ਉਹ ਅਸੁੰਤਾ ਨੂੰ 'ਮਾਂ' ਕਹਿੰਦਾ ਹੈ, ਪਰ ਸੰਜਵੀਨੀ ਉਹਦਾ ਪੁੱਤ ਨਹੀਂ।
ਅਸੁੰਤਾ ਟੋਪੋ ਪੇਂਡੂ ਸਿਹਤ ਸੰਗਠਕ (ਆਰਐੱਚਚੋ) ਹਨ। ਉਹ ਧਰਮਜੈਗੜ੍ਹ ਦੇ ਨੇੜਲੇ ਮਿਰੀਗੁਡਾ ਦੇ ਉਪ-ਕੇਂਦਰ ਵਿਖੇ ਕੰਮ ਕਰਦੇ ਹਨ। ਉਹ ਇੱਥੇ ਪਿਛਲੇ ਦੋ ਦਹਾਕਿਆਂ ਤੋਂ ਸੇਵਾ ਕਰਦੇ ਰਹੇ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਇੱਕ ਹਾਈ-ਰਿਸਕ ਡਿਲਵਰੀ ਦੀ ਜ਼ਿੰਮੇਵਾਰੀ ਨਿਭਾਉਣੀ ਪਈ। ਮਾਂ ਦਾ ਲਹੂ ਦਬਾਅ ਬਹੁਤ ਹੀ ਉੱਚਾ ਸੀ, ਪਰ ਉਸਦਾ ਹੀਮੋਗਲੋਬਿਨ ਪੱਧਰ ਸੱਤ ਗ੍ਰਾਮ ਤੋਂ ਵੀ ਘੱਟ ਸੀ। "ਸਾਡੇ ਉਪ ਸਿਹਤ ਕੇਂਦਰ ਆਉਣ ਤੋਂ ਪਹਿਲਾਂ ਹੀ ਉਹਨੂੰ ਦਰਦਾਂ ਲੱਗ ਚੁੱਕੀਆਂ ਸਨ। ਇਸ ਤੋਂ ਪਹਿਲਾਂ ਕਿ ਅਸੀਂ ਉਸਨੂੰ ਬਿਸਤਰੇ 'ਤੇ ਲਿਟਾਉਂਦੇ, ਬੱਚਾ ਪੈਦਾ ਹੋ ਗਿਆ," ਅਸੁੰਤਾ ਯਾਦ ਕਰਦੇ ਹਨ।
ਉਪ ਸਵਾਸਥਿਆ ਕੇਂਦਰ ਨਾਮ ਦੇ ਸਾਡੇ ਇਸ ਸਿਹਤ ਉਪ-ਕੇਂਦਰ ਵਿੱਚ ਪੈਦਾ ਹੋਏ ਇਸ ਬੱਚੇ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। "ਸਾਡੇ ਕੋਲ਼ ਆਕਸੀਜਨ ਦੀ ਸਹੂਲਤ ਵੀ ਨਹੀਂ ਸੀ। ਜੱਚੇ ਤੇ ਬੱਚੇ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ," ਅਸੁੰਤਾ ਯਾਦ ਕਰਦੇ ਹਨ। ਮਾਂ ਦਾ ਬਹੁਤ ਖ਼ੂਨ ਵਹਿ ਚੁੱਕਾ ਸੀ। ਅਸੁੰਤਾ ਦਾ ਯਕੀਨ ਨਹੀਂ ਬੱਝ ਰਿਹਾ ਸੀ ਕਿ ਉਹ ਜੱਚੇ ਤੇ ਬੱਚੇ ਨੂੰ ਸਾਂਭ ਵੀ ਸਕਣਗੇ ਜਾਂ ਨਹੀਂ।
''ਸਭ ਤੋਂ ਪਹਿਲਾਂ ਅਸੀਂ ਮਾਂ-ਪੁੱਤ ਨੂੰ ਧਰਮਜੈਗੜ੍ਹ ਲੈ ਕੇ ਗਏ। ਉੱਥੇ ਇੱਕ ਡਾਕਟਰ ਸੀ, ਮੈਂ ਉਸਦਾ ਨਾਮ ਵੀ ਨਹੀਂ ਲੈਣਾ ਚਾਹੁੰਦੀ। ਉਹਨੇ ਸਾਡੇ ਇਸ ਕਦਮ 'ਤੇ ਨਿਰਾਸ਼ ਹੁੰਦਿਆਂ ਕਿਹਾ ਕਿ ਅਸੀਂ ਇੰਨੀ ਗੰਭੀਰ ਹਾਲਤ ਵਿੱਚ ਇਨ੍ਹਾਂ ਨੂੰ ਇੱਥੇ ਕਿਉਂ ਲਿਆਏ ਹਾਂ?'' ਉਹ ਚੇਤੇ ਕਰਦੇ ਹਨ। ਪਰ ਅਸੁੰਤਾ ਡਾਕਟਰ ਤੱਕ ਨਾਲ਼ ਲੜ ਗਏ। ''ਮੈਂ ਉਸ ਨੂੰ ਕਿਹਾ ਜੇ ਤੂੰ ਨਹੀਂ ਸਾਂਭ ਸਕਦੀ ਤਾਂ ਰਹਿਣ ਦੇ। ਪਰ ਘੱਟੋ-ਘੱਟ ਮੇਰੀ ਮਦਦ ਤਾਂ ਕਰ ਦੇ। ਇੰਨਾ ਸੁਣ ਉਹ ਨਰਾਜ਼ ਹੋ ਗਈ।''
ਅਸੁੰਤਾ ਨੇ ਕਾਹਲੀ ਹੱਥੀਂ ਬੱਚੇ ਨੂੰ ਚੁੱਕਿਆ ਤੇ ਐਂਬੂਲੈਂਸ ਵਿੱਚ ਲਿਟਾ ਦਿੱਤਾ। ਇਸ ਦੌਰਾਨ ਡਾਕਟਰ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਬੱਚੇ ਨੂੰ ਇੱਕ ਟੀਕਾ ਲਾ ਦਿੱਤਾ। ਅਸੁੰਤਾ ਦੱਸਦੇ ਹਨ ਕਿ ਉਨ੍ਹਾਂ ਦੇ ਨਾਲ਼ ਮੌਜੂਦ ਮਿਤਾਨਿਨ (ਆਸ਼ਾ ਵਰਕਰ) ਨੇ ਬਹੁਤ ਸਹਾਇਤਾ ਕੀਤੀ, ਖ਼ਾਸ ਕਰਕੇ ਜਦੋਂ ਅਸੁੰਤਾ ਬੱਚੇ ਦੇ ਮੂੰਹ ਨਾਲ਼ ਮੂੰਹ ਜੋੜ ਕੇ ਉਹਦੇ ਸਾਹ ਚਲਾਉਣ ਲਈ ਸੰਘਰਸ਼ ਕਰ ਰਹੇ ਸਨ।











