ਸੰਜੈ ਗੋਪ (18 ਸਾਲ) ਕਦੇ ਤੁਰ ਨਹੀਂ ਪਾਏ ਅਤੇ ਪੂਰੀ ਉਮਰ ਵੀਲ੍ਹਚੇਅਰ 'ਤੇ ਰਹੇ ਹਨ। ਮੈਂ ਉਨ੍ਹਾਂ ਨਾਲ਼ ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਦੇ ਜਾਦੂਗੋੜਾ ਕਸਬੇ (ਜਨਗਣਨਾ ਵਿੱਚ ਜਾਦੂਗੋੜਾ ਦੇ ਤੌਰ 'ਤੇ ਸੂਚੀਬੱਧ) ਵਿੱਚ ਮੌਜੂਦ ਯੂਰੇਨੀਅਮ ਕੋਰਪੋਰੇਸ਼ਨ ਆਫ਼ ਇੰਡੀਆ ਲਿਮਿਟੇਡ (ਯੂਸੀਆਈਐਲ) ਦੀ ਖਾਨ ਤੋਂ ਲਗਭਗ ਛੇ ਕਿਲੋਮੀਟ ਸਥਿਤ ਪਿੰਡ ਬਾਂਗੋ ਵਿੱਚ ਮਿਲ਼ਿਆ।
ਭਾਰਤ ਸਰਕਾਰ ਦੀ ਇਕਾਈ, ਯੂਸੀ ਆਈ ਐੱਲ ਨੇ ਸਾਲ 1967 ਵਿੱਚ ਇੱਥੇ ਆਪਣੀ ਪਹਿਲੀ ਖਾਨ ਖੋਲ੍ਹੀ ਸੀ। ਜਾਦੂਗੋੜਾ ਅਤੇ ਆਸਪਾਸ ਵਾਲੀਆਂ ਛੇ ਹੋਰ ਖਾਣਾਂ ਤੋਂ ਨਿਕਲੇ ਖਣਿਜ (ਕੱਚੀ ਧਾਤ) ਨੂੰ ਯੇਲੋਕੇਕ (ਯੂਰੈਨੀਅਮ ਆਕਸਾਇਡ ਦਾ ਮਿਸ਼ਰਣ) ਵਿੱਚ ਬਦਲ ਕੇ ਹੈਦਰਾਬਾਦ ਦੇ ਪਰਮਾਣੂ ਬਾਲਣ ਕੰਪਲੈਕਸ ਨੂੰ ਭੇਜਿਆ ਜਾਂਦਾ ਹੈ।
ਜਦੋਂ ਸੰਜੈ ਦੋ ਸਾਲ ਦੇ ਸਨ ਅਤੇ ਉਨ੍ਹਾਂ ਨੇ ਤੁਰਨਾ ਵੀ ਨਹੀਂ ਸੀ ਸ਼ੁਰੂ ਕੀਤਾ, ਤਾਂ ਉਨ੍ਹਾਂ ਦੇ ਘਬਰਾਏ ਮਾਪੇ ਉਨ੍ਹਾਂ ਨੂੰ ਯੂਸੀਆਈਐੱਲ ਹਸਪਤਾਲ ਲੈ ਗਏ ਸਨ। ਉਨ੍ਹਾਂ ਦੇ ਪਿਤਾ ਇੱਕ ਦਿਹਾੜੀ ਮਜ਼ਦੂਰ ਹਨ, ਉਨ੍ਹਾਂ ਦੀ ਮਾਂ ਝੋਨੇ ਦੇ ਖੇਤਾਂ ਵਿੱਚ ਕੰਮ ਕਰਦੀ ਹੈ- ਜਿਵੇਂ ਕਿ ਇਨ੍ਹਾਂ ਪਿੰਡਾਂ ਦੇ ਬਹੁਤੇਰੇ ਲੋਕੀਂ ਕਰਦੇ ਹਨ। ਕੁਝ ਲੋਤ ਯੂਸੀਆਈਐੱਲ ਦੀਆਂ ਖਾਨਾਂ ਵਿੱਚ ਕੰਮ ਕਰਦੇ ਹਨ- ਦੂਜੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਕਦੇ ਪੂਰਾ ਨਹੀਂ ਕੀਤਾ ਗਿਆ। ਡਾਕਟਰਾਂ ਨੇ ਸੰਜੈ ਦੇ ਮਾਪਿਆਂ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਇਸਲਈ ਉਨ੍ਹਾਂ ਨੇ ਸਬਰ ਰੱਖਦਿਆਂ ਉਡੀਕ ਕੀਤੀ, ਪਰ ਉਨ੍ਹਾਂ ਦਾ ਪੁੱਤ ਕਦੇ ਤੁਰ ਨਾ ਸਕਿਆ।
