“ਉਹਨਾਂ ਨੇ ਮੇਰੇ ਦੋ ਘੜੇ ਚੋਰੀ ਕਰ ਲਏ!”
ਆਨੰਦ ਲੋਹਾਰ ਗੁੱਸੇ ਵਿੱਚ ਹਨ। ਉਹਨਾਂ ਦੇ ਦਿਨ ਦੀ ਸ਼ੁਰੂਆਤ ਹੀ ਬੁਰੀ ਹੋਈ ਹੈ। ਗੋਆਲਪਾਰਾ ਦੇ ਇਸ ਵਸਨੀਕ ਨੂੰ ਨਾ ਸਿਰਫ਼ ਘੜਿਆਂ ਵਿੱਚ ਇਕੱਠੇ ਹੋਏ ਰਸ ਦਾ ਨੁਕਸਾਨ ਹੋਇਆ ਹੈ ਬਲਕਿ 90 ਰੁਪਈਆਂ ਦਾ ਵੀ ਨੁਕਸਾਨ ਹੋਇਆ ਹੈ। ਇਹ ਉਹ ਦੋ ਘੜਿਆਂ ਦਾ ਮੁੱਲ ਸੀ ਜੋ ਉਹਨਾਂ ਨੇ ਆਪਣੇ ਘਰ ਤੋਂ ਤਿੰਨ ਕਿਲੋਮੀਟਰ ਦੂਰ ਸੋਨਾਝੁਰੀ ਤੋਂ ਖਰੀਦੇ ਸਨ।
ਆਨੰਦ ਜੀ ਨੂੰ ਘੜੇ ਖੇਜੂਰ ਜਾਂ ਖਜੂਰ (ਫ਼ੀਨਿਕਸ ਸਿਲਵੈਸਟ੍ਰਿਸ) ਦੇ ਦਰੱਖਤ ਤੋਂ ਰਸ ਇਕੱਠਾ ਕਰਨ ਲਈ ਚਾਹੀਦੇ ਹੁੰਦੇ ਹਨ। ਉਹ ਇੱਕ ਸ਼ਿਊਲੀ ਹਨ- ਇਹ ਸਥਾਨਕ ਨਾਮ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜੋ ਖਜੂਰ ਦੇ ਦਰੱਖਤ ਨੂੰ ਕੱਟ ਕੇ, ਉਸ ‘ਤੇ ਚੜ੍ਹ ਕੇ ਰਸ ਇਕੱਠਾ ਕਰਦੇ ਹਨ। ਇਹ ਮੌਸਮੀ ਕਿੱਤਾ ਅਕਤੂਬਰ ਤੋਂ ਜਨਵਰੀ ਤੱਕ ਚੱਲਦਾ ਹੈ, ਜਿਸ ਲਈ ਇਹ ਲੋਕ ਬੰਗਾਲੀ ਮਹੀਨੇ ਅਸ਼ਵਿਨ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਜੋ ਪੱਤਝੜ ਰੁੱਤ ਨਾਲ਼ ਮੇਲ਼ ਖਾਂਦਾ ਹੈ। ਇੱਕ ਵੱਖਰੀ ਗੱਲ ਕਰੀਏ ਤਾਂ, ਸ਼ਿਊਲੀ ਰਾਤ ਨੂੰ ਖਿੜਨ ਵਾਲ਼ੇ ਇੱਕ ਫੁੱਲ ਦਾ ਨਾਮ ਹੈ ਜੋ ਬੰਗਾਲ ਵਿੱਚ ਪੱਤਝੜ ਰੁੱਤ ਦੇ ਆਗਮਨ ਦਾ ਪ੍ਰਤੀਕ ਹੈ।
ਉਮਰ ਨਾਲ਼ ਕੁੱਬੇ ਹੋ ਚੁੱਕੇ ਇਹ 65-ਸਾਲਾ ਬਜ਼ੁਰਗ ਪਿਛਲੇ ਛੇ-ਸੱਤ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ ਜਦੋਂ ਬੋਲਪੁਰ ਵਿੱਚ ਸਥਿਤ ਉਹ ਇੱਟਾਂ ਦਾ ਭੱਠਾ ਬੰਦ ਹੋ ਗਿਆ ਜਿੱਥੇ ਉਹ ਕੰਮ ਕਰਦੇ ਸਨ।
ਆਨੰਦ ਜੀ ਘੜੇ ਚਲੇ ਜਾਣ ਨੂੰ ਲੈ ਕੇ ਪਰੇਸ਼ਾਨ ਹਨ ਅਤੇ ਬੁੜਬੁੜਾਉਂਦੇ ਹਨ, “ਹਰ ਰੁੱਤ ਵਿੱਚ ਇਹੀ ਹੁੰਦਾ ਹੈ।” ਅਸੀਂ ਅਗਲੇ ਦਰੱਖਤ ਵੱਲ ਜਾ ਰਹੇ ਹਾਂ ਜਿਸ ‘ਤੇ ਉਹਨਾਂ ਨੇ ਚੜ੍ਹਨਾ ਹੈ; ਸਾਡੇ ਪੈਰਾਂ ਹੇਠ ਖਜੂਰ ਦੇ ਸੁੱਕੇ ਪੱਤਿਆਂ ਦਾ ਸ਼ੋਰ ਹੈ। ਦਸੰਬਰ ਦੀ ਸਰਦ ਸਵੇਰ ਹੈ ਅਤੇ ਆਨੰਦ ਜੀ ਨੇ ਠੰਡ ਤੋਂ ਬਚਣ ਲਈ ਸਿਰ ‘ਤੇ ਟੋਪੀ ਲਈ ਹੋਈ ਹੈ। ਉਹਨਾਂ ਨੇ ਜੋ ਦਰੱਖਤ ਠੇਕੇ ‘ਤੇ ਲਏ ਹਨ ਉਹ ਮਾਨਸਤਲਾ ਵਿਖੇ ਉਹਨਾਂ ਦੇ ਕੱਚੇ ਘਰ ਤੋਂ 300 ਮੀਟਰ ਦੀ ਦੂਰੀ ‘ਤੇ ਹਨ। ਪਰ ਇਸ ਦਮੇ ਦੇ ਮਰੀਜ਼ ਲਈ ਕਿਸੇ ਵੀ ਤਰੀਕੇ ਦਾ ਤਰੱਦਦ ਭਾਰੀ ਹੈ। ਅਤੇ ਵਾਪਸੀ ‘ਤੇ ਜਦ ਉਹਨਾਂ ਕੋਲ਼ ਸੱਤ ਤੋਂ ਅੱਠ ਕਿਲੋ ਤਾਜ਼ਾ ਰਸ ਹੁੰਦਾ ਹੈ ਤਾਂ ਇਹ ਸਫ਼ਰ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।


































