सकाळच्या पहरी कोण गोसावी गं दारी आला
काई सांगु बाई तुला वाढवी कशा गं भिकशा तू गं त्याला
असा सकाळच्या पारी धर्म चांगुणानी केला
धर्म चांगुणानी केला, अंगी देव तो गं राबवीला
असा धर्माचा डावू जिला येतो ना गं तिनी केला
नको म्हणू नासविला, देव उभा तो गं राहिला
हाच धर्माचा डावू कोण घालीतं गं पंगयती
काय म्हणं नासविला, पांडुरंग तो गं रंगतो संगयती
जिच्या कुळीला धर्म चा धर्म, तिच्या लेकीनी चालू केला
गेली लांब वनामधी देव तिथं, तिला साह्य झाला
पाची बोटाचा गं धर्म करी जिवाची सोडवणं
अशी वार्याच्या झगरीनी, कशी उडाली कवळी पानं
असा धर्माचा डावू देते केळीच्या पानावरी
काई यातं मिळाईला भुकेल्याची जाणं करी
आला माझ्या दारामधी देते प्यायला नितं पाणी
येम गेला फिरवूनी भुकेल्याची जाणं करी
असा धर्माचा डावू माझा मला तो गं मिळईला
गेली व्हती देऊळाला सारासारा तो गं कळईला
आस दुबळं-माझं-पण मला कुणी ते गं हिणविलं
देवाला ना जोडी हात, कसं शर्थीनी चालविलं
दुबळं-ना-माझं-पणं मारी वस्ताराला गाठी
किती नाव संभाळीला, सभा घेतल्याना माझ्या गोठी
असा दुबळ्यापणाला नको भाऊ तू रे डगमगू
असा निघूनी जाईल चंद्रावरीला रे काळा ढगू
आस दुबळ्यापणाला नको होऊस रे आयाहुया
आस निघूनी जाईल चंद्रावरली रे काळी साया
अशी दुबळ्यापणाईची कसा करतो हेळयणा
दुपारची सावली आला काखत रे झोळयणा
अशी दुबळ्यापणाईची कोण करीतो टिंगईल
तुझ्या मरणाच्या वेळी सारं काही तो सांगईल
दुबळ्यापणाईला काही बोलावरं तोडून
जाई मोगर्याची कळा गेली वार्यानी रे पडूनी
पूर्वी जलमाच्या किर्ती गेल्या जगात पांगून
नको मज लाडवू देते तुम्हांला रे सांगून
ਤੜਕਸਾਰ ਇਹ ਕੌਣ ਫ਼ਕੀਰਾ ਆਣ ਬੂਹੇ ਮੇਰੇ ਖੜ੍ਹ ਗਿਆ?
ਸਖੀਏ ਕੀ ਝੋਲ਼ੀ ਪਾਵਾਂ ਉਹਦੇ, ਮਨ ਇੱਥੇ ਹੀ ਅੜ ਗਿਆ!
ਇਓਂ ਹੀ ਸਵੇਰ-ਸਾਝਰੇ ਚਾਂਗੁਨਾ ਨੇ ਭਿਕਸ਼ਾ ਦਾ ਦਾਨ ਸੀ ਦਿੱਤਾ