ਸੰਜੈ, ਬਾਂਗੋ ਦੇ ਉਨ੍ਹਾਂ ਸਾਰੇ ਕਈ ਬੱਚਿਆਂ ਵਿੱਚੋਂ ਇੱਕ ਹਨ ਜੋ ਜਨਮਜਾਤ ਵਿਕਾਰ ਲੈ ਕੇ ਪੈਦਾ ਹੋਏ ਸਨ। ਕਾਫੀ ਸਾਰੇ ਬੱਚਿਆਂ ਦੀ ਇਨ੍ਹਾਂ ਕਾਰਨਾਂ ਕਰਕੇ ਹੀ ਮੌਤ ਹੋ ਗਈ। ਬਾਂਗੋ ਦੀ ਅਬਾਦੀ 800 (ਮਰਦਮਸ਼ੁਮਾਰੀ 2011) ਹੈ, ਇੱਥੋਂ ਦੇ ਬਹੁਤੇਰੇ ਲੋਕੀਂ ਸੰਥਾਲ, ਮੁੰਡਾ, ਓਰਾਂਓ, ਹੋ, ਭੂਮਿਜ ਤੇ ਖਾਰੀਆ ਕਬੀਲਿਆਂ ਨਾਲ਼ ਤਾਅਲੁੱਕ ਰੱਖਦੇ ਹਨ। ਇੰਡੀਅਨ ਡਾਕਟਰਸ ਫਾਰ ਪੀਸ ਐਂਡ ਡਿਵਲਪਮੈਂਟ ਨਾਮਕ ਇੱਕ ਸਮੂਹ ਵੱਲੋਂ ਸਾਲ 2007 ਵਿੱਚ ਕੀਤੇ ਗਏ ਇੱਕ ਅਧਿਐਨ ਮੁਤਾਬਕ, ਇਹੋ-ਜਿਹੇ ਦੋਸ਼ਾਂ ਨਾਲ਼ ਮਰਨ ਵਾਲ਼ੇ ਬੱਚਿਆਂ ਦੀ ਗਿਣਤੀ, ਖਾਨਾਂ 'ਚੋਂ 30-35 ਕਿਲੋਮੀਟਰ ਦੂਰ ਸਥਿਤ ਬਸਤੀਆਂ ਦੀ ਤੁਲਨਾ ਵਿੱਚ ਖਦਾਨ ਦੇ ਕਰੀਬ (0.25 ਕਿਲੋਮੀਟਰ ਤੱਕ) ਦੇ ਪਿੰਡਾਂ ਵਿੱਚ 5.85 ਗੁਣਾ ਵੱਧ ਸੀ।
ਇਨ੍ਹਾਂ ਪਿੰਡਾਂ ਵਿੱਚ ਔਰਤਾਂ ਦੇ ਗਰਭਪਾਤ ਦੀ ਗਿਣਤੀ ਵੀ ਬੜੀ ਜ਼ਿਆਦਾ ਹੈ। ਕੈਂਸਰ ਤੇ ਟੀਬੀ ਵਰਗੀਆਂ ਬੀਮਾਰੀਆਂ ਨੇ ਖਾਨਾਂ ਵਿੱਚ ਕੰਮ ਕਰਨ ਵਾਲ਼ੇ ਜਾਂ ਪ੍ਰੋਸੈਸਿੰਗ ਪਲਾਂਟ ਤੇ 'ਟੇਲਿੰਗ ਪੌਂਡਸ' (ਯੂਰੇਨੀਅਮ ਖਣਿਜ ਨੂੰ ਬਣਾਉਣ ਬਾਅਦ ਬਚੇ ਜ਼ਹਿਰੀਲੇ ਘੋਲ਼ ਦੇ ਤਲਾਬ) ਕੋਲ਼ ਰਹਿਣ ਵਾਲ਼ੇ ਸਾਰੇ ਲੋਕਾਂ ਦੀ ਜਾਨ ਲੈ ਲਈ ਹੈ।
ਭਾਰਤੀ ਤੇ ਕੌਮਾਂਤਰੀ ਵਿਗਿਆਨਕ ਲੰਬੇ ਸਮੇਂ ਤੋਂ ਕਹਿੰਦੇ ਰਹੇ ਹਨ ਕਿ ਇਹ ਵਿਕਾਰਾਂ ਤੇ ਬੀਮਾਰੀਆਂ ਹਾਈ ਰੈਡੀਏਸ਼ਨ ਲੈਵਲ ਅਤੇ ਰੇਡੀਓਐਕਟਿਵ ਮਲ਼ਬੇ ਨਾਲ਼ ਜੁੜੀਆਂ ਹੋਈਆਂ ਹਨ। ਉਹ ਕਹਿੰਦੇ ਹਨ ਕਿ 'ਟੇਲਿੰਗ ਪੌਂਡਸ' ਦੇ ਆਸਪਾਸ ਵੱਸੀਆਂ ਬਸਤੀਆਂ ਜ਼ਿਆਦਾ ਅਸੁਰੱਖਿਅਤ ਹਨ, ਕਿਉਂਕਿ ਗ੍ਰਾਮੀਣ ਇਸ ਪਾਣੀ ਦੇ ਸੰਪਰਕ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਤੋਂ ਆਉਂਦੇ ਹੀ ਹਨ। ਹਾਲਾਂਕਿ, ਯੂਐੱਸਆਈਐੱਲ ਆਪਣੀ ਵੈੱਬਸਾਈਟ 'ਤੇ ਕਹਿੰਦਾ ਹੈ ਕਿ ''ਬੀਮਾਰੀਆਂ... ਰੈਡੀਏਸ਼ਨ ਕਾਰਨ ਕਰਕੇ ਨਹੀਂ ਹਨ। ਸਗੋਂ ਪਿੰਡਾਂ ਵਿੱਚ ਕੁਪੋਸ਼ਣ, ਮਲੇਰੀਆ ਤੇ ਅਸਵਛ ਰਹਿਣ-ਸਹਿਣ ਆਦਿ ਕਾਰਨਾਂ ਕਰਕੇ ਇਹਦੇ ਲਈ ਜ਼ਿੰਮੇਦਾਰ ਹਨ।''
ਪੂਰਬੀ ਸਿੰਘਭੂਮ ਵਿੱਚ ਯੂਸੀਆਈਐੱਲ ਦੀਆਂ ਸੱਤ ਖਾਨਾਂ ਹਨ- ਜਾਦੂਗੋੜਾ, ਭਟਿਨ, ਨਰਵਾਪਹਾਰ, ਬਗਜਾਤਾ, ਤੁਰਾਮਡੀਹ, ਮਾਹੂਲਡੀਹ ਅਤੇ ਬੰਦੁਹੁਡਾਂਗ ਵਿਖੇ। ਸੁਪਰੀਮ ਕੋਰਟ ਵਿੱਚ ਦਾਇਰ ਇੱਕ ਜਨਹਿਤ ਅਪੀਲ ਸਣੇ ਅਦਾਲਤੀ ਮਾਮਲਿਆਂ ਵਿੱਚ ਵੀ ਇਨ੍ਹਾਂ ਖਾਨਾਂ ਨਾਲ਼ ਜੁੜੇ ਰੇਡੀਏਸ਼ਨ ਦੇ ਮਾਰੂ ਪ੍ਰਭਾਵਾਂ ਦੇ ਮੁੱਦੇ ਸਾਹਮਣੇ ਆਉਂਦੇ ਰਹੇ ਹਨ। ਸਾਲ 2004 ਵਿੱਚ, ਕਥਿਤ ਤੌਰ 'ਤੇ ਪਰਮਾਣੂ ਊਰਜਾ ਅਯੋਗ (ਅਟਾਮਿਕ ਐਨਰਜੀ ਕਮਿਸ਼ਨ) ਵੱਲੋਂ ਦਾਇਰ ਇੱਕ ਹਲਫ਼ਨਾਮੇ 'ਤੇ ਭਰੋਸਾ ਕਰਦਿਆਂ, ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਨੇ ਜਨਹਿਤ ਅਪੀਲ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ''ਯੂਰੇਨੀਅਮ ਵੇਸਟ (ਕੂੜੇ) ਤੋਂ ਰੇਡੀਏਸ਼ਨ ਦੀ ਜਾਂਚ ਅਤੇ ਕੰਟਰੋਲ ਲਈ ਬਣਦੇ ਕਦਮ ਚੁੱਕੇ ਗਏ ਹਨ।'' ਜਾਦੂਗੋੜਾ ਅਤੇ ਉਹਦੇ ਆਸਪਾਸ ਦੇ ਜਨ ਅੰਦੋਲਨ, ਜਿਵੇਂ ਕਿ ਝਾਰਖੰਡੀ ਆਰਗਨਾਈਜੇਸ਼ਨ ਅਗੈਂਸਟ ਰੇਡੀਏਸ਼ਨ ਨੇ ਲੰਬੇ ਸਮੇਂ ਤੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਦੇਸ਼ ਦੀ ਯੂਰੇਨੀਅਮ ਦੀਆਂ ਲੋੜਾਂ ਦੀ ਭਾਰੀ ਕਿੱਲਤ ਇੱਥੋਂ ਦੇ ਪੇਂਡੂ ਲੋਕ ਚੁਕਾ ਰਹੇ ਹਨ।















