“ਘਰ ਦੀਆਂ ਟੂਟੀਆਂ ਵਿੱਚ ਪਾਣੀ ਕਦੇ ਪੀਲਾ, ਕਦੇ ਨੀਲਾ ਕਾਲਾ ਜਾਂ ਝੱਗ ਵਾਲਾ ਆਉਂਦਾ ਹੈ। ਪਾਣੀ ਸੀਵਰੇਜ ਦੀ ਮੁਸ਼ਕ ਮਾਰਦਾ ਹੈ। ਅਸੀਂ ਪਿਛਲੇ ਛੇ ਮਹੀਨੇ ਤੋਂ ਇਹੀ ਪਾਣੀ ਵਰਤ ਰਹੇ ਹਾਂ,” ਪੱਛਮੀ ਦਿੱਲੀ ਦੇ ਪੀਰਾਗੜੀ ਪਿੰਡ ਵਿੱਚ ਰਹਿਣ ਵਾਲੇ 22 ਸਾਲਾ ਟੇਲਰ ਰੌਸ਼ਨ ਦਾ ਕਹਿਣਾ ਹੈ। ਉਹ ਤਿੰਨ ਦਿਨਾਂ ਤੋਂ ਲਗਾਤਾਰ ਪੇਟ ਦਰਦ ਅਤੇ ਬੁਖਾਰ ਤੋਂ ਪੀੜਿਤ ਹੈ। ਚਾਰ ਜਣਿਆਂ ਦੇ ਪਰਿਵਾਰ ਵਿੱਚੋਂ ਕੋਈ ਨਾ ਕੋਈ ਬਿਮਾਰ ਹੀ ਰਹਿੰਦਾ ਹੈ।
ਪੀਰਾਗੜੀ ਪਿੰਡ, ਜੋ ਕਦੇ ਰਾਜਧਾਨੀ ਦੇ ਬਾਹਰੀ ਇਲਾਕੇ ਵਿੱਚ ਸਥਿਤ ਸੀ, ਨੂੰ ਹੁਣ ਸ਼ਹਿਰ ਨਿਗਲ ਚੁੱਕਿਆ ਹੈ। ਇੱਥੇ ਟੂਟੀ ਦਾ ਦੂਸ਼ਿਤ ਪਾਣੀ ਪੀਣ ਨਾਲ ਦਰਜਨਾਂ ਨਿਵਾਸੀ ਪੇਟ ਦੀਆਂ ਬਿਮਾਰੀਆਂ ਜਾਂ ਤੇਜ਼ ਬੁਖਾਰ ਨਾਲ ਜੂਝ ਰਹੇ ਹਨ। ਜੂਨ 2024 ਤੋਂ ਇਸ ਇਲਾਕੇ ਦੇ ਲਗਭਗ 1,000 ਘਰਾਂ ਵਿੱਚ ਆਉਂਦੀ ਮਿਊਂਸੀਪਲ ਸਪਲਾਈ ਵਿੱਚ ਗੰਦੀ ਬੋ ਵਾਲ਼ਾ ਪਾਣੀ ਆ ਰਿਹਾ ਹੈ।
ਪੀਰਾਗੜੀ ਦੇ ਰਸਤੇ 'ਤੇ ਦਰਜਨਾਂ ਛੋਟੀਆਂ ਵੱਡੀਆਂ ਫੈਕਟਰੀਆਂ ਹਨ। ਸਥਾਨਕ ਲੋਕਾਂ ਅਨੁਸਾਰ ਕੋਈ ਦੋ ਦਹਾਕੇ ਪਹਿਲਾਂ ਤੱਕ ਇੱਥੇ ਮੁੱਖ ਤੌਰ ਤੇ ਪਲਾਸਟਿਕ ਦਾ ਸਮਾਨ ਬਣਾਉਣ ਵਾਲੀਆਂ ਫੈਕਟਰੀਆਂ ਸਨ। ਸਮਾਂ ਪਾ ਕੇ ਪੇਂਟ, ਡਾਈ, ਜੁੱਤੇ, ਬਿਜਲੀ ਉਪਕਰਣ ਅਤੇ ਮੋਟਰਾਂ, ਆਦਿ ਬਣਾਉਣ ਵਾਲੀਆਂ ਫੈਕਟਰੀਆਂ ਵੀ ਚਾਲੂ ਹੋ ਗਈਆਂ।
ਰੋਸ਼ਨ ਦੇ ਪਿਤਾ ਬਿਸਵਾਨਾਥ ਜੀ ਇਹਨਾਂ ਹੀ ਫੈਕਟਰੀਆਂ ਵਿੱਚੋਂ ਇੱਕ ਵਿੱਚ ਦਿਹਾੜੀ ਕਰਦੇ ਹਨ। ਜਦੋਂ 15 ਸਾਲ ਪਹਿਲਾਂ ਉਹ ਬਿਹਾਰ ਤੋਂ ਦਿੱਲੀ ਆਏ ਤਾਂ ਪੀਰਾਗੜੀ ਉਹਨਾਂ ਦਾ ਘਰ ਬਣ ਗਿਆ ਕਿਉਂਕਿ ਉਹਨਾਂ ਦੀ ਹਰ ਜ਼ਰੂਰਤ ਇੱਥੇ ਪੂਰੀ ਹੁੰਦੀ ਸੀ- ਰੋਜ਼ਗਾਰ, ਖਾਣਾ ਅਤੇ ਪਾਣੀ।
ਬਿਸਵਾਨਾਥ ਜੀ ਦੇ ਪਰਿਵਾਰ ਵਾਂਗ ਪੀਰਾਗੜੀ ਦੇ ਜਿਆਦਾਤਰ ਘਰ ਆਪਣੀ ਮਹੀਨਾਵਾਰ ਪਰਿਵਾਰਿਕ ਕਮਾਈ ਦਾ 10 ਪ੍ਰਤੀਸ਼ਤ ਹਿੱਸਾ ਰੋਜ਼ਾਨਾ ਔਸਤ 100 ਰੁਪਏ ਦੀ ਹਿਸਾਬ ਨਾਲ ਪੀਣ ਵਾਲੇ ਪਾਣੀ 'ਤੇ ਖਰਚ ਕਰ ਦਿੰਦੇ ਹਨ।