ਦਿਆਲ਼ੂ ਦਿਲ ਨੇ ਮਨ ਅੰਦਰ ਜਿਓਂ ਈਸ਼ਵਰ ਨੂੰ ਹੀ ਬਿਠਾ ਲਿਤਾ
ਕਰੁਣਾ-ਰਹਿਮ ਧਰਮ ਹੈ ਉਹਦਾ, ਸੋ ਪਾਲਣ ਉਹ ਕਰਦੀ ਏ
ਹਮਦਰਦੀ ਦਾ ਮੁੱਲ ਬੜਾ ਏ, ਨਜ਼ਰ ਈਸ਼ਵਰ ਦੀ ਰਹਿੰਦੀ ਏ
ਭਲ਼ਾ ਕਰੇ ਜੋ ਦੂਜਿਆਂ ਦਾ, ਹਰ ਜ਼ਿੰਮੇਦਾਰੀ ਪਿਆ ਨਿਭਾਵੇ
ਕੁਝ ਬੇਕਾਰ ਨਾ ਜਾਵੇ ਉਹਦਾ, ਈਸ਼ਵਰ ਮਿਹਰ ਬਰਸਾਵੇ
ਧੀ-ਧਿਆਣੀ ਤਾਂ ਘਰਦਿਆਂ ਦੇ ਹੀ ਧਰਮ-ਰਾਹੇ ਚੱਲਦੀ ਏ
ਭਾਵੇਂ ਫਿਰ ਜੰਗਲ ਵੜ੍ਹ ਜਾਵੇ, ਈਸ਼ਵਰ ਦੀ ਨਜ਼ਰ ਸਵੱਲੀ ਏ
ਮੁਸ਼ਕਲ ਸਮੇਂ ਬਾਂਹ ਫੜ੍ਹਨਾ ਕਿਸੇ ਦੀ ਸੱਚਾ ਧਰਮ ਕਹਾਵੇ
ਲੋਕਾਂ ਵੱਲ ਨਾ ਕੰਨ ਧਰੋ ਕਿ ਫਿਰ ਸੁੱਕਾ ਪੱਤਾ ਉੱਡ ਜਾਵੇ
ਪਿਆਰ ਬਾਝੋਂ ਕੇਲੇ ਦੇ ਪੱਤੇ 'ਤੇ ਭੋਜ ਦਾ ਵੀ ਕੀ ਫਾਇਦਾ
ਭੁੱਖੇ ਨੂੰ ਭੋਜ ਕਰਾਉਣਾ ਵੀ ਹੈ ਦਿਆਲੂ ਬੰਦੇ ਦਾ ਮਾਦਾ
ਬਰੂਹੀਂ ਆਇਆ ਪਿਆਸਾ, ਰੋਜ਼ ਪਾਣੀ ਪਿਆਏ
ਯਮ ਵੀ ਪੁੱਠੇ ਪੈਰੀਂ ਮੁੜਜੇ ਜੇ ਦੁੱਖ ਇਹ ਥਿਆਏ
ਦਿਲ ਦੀ ਨਰਮਾਈ ਵੀ ਸਭ ਨਸੀਬ ਦੇ ਲੇਖੇ-ਜੋਖੇ ਨੇ
ਧਰਮ ਦੇ ਰਾਹੇ ਪੈ, ਮੰਦਰੀਂ ਜਾਣਾ ਸਭ ਲੇਖੇ-ਜੋਖੇ ਨੇ
ਮੇਰੀ ਗ਼ਰੀਬੀ ਦਾ ਹਰ ਕੋਈ ਕਰੇ ਅਪਮਾਨ ਇਓਂ
ਈਸ਼ਵਰ ਦਾ ਨਾਮ ਲੈ, ਜੀਵਨ-ਚੱਕੀ ਪੀਹੇ ਜਿਓਂ
ਮੈਂ ਗ਼ਰੀਬ ਹਾਂ, ਟਾਕੀਆਂ ਲਾ-ਲਾ ਤਨ ਢੱਕਦੀ ਫਿਰਾਂ
ਇਓਂ ਲਾਜ ਬਚਾਉਂਦੀ, ਲੋਕਾਂ ਦੇ ਤਾਅਨੇ ਸੁਣਦੀ ਰਹਾਂ
ਬੜੀ ਔਖੀ ਆ ਰਾਹੇ-ਹਯਾਤੀ, ਪਰ ਤੂੰ ਘਬਰਾਵੀਂ ਨਾ
ਇੱਕ ਦਿਨ ਦੇਖੀਂ ਚੰਨ ਦਾ ਇਹ ਦਾਗ਼ ਵੀ ਏ ਲੁਕ ਜਾਣਾ
ਹਾਂ ਗ਼ਰੀਬ ਕਮਜ਼ੋਰ ਨਹੀਂ, ਹੌਂਸਲਾ ਨਹੀਓਂ ਛੱਡਣਾ
ਕਾਲ਼ੇ ਬੱਦਲ ਨੇ ਉੱਡ ਜਾਣੇ, ਡਟੇ ਇਓਂ ਹੀ ਰਹਿਣਾ
ਕਿਵੇਂ ਦੁਨੀਆ ਗ਼ਰੀਬਾਂ-ਮਜ਼ਲੂਮਾਂ ਦਾ ਮਜ਼ਾਕ ਉਡਾਵੇ
ਦਿਨ ਵੇਲ਼ੇ ਤਾਂ ਪਰਛਾਵਾਂ ਵੀ ਇੱਕੋ ਥਾਂ ਨਾ ਟਿਕ ਪਾਵੇ
ਮੇਰੇ ਗ਼ਰੀਬ-ਮਜ਼ਲੂਮ ‘ਤੇ ਕੌਣ ਏ ਪਿਆ ਹੱਸਦਾ ਜੋ?
ਮੌਤ ਖੜ੍ਹੀ ਨੂੰ ਤੈਨੂੰ ਈਸ਼ਵਰ ਪਿਆ ਪੈਗ਼ਾਮ ਸੁਣਾਵੇ ਸੋ
ਮਾੜੀ ਕਹਿਣੀ ਮਲ਼ੂਕ ਦਿਲ 'ਤੇ ਡੂੰਘੀ ਸੱਟ ਪਈ ਮਾਰੇ
ਕਲ਼ੀ ਮੋਗਰੇ ਦੀ ਜਿਓਂ ਹਵਾ ਝੁੱਲਿਆਂ ਕਿਰ-ਕਿਰ ਜਾਵੇ
ਕੋਈ ਵੇਲ਼ਾ ਸੀ ਜਦ ਚੰਗਿਆਈ, ਦਿਆਲਤਾ ਹੀ ਵੱਸਦੀ ਸੀ
ਬਹੁਤਾ ਨਾ ਲਾਡ ਲਡਾ ਹੁਣ, ਸੱਚਾਈ ਕੌੜੀ ਹੀ ਲੱਗਣੀ ਸੀ
*ਗੋਸਾਵੀ: ਉਹ ਵਿਅਕਤੀ ਜਿਹਨੇ ਸੰਸਾਰਕ ਕਰਮਾਂ, ਮੋਹ-ਮਾਇਆ ਆਦਿ ਦਾ ਤਿਆਗ ਕਰ ਦਿੱਤਾ ਹੋਵੇ। ਉਹ ਇੱਟ-ਰੰਗੇ (ਗੇਰੂਏ ਰੰਗ ਦੇ) ਕੱਪੜੇ ਪਾਉਂਦਾ ਹੈ। ਉਹ ਇੱਕ ਜਾਤੀ ਦਾ ਨਾਮ ਵੀ ਹੈ ਜੋ ਧਾਰਮਿਕ ਕੰਮਾਂ ਵਿੱਚ ਮਗਨ ਰਹਿੰਦੀ ਹੈ।