ਸਵੇਰ ਦੇ ਪੰਜ ਵੱਜੇ ਹਨ। ਸੂਰਜ ਨੇ ਅਜੇ ਆਪਣੀਆਂ ਕਿਰਨਾਂ ਬਿਖੇਰਨੀਆਂ ਸ਼ੁਰੂ ਵੀ ਨਹੀਂ ਕੀਤੀਆਂ, ਪਰ ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਛੋਟੇ ਪਿੰਡ ਹਥੂਆ ਵਿੱਚ ਦੋ ਵੱਖ-ਵੱਖ ਸੁਰ ਲੋਕਾਂ ਨੂੰ ਜਗਾ ਚੁੱਕੇ ਹਨ। ਇੱਕ ਪਾਸੇ ਕੁਝ ਮਸੀਤਾਂ ਦੀਆਂ ਮੀਨਾਰਾਂ 'ਚੋਂ ਮੁਅੱਜ਼ਿਨਾਂ ਦੀਆਂ ਅਵਾਜ਼ਾਂ ਵਿੱਚ ਗੂੰਜਦੀ ਅਜ਼ਾਨ ਹੈ, ਤਾਂ ਦੂਜੇ ਪਾਸੇ ਤਿੰਨ-ਚਾਰ ਮੰਦਰਾਂ 'ਚੋਂ ਉੱਠਦੇ ਭਜਨਾਂ ਦੇ ਸੁਰ। "ਅੱਲ੍ਹਾ ਹੂ ਅਕਬਰ! ਅੱਲ੍ਹਾ ਹੂ ਅਕਬਰ! ਅਸ਼ਹਦੁ ਅੱਲ੍ਹਾ ਇਲਾਹਾ ਇਲੱਲੱਲਾਹ..." ਦੀ ਮਿੱਠੀ ਪੁਕਾਰ ਮੰਜੀਰਿਆਂ ਦੀ ਲੈਅ 'ਤੇ ਗੂੰਜਦੇ "ਹਰੇ ਰਾਮ, ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਹਰੇ ਰਾਮ" ਦੇ ਕੀਰਤਨ ਵਿੱਚ ਘੁਲ਼-ਮਿਲ਼ ਜਾਂਦੀ ਹੈ ਅਤੇ ਓਦੋਂ ਹੀ, ਕਿਤੋਂ ਨੇੜਿਓਂ ਹੀ ਆਉਂਦੀ ਬੰਸਰੀ ਦੀ ਧੁਨ ਇਨ੍ਹਾਂ ਸਾਰੀਆਂ ਸੁਰਾਂ ਨੂੰ ਜਿਵੇਂ ਇੱਕ ਸਾਂਤ, ਸੁਰੀਲੀ ਗਾਨੀ ਵਿੱਚ ਪਿਰੋ ਦਿੰਦੀ ਹੈ।
ਇਸ ਬੰਸਰੀ ਦੀ ਮੋਹਕ ਧੁਨ ਅਤੇ ਇਸਨੂੰ ਵਜਾਉਣ ਵਾਲ਼ੇ ਕਲਾਕਾਰ ਨੂੰ ਮਿਲ਼ਣ ਦੀ ਉਤਸੁਕਤਾ ਮੈਨੂੰ 176 ਸਾਲ ਪੁਰਾਣੇ ਗੋਪਾਲ ਮੰਦਰ ਤੱਕ ਲੈ ਜਾਂਦੀ ਹੈ। ਉਸ ਸਮੇਂ ਦੀ ਹਥੂਆ ਮਹਾਰਾਣੀ ਸ਼ਿਆਮ ਸੁੰਦਰੀ ਕੁੰਵਰ ਵੱਲੋਂ 1850 ਤੋਂ 1866 ਦੇ ਦਰਮਿਆਨ ਬਣਵਾਇਆ ਇਹ ਮੰਦਰ ਪੁਰਾਣੇ ਕਿਲ੍ਹੇ, ਨਵੇਂ ਕਿਲ੍ਹੇ ਅਤੇ ਸੀਸ਼ ਮਹਲ ਨਾਲ਼ ਘਿਰਿਆ ਹੋਇਆ ਹੈ। ਲਗਭਗ 4,50,000 ਚਾਂਦੀ ਦੇ ਸਿੱਕਿਆਂ ਦੀ ਲਾਗਤ ਨਾਲ਼ ਬਣਿਆ ਇਹ ਸ਼ਾਨਦਾਰ ਮੰਦਰ, ਜਿਸ ਦੀ ਅੱਜ ਦੀ ਕੀਮਤ ਅਨੁਮਾਨਤ ਕੀਮਤ ਲਗਭਗ 55 ਕਰੋੜ ਰੁਪਏ ਮਾਪੀ ਜਾਂਦੀ ਹੈ, ਵੱਡੇ ਫਾਟਕਾਂ ਅਤੇ ਸੁਰੱਖਿਆ ਪ੍ਰਬੰਧ ਦੇ ਨਾਲ਼ ਅੱਜ ਵੀ ਆਪਣੀ ਸ਼ਾਨ ਬਿਖੇਰਦਾ ਹੈ। ਲਗਭਗ 14 ਏਕੜ ਵਿੱਚ ਫੈਲੇ ਇਸ ਪਰਿਸਰ ਵਿੱਚ ਬਾਗ਼-ਬਗ਼ੀਚੇ, ਫੁਆਰੇ, ਤਲਾਬ, ਸੰਸਕ੍ਰਿਤ ਯੂਨੀਵਰਸਿਟੀ ਦੀ ਇਮਾਰਤ ਅਤੇ ਕਈ ਕਮਰਿਆਂ ਵਾਲ਼ਾ ਮਸ਼ਹੂਰ ਮੰਦਰ ਸਥਿਤ ਹੈ।
ਇਹ ਮੰਦਰ ਕਦੇ ਹਥੂਆ ਰਿਆਸਤ ਉੱਤੇ ਹਕੂਮਤ ਕਰਨ ਵਾਲ਼ੇ ਦੇਸ਼ ਦੇ ਸਭ ਤੋਂ ਪੁਰਾਣੇ ਰਾਜ-ਪਰਿਵਾਰਾਂ ਵਿੱਚੋਂ ਇੱਕ ਦੇ ਵੰਸ਼ਜਾਂ ਦੀ ਨਿੱਜੀ ਸੰਪਤੀ ਹੈ। ਸਵੇਰ ਤੇ ਸ਼ਾਮ ਨੂੰ ਆਮ ਲੋਕਾਂ ਲਈ ਇਸਦੇ ਦਰਵਾਜੇ ਖੁੱਲ੍ਹਦੇ ਹਨ, ਜਦ ਕੁਝ ਭਗਤ ਦਰਸ਼ਨ ਕਰਨ ਆਉਂਦੇ ਹਨ। ਗਰਭਗ੍ਰਹਿ ਵਿੱਚ ਰਾਧਾ-ਕ੍ਰਿਸ਼ਨ ਦੀਆਂ ਮੂਰਤਾਂ ਦੇ ਸਾਹਮਣੇ ਪੁਜਾਰੀ ਆਰਤੀ ਕਰਦੇ ਹਨ। ਸਾਹਮਣੇ ਵਿਸ਼ਾਲ ਸਤੰਭਾਂ ਵਾਲ਼ੇ ਸਭਾ-ਹਾਲ ਵਿੱਚ ਫਰਸ਼ 'ਤੇ ਤਬਲਾ, ਹਰਮੋਨੀਅਮ ਅਤੇ ਮੰਜੀਰਾਂ ਨਾਲ਼ ਬੈਠੇ ਸੰਗੀਤਕਾਰ ਆਰਤੀ ਵਿੱਚ ਸੰਗਤ ਦਿੰਦੇ ਹਨ। ਇਨ੍ਹਾਂ ਹੀ ਕਲਾਕਾਰਾਂ ਵਿੱਚੋਂ ਹਨ ਮੁਹੰਮਦ ਸਗੀਰ ਅੰਸਾਰੀ, ਜਿਨ੍ਹਾਂ ਬਾਰੇ ਮੈਂ ਆਪਣੇ ਸਹਿਕਰਮੀਆਂ ਤੋਂ ਸੁਣਿਆ ਸੀ।
70 ਸਾਲਾ ਇਹ ਮੁਸਲਿਮ ਕਲਾਕਾਰ ਹਰ ਰੋਜ਼ ਗੋਪਾਲ ਮੰਦਰ ਵਿੱਚ ਆਪਣੀ ਬੰਸਰੀ ਭਗਵਾਨ ਨੂੰ ਸਮਰਪਿਤ ਕਰਦੇ ਹਨ। ਉਨ੍ਹਾਂ ਨੂੰ ਆਪਣੇ ਇਸ ਕੰਮ ਵਿੱਚ ਕੁਝ ਵੀ ਅਸਧਾਰਣ ਨਹੀਂ ਲੱਗਦਾ। ਉਹ ਕਹਿੰਦੇ ਹਨ,"ਸਾਰੇ ਇਨਸਾਨ ਬਰਾਬਰ ਹਨ। ਸਾਡੇ ਵਿੱਚ ਕੋਈ ਫ਼ਰਕ ਨਹੀਂ ਹੈ। ਸਾਨੂੰ ਆਪਸੀ ਸਦਭਾਵਨਾ ਨਾਲ਼ ਰਹਿਣਾ ਚਾਹੀਦਾ ਹੈ। ਯਹ ਏਕ ਗਿਆਨ ਹੈ ਜੋ ਖ਼ੁਦਾ ਨੇ ਮੁਝੇ ਦਿਯਾ ਹੈ, ਔਰ ਇਸ ਗਿਆਨ ਕੋ ਬਾਂਟਨੇ ਮੇਂ ਕੁਛ ਭੀ ਗ਼ਲਤ ਨਹੀਂ ਹੈ। ਮੈਂ ਪਿਛਲੇ ਦਸ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇੱਥੇ ਬੰਸਰੀ ਵਜਾ ਰਿਹਾ ਹਾਂ।"







