਜਾਂ ਪਿੰਡ ਦੇ ਬਜ਼ੁਰਗਾਂ ਦੀ ਮੌਜੂਦਗੀ ਵਿੱਚ ਹੁੰਦੀਆਂ ਹਨ, ਬਲਕਿ ਉਦੋਂ ਵੀ ਜਦ ਮੇਰੇ ਵਰਗੇ ਮਹਿਮਾਨ ਨਜ਼ਦੀਕ ਹੁੰਦੇ ਹਨ- ਮਤਲਬ ਜਿਨ੍ਹਾਂ ਨੂੰ ਉਹ ਕਿਸੇ ਵੀ ਰੂਪ ਵਿੱਚ ਆਪਣੇ ਨਾਲੋਂ ਤਾਕਤਵਰ ਜਾਂ ਵਿਸ਼ੇਸ਼ ਸਮਝਦੀਆਂ ਹਨ।
ਅਸੀਂ ਹੌਲ਼ੀ ਹੌਲ਼ੀ ਇੱਕ ਸੈਲਫ਼ ਹੈਲਪ ਗਰੁੱਪ ਵਿੱਚ ਇਸ ‘ਤੇ ਚਰਚਾ ਸ਼ੁਰੂ ਕੀਤੀ। ਉਹ ਆਪਣੇ ਬਜ਼ੁਰਗਾਂ ਅਤੇ ਸਹੁਰੇ ਪਰਿਵਾਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀਆਂ। ਕੁਝ ਇਸ ਪ੍ਰਥਾ ਨੂੰ ਬਦਲਣਾ ਚਾਹੁੰਦੀਆਂ ਹਨ, ਅਤੇ ਕੁਝ ਨਹੀਂ।
ਸਮਾਂ ਪਾ ਕੇ, ਉਹ ਸਭ ਕਿਸੇ ਕੁਰਸੀ, ਮੰਜੇ ਜਾਂ ਉੱਚੀ ਥਾਂ ‘ਤੇ ਬੈਠ ਕੇ ਫ਼ੋਟੋ ਕਰਵਾਉਣ ਲਈ ਰਾਜ਼ੀ ਹੋਈਆਂ। ਉਹ ਅਕਸਰ ਇਸੇ ਗੱਲ ‘ਤੇ ਜ਼ੋਰ ਦਿੰਦੀਆਂ ਕਿ ਮੈਂ ਫ਼ੋਟੋ ਘਰ ਦੇ ਅੰਦਰ, ਜਾਂ ਪਿਛਲੇ ਵਿਹੜੇ ਵਿੱਚ, ਜਾਂ ਉਹਨਾਂ ਦੇ ਬੇਟਿਆਂ ਨੂੰ ਗੋਦੀ ਵਿੱਚ ਬਿਠਾ ਕੇ ਕਰਾਂ।
ਕੁਝ ਇਸ ਨੂੰ ਲੈ ਕੇ ਖੁਸ਼ ਸਨ, ਅਤੇ ਬਹੁਤੀਆਂ ਨੂੰ ਆਪਣੇ ਆਪ ਨੂੰ ਇਸ ਥੋੜ੍ਹ-ਚਿਰੀ ਪ੍ਰਤੀਕਾਤਮਕ ਉਚਾਈ ਲਈ ਬਹੁਤ ਤਿਆਰ ਕਰਨਾ ਪਿਆ।








