ਜਦੋਂ ਇਸ ਕੱਚ ਦੇ ਸਿਪਰ ਨੂੰ ਪਟਨਾ ਦੀਆਂ ਸੜਕਾਂ 'ਤੇ ਘੁਮਾਇਆ ਜਾਂਦਾ ਹੈ ਤਾਂ ਉਸ ਵੇਲ਼ੇ ਗੁੰਬਦਨੁਮਾ ਲਿਸ਼ਕਾਂ ਮਾਰਦੇ ਢਾਂਚੇ 'ਤੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਹਨ। "ਤਲਵਾਰਾਂ ਤੋਂ ਲੈ ਕੇ ਢਾਲ ਤੱਕ, ਇੱਥੋਂ ਤੱਕ ਕਿ ਅਨਾਰ ਤੱਕ ਵੀ, ਜੋ ਤਲਵਾਰਾਂ ਦੇ ਤਿੱਖੇ ਸਿਰਿਆਂ ਵਿੱਚ ਦਾਖਲ ਹੁੰਦੇ ਜਾਪਦੇ ਹਨ, ਇਹ ਸਾਰੀਆਂ ਚੀਜ਼ਾਂ ਕੱਚ ਦੀਆਂ ਬਣੀਆਂ ਹੋਈਆਂ ਹਨ," ਨਜ਼ਰੇ ਇਮਾਮ ਸ਼ਹਿਰ ਦੇ ਮਾਣ ਨੂੰ ਦਰਸਾਉਣ ਵਾਲ਼ੇ 'ਕੱਚ ਦੇ ਸਿਪਰ' ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ।
ਬਹੁਤ ਹੀ ਵਧੀਆ ਸ਼ਿਲਪਕਾਰੀ ਨਾਲ਼ ਬਣਾਇਆ ਗਿਆ ਇਹ ਕੱਚ ਦਾ ਸਿਪਰ ਪਟਨਾ ਵਿੱਚ ਮੁਹੱਰਮ ਦੇ ਜਲੂਸਾਂ ਵਿੱਚ ਦਿਖਾਈ ਦਿੰਦਾ ਹੈ। ਜੰਗ ਦੇ ਮੈਦਾਨ ਵਿੱਚ ਲਿਜਾਏ ਜਾਣ ਵਾਲ਼ੇ ਹਥਿਆਰਾਂ ਨਾਲ਼ ਲੈਸ ਹਥਿਆਰ-ਘਰ ਦੀ ਯਾਦ ਦਿਵਾਉਂਦਾ ਹੈ, ਇਹ ਸਿਪਰ ਤਲਵਾਰਾਂ, ਢਾਲਾਂ, ਤੀਰਾਂ ਅਤੇ ਧਨੁਖਾਂ ਸਮੇਤ ਹਰ ਕਿਸਮ ਦੇ ਹਥਿਆਰਾਂ ਨਾਲ਼ ਸਜਿਆ ਹੋਇਆ ਹੈ। ਇਸ ਸਿਪਰ ਨੂੰ ਇੰਨੀ ਖੂਬਸੂਰਤੀ ਨਾਲ਼ ਸਜਾਇਆ ਗਿਆ ਹੈ ਕਿ ਸਜਾਵਟ ਦੇ ਕੰਮ ਲਈ ਘੱਟੋ ਘੱਟ ਇੱਕ ਦਰਜਨ ਕਾਰੀਗਰਾਂ ਦੀ ਲੋੜ ਹੁੰਦੀ ਹੈ।
ਇੱਥੋਂ ਸਿਰਫ਼ ਇੱਕ ਕਿਲੋਮੀਟਰ ਦੂਰ, ਪਟਨਾ ਸ਼ਹਿਰ ਦੇ ਦੱਖਣ ਵੱਲ, 40 ਸਾਲਾ ਮੁਹੰਮਦ ਨਿਸਾਰ ਨੇ ਹਾਲ-ਫਿਲਹਾਲ ਵਿੱਚ ਆਪਣੇ ਸਿਪਰ ਦਾ ਕੰਮ ਪੂਰਾ ਕੀਤਾ ਹੈ ਅਤੇ ਹੁਣ ਉਹ ਆਪਣੀ ਵਰਕਸ਼ਾਪ ਦੇ ਦਰਵਾਜ਼ੇ ਦੇ ਨੇੜੇ ਆਪਣੀਆਂ ਧੀਆਂ ਨਾਲ਼ ਖੜ੍ਹੇ ਹਨ ਅਤੇ ਆਪਣੀ ਕਾਰੀਗਰੀ ਨੂੰ ਆਖਰੀ ਨਜ਼ਰ ਦੇਖ ਰਹੇ ਹਨ। ਉਨ੍ਹਾਂ ਦੀ ਸ਼ਿਲਪਕਾਰੀ ਦਾ ਇਹ ਸ਼ਾਨਦਾਰ ਨਮੂਨਾ ਬਰਾਂਡੇ ਵਿੱਚ ਰੱਖਿਆ ਗਿਆ ਹੈ। ਨੇੜੇ ਹੀ, ਬਾਗ਼ ਕਾਲੂ ਖਾਂ ਦੇ ਪੁਰਾਣੇ ਖੇਤਰ ਵਿੱਚ, ਕੁਝ ਹੋਰ ਘਰ ਅਤੇ ਇੱਕ ਮਜ਼ਾਰ ਹੈ।
ਕਾਰੀਗਰ ਨਿਸਾਰ ਕਹਿੰਦੇ ਹਨ, "ਇਹ ਕੰਮ ਕਿਸੇ ਇੱਕ ਵਿਅਕਤੀ ਦੇ ਵੱਸ ਦਾ ਨਹੀਂ ਆ। ਇਸ ਲਈ ਵੱਖ-ਵੱਖ ਕਾਰੀਗਰਾਂ ਦੇ ਹੁਨਰ ਦੀ ਲੋੜ ਹੁੰਦੀ ਆ। ਕੁਝ ਬਿਹਾਰ ਦੇ ਸਥਾਨਕ ਲੋਕ ਹੁੰਦੇ ਹਨ, ਜਦੋਂ ਕਿ ਬਾਕੀ ਦੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਆਉਂਦੇ ਹਨ।''
ਉਹ ਆਰੀ, ਜ਼ਰਦਾਰੀ, ਕਸ਼ੀਦਾਕਾਰੀ ਅਤੇ ਛਾਪਾ ਨਗ ਅਤੇ ਕਦੀ-ਕਦੀ ਮੀਨਾਕਾਰੀ ਵਰਗੀ ਕਾਰੀਗਰੀ ਦੀ ਮਿਸਾਲ ਦਿੰਦੇ ਹਨ ਜਿਨ੍ਹਾਂ ਦਾ ਇਸਤੇਮਾਲ ਸਿਪਰ ਬਣਾਉਣ ਦੇ ਕੰਮ ਵਿੱਚ ਹੁੰਦਾ ਹੈ। (ਆਰੀ ਇੱਕ ਅਜਿਹੀ ਕਲਾਕਾਰੀ ਹੈ ਜਿਸ ਵਿੱਚ ਕੱਪੜੇ 'ਤੇ ਇੱਕ ਹੁੱਕ ਵਾਲ਼ੀ ਸੂਈ (ਕਰੋਸ਼ੀਏ ਦਾ ਹੀ ਇੱਕ ਰੂਪ) ਨਾਲ਼ ਬਰੀਕ ਕਢਾਈ ਕੀਤੀ ਜਾਂਦੀ ਹੈ; ਜ਼ਰਦਾਰੀ ਕਢਾਈ ਲਈ ਧਾਤੂ ਦੇ ਧਾਗੇ (ਤਿੱਲੇ) ਦੀ ਵਰਤੋਂ ਕਰਦੇ ਹਨ; ਕਸ਼ੀਦਾਕਾਰੀ ਬਿਹਾਰ ਵਿੱਚ ਕੀਤੀ ਜਾਣ ਵਾਲ਼ੀ ਇੱਕ ਕਸ਼ਮੀਰੀ ਸ਼ੈਲੀ ਦੀ ਕਢਾਈ ਹੈ, ਅਤੇ ਛਾਪਾ ਲੱਕੜ ਦੇ ਬਲਾਕਾਂ ਨਾਲ਼ ਕੀਤੀ ਜਾਂਦੀ ਹੈ ਜਿਸ ਵਿੱਚ ਧਾਤੂ ਦੇ ਰੰਗ ਇਸਤੇਮਾਲ ਕੀਤੇ ਜਾਂਦੇ ਹਨ)।
ਸਿਪਰ ਵਿੱਚ ਏਨਾਮਲ ਪੇਂਟ ਨਾਲ਼ ਹੋਣ ਵਾਲ਼ੀ ਮੀਨਾਕਾਰੀ ਤੇ ਨਗ ਦੀ ਕਲਾਕਾਰੀ ਵੀ ਹੁੰਦੀ ਹੈ ਜਿਸ ਵਿੱਚ ਬਾਰੀਕੀ ਨਾਲ਼ ਤਰਾਸ਼ੇ ਰਤਨਾਂ ਨੂੰ ਕੱਪੜੇ 'ਤੇ ਚਿਪਕਾਇਆ ਜਾਂਦਾ ਹੈ।



















