ਪ੍ਰਿਯੰਕਾ ਇੱਕ ਤੇਜ਼ ਦੌੜਾਕ ਹਨ ਅਤੇ ਉਹਨਾਂ ਦੇ ਪਿਤਾ ਲਾਲ ਦੇਓ ਓਰਾਓਂ ਬੜੇ ਮਾਣ ਨਾਲ਼ ਆਪਣੀ 18 ਸਾਲਾ ਧੀ ਦੀ ਰਫ਼ਤਾਰ ਬਾਰੇ ਗੱਲ ਕਰਦੇ ਹਨ। “ਬਹੁਤ ਤੇਜ਼ ਦੌੜਤੀ ਥੀ ਬਚਪਨ ਸੇ [ਛੋਟੇ ਹੁੰਦਿਆਂ ਤੋਂ ਹੀ ਬਹੁਤ ਤੇਜ਼ ਦੌੜਦੀ ਸੀ],” ਉਹ ਕਹਿੰਦੇ ਹਨ।
ਇਸ ਦਿਹਾੜੀਦਾਰ ਮਜ਼ਦੂਰ ਦੇ ਚਾਰ ਬੱਚਿਆਂ ਵਿੱਚੋਂ ਸਭ ਤੋਂ ਵੱਡੀ, ਪ੍ਰਿਯੰਕਾ ਅਰਧ ਸੈਨਿਕ ਬਲ ਦੀ ਸਾਂਝੀ ਦਾਖਲਾ ਪ੍ਰੀਖਿਆ- ਐੱਸ. ਐੱਸ. ਸੀ. ਜੀ. ਡੀ. ਦੀ ਤਿਆਰੀ ਕਰ ਰਹੀ ਹੈ।
“ਹਮਕੋ ਵਰਦੀ ਪਹਿਨਨਾ ਹੈ [ਮੈਂ ਵਰਦੀ ਪਹਿਨਣਾ ਚਾਹੁੰਦੀ ਹਾਂ],” ਉਹ ਸ਼ਰਮਾਉਂਦਿਆਂ ਕਹਿੰਦੀ ਹੈ।
ਪ੍ਰਿਯੰਕਾ ਇੱਕ ਅਜਿਹੀ ਪ੍ਰੀਖਿਆ ਲਈ ਤਿਆਰੀ ਕਰ ਰਹੀ ਹੈ ਜਿਸ ਲਈ ਸ਼ਾਇਦ ਹੁਣ ਉਹ ਯੋਗ ਵੀ ਨਹੀਂ ਹੈ। ਅਰਧ ਸੈਨਿਕ ਬਲ ਲਈ ਡਾਕਟਰੀ ਜਾਂਚ ਵਿੱਚ ਫ਼ਲੂਰੋਸਿਸ ਲਈ ਜਾਂਚ ਕੀਤੀ ਜਾਂਦੀ ਹੈ, ਅਤੇ ਉਹਨਾਂ ਦੇ ਦੰਦਾਂ ‘ਤੇ ਪਏ ਧੱਬੇ ਅਤੇ ਜੋੜਾਂ ਦਾ ਦਰਦ ਜੋ ਇਸ ਬਿਮਾਰੀ ਦੇ ਲੱਛਣ ਹਨ- ਉਹਨਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਲਈ ਕਾਫ਼ੀ ਹਨ।
ਪਿਛਲੇ ਨਵੰਬਰ ਮਹੀਨੇ ਵਿੱਚ ਉਹਨਾਂ ਨੇ ਆਪਣੇ ਪਿੰਡ ਦੇ ਨੇੜੇ ਖੁੱਲ੍ਹੇ ਖੇਤਾਂ ਵਿੱਚ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦਾ ਟੀਚਾ ਸੀ 8.5 ਮਿੰਟਾਂ ਵਿੱਚ 1,600 ਮੀਟਰ ਪੂਰਾ ਕਰਨਾ। “ਪਹਿਲਾ ਦਿਨ ਹਮ 7 ਮਿਨਟ ਮੇਂ ਹੀ ਦੌੜ ਗਏ [ਪਹਿਲੇ ਦਿਨ ਮੈਂ 7 ਮਿੰਟਾਂ ਵਿੱਚ ਹੀ ਭੱਜ ਲਈ ਸੀ],” ਪ੍ਰਿਯੰਕਾ ਬੜੇ ਮਾਣ ਨਾਲ਼ ਦੱਸਦੀ ਹੈ।
ਪਰ ਉਸ ਪਹਿਲੀ ਦੌੜ ਤੋਂ ਬਾਅਦ ਦਰਦ ਦੀ ਸ਼ੁਰੂਆਤ ਹੋਈ, ਜਿਸ ਦਾ ਮੁੱਢ ਗੋਡਿਆਂ ਤੋਂ ਬੱਝਾ। ਉਹਨਾਂ ਦੇ ਪਿਤਾ ਨੇ ਦਰਦ ਦੀ ਦਵਾਈ ਲੈਣ ਦੀ ਸਲਾਹ ਦਿੱਤੀ ਜਿਸ ਨੂੰ ਉਹਨਾਂ ਨੇ ਨਕਾਰ ਦਿੱਤਾ। “ਜੇ ਮੈਂ ਇੱਕ ਵਾਰੀ ਲੈ ਲਈ ਤਾਂ ਆਦਤ ਬਣ ਜਾਵੇਗੀ।” ਉਹਨਾਂ ਦੇ ਆਲ਼ੇ ਦੁਆਲ਼ੇ ਜਿੰਨੇ ਵਿਅਸਕ ਹਨ ਉਹ ਦਰਦ ਵੱਸੋਂ ਬਾਹਰ ਹੋਣ ‘ਤੇ ਦਰਦ ਨਿਵਾਰਕ ਦਵਾਈ ਦਾ ਹੀ ਸਹਾਰਾ ਲੈਂਦੇ ਹਨ। ਝਾਰਖੰਡ ਦੇ ਪਾਲਮੂ ਜਿਲ੍ਹੇ ਵਿੱਚ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਇਹੀ ਕੁਝ ਦੇਖਿਆ ਹੈ।
ਚੁਕਰੂ ਦੇ ਵਸਨੀਕ ਜੋ ਜ਼ਿਆਦਾਤਰ ਅਨੁਸੂਚਿਤ ਜਨਜਾਤੀ ਭਾਈਚਾਰੇ ਤੋਂ ਹਨ, ਫ਼ਲੂਰੋਸਿਸ ਦੇ ਮਰੀਜ਼ ਹਨ, ਜੋ ਕਿ ਪੀਣ ਵਾਲ਼ੇ ਪਾਣੀ ਵਿੱਚ ਫ਼ਲੂਰਾਈਡ ਦੀ ਹੱਦ ਤੋਂ ਵੱਧ ਮਾਤਰਾ ਕਾਰਨ ਹੋਣ ਵਾਲ਼ੀ ਲਾਇਲਾਜ ਮਰਜ਼ ਹੈ। ਫ਼ਲੂਰਾਈਡ ਕੁਦਰਤੀ ਤੌਰ ‘ਤੇ ਪੱਥਰਾਂ, ਮਿਤੀ ਅਤੇ ਜ਼ਮੀਨਦੋਜ਼ ਪਾਣੀ ਵਿੱਚ ਪਾਇਆ ਜਾਂਦਾ ਹੈ। ਪਾਲਮੂ ਵਿੱਚ ਮਿੱਟੀ ਹੇਠਲੀ ਪੱਕੀ ਚੱਟਾਨ ਵਿੱਚ ਗਨੀਸ ਅਤੇ ਗ੍ਰੇਨਾਇਟ ਦੀ ਭਰਮਾਰ ਹੈ ਜਿਸ ਵਿੱਚ ਫ਼ਲੂਰਾਈਡ ਵਾਲ਼ੇ ਖਣਿਜ ਭਾਰੀ ਮਾਤਰਾ ਵਿੱਚ ਮੌਜੂਦ ਹਨ। ਜਦ ਪਾਣੀ ਇਸ ਵਿੱਚੋਂ ਜੀਰਦਾ ਹੈ ਤਾਂ ਫ਼ਲੂਰਾਈਡ ਪਾਣੀ ਵਿੱਚ ਘੁਲ ਜਾਂਦਾ ਹੈ।




























