ਵਾਹ ਯਾ ਸਾਜ਼ ਕਿਸੇ ਬਾਲਗ਼ ਵਿਅਕਤੀ ਦੀ ਤਲ਼ੀ/ਹੱਥ ਵਿੱਚ ਆਸਾਨੀ ਨਾਲ਼ ਸਮਾ ਜਾਂਦਾ ਹੈ। ਸਿਰਫ਼ ਸਾਢੇ ਚਾਰ ਇੰਚ ਲੰਬਾ ਇਹ ਸਾਜ਼ ਵਾਹ (ਬਾਂਸ) ਨਾਲ਼ ਬਣਾਇਆ ਜਾਂਦਾ ਹੈ। "ਇਹ ਸਾਜ਼ ਰੋਮਾਂਸ ਦੀ ਨਿਸ਼ਾਨੀ ਹੈ," ਬਾਂਸ ਦੀ ਇਸ ਛੋਟੀ ਜਿਹੀ ਪੱਟੀ ਨੂੰ ਆਪਣੇ ਬੁੱਲ੍ਹਾਂ ਨਾਲ਼ ਛੂਹਾਉਂਦਿਆਂ ਨਾਪ ਲੋ ਨੇ ਕਿਹਾ।
ਨਾਪ ਪਹਿਲਾਂ ਮੋਨ ਜ਼ਿਲ੍ਹੇ ਵਿੱਚ ਖੇਤੀ ਕਰਿਆ ਕਰਦੇ ਸਨ। ਸਾਡੇ ਨਾਲ਼ ਗੱਲ ਕਰਦਿਆਂ, ਉਨ੍ਹਾਂ ਨੇ ਆਪਣੇ ਕਮੀਜ਼ ਦੀ ਬਾਂਹ ਵਿੱਚ ਟੰਗਿਆ ਛੋਟਾ ਜਿਹਾ ਸੰਗੀਤ ਸਾਜ਼ ਕੱਢਿਆ। ਆਪਣੇ ਖੱਬੇ ਹੱਥ ਨਾਲ਼ ਉਨ੍ਹਾਂ ਬਾਂਸ ਦਾ ਇੱਕ ਸਿਰਾ ਤੇ ਡੋਰੀ ਨੂੰ ਫੜ੍ਹਿਆ ਤੇ ਸੱਜੇ ਹੱਥ ਨਾਲ਼, ਉਨ੍ਹਾਂ ਲਮਕ ਰਹੀ ਰੰਗ-ਬਿਰੰਗੀ ਡੋਰੀ ਨੂੰ ਫੜ੍ਹੀ ਰੱਖਿਆ। ਇੰਝ ਉਨ੍ਹਾਂ ਸਾਜ਼ ਵਜਾਉਣਾ ਸ਼ੁਰੂ ਕਰ ਦਿੱਤਾ।
ਨਾਪ ਦੇ ਨਾਲ਼ ਉਨ੍ਹਾਂ ਦੀਆਂ ਬਚਪਨ ਦੀਆਂ ਸਹੇਲੀਆਂ ਯਿੰਗ ਲੀਹ ਅਤੇ ਨੀਯਲੀ ਬੈਠੀਆਂ ਹਨ। ਉਮਰ ਦੇ ਸੱਠਵੇਂ ਨੂੰ ਢੁਕੀਆਂ ਇਹ ਤਿੰਨੋਂ ਸਹੇਲੀਆਂ ਅਯੋਲਿਆਂਗ ਤਿਉਹਾਰ ਲਈ ਇਕੱਠੀਆਂ ਹੋਈਆਂ ਹਨ, ਜੋ ਮੋਨ ਪਿੰਡ ਵਿੱਚ ਬੈਪਟਿਸਟ ਚਰਚ ਦੇ ਨਾਲ਼ ਮੈਦਾਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।






