ਸੜਕ ਮੁੱਕਣ ਤੋਂ ਪਹਿਲਾਂ GPS ਦਾ ਸਿਗਨਲ ਮੁੱਕ ਜਾਂਦਾ ਹੈ।
ਨਾਗਪੁਰ ਤੋਂ ਘੰਟੇ ਦੀ ਦੂਰੀ ’ਤੇ, ਭੰਸੋਲੀ (ਸਾਵੰਗੀ) ਪਿੰਡ ਦੇ ਬਾਹਰ ਲੁੱਕ ਦੀ ਇੱਕ ਪਤਲੀ ਪੱਟੀ, ਕਪਾਹ ਅਤੇ ਅਰਹਰ ਦੇ ਖੇਤਾਂ ਵਿਚਾਲੇ ਲਕੀਰ ਵਾਹੁੰਦੀ, ਕੱਚੀ ਸੜਕ ਵਿੱਚ ਬਦਲ ਜਾਂਦੀ ਹੈ।
ਕਿਰਸਨ ਜਗਮਾਲ ਰਬਾਰੀ ਮੋਟਰਸਾਈਕਲ ’ਤੇ ਇੰਤਜ਼ਾਰ ਕਰ ਰਿਹਾ ਹੈ।ਕਾਰ ਇੱਥੇ ਹੀ ਛੱਡਣੀ ਪਏਗੀ, 45 ਸਾਲਾ ਕਿਰਸਨ ਨੇ ਕਿਹਾ। ਕਰੀਬ 2,500 ਭੇਡਾਂ-ਬੱਕਰੀਆਂ ਦਾ ਉਹਦਾ ਕਾਫ਼ਲਾ ਸੜਕ ਤੋਂ ਅੱਗੇ ਇੱਕ ਛੋਟਾ ਨਾਲ਼ਾ ਪਾਰ ਕਰ ਗਿਆ ਹੈ ਤੇ ਕਾਰ ਰਾਹੀਂ ਉਹਦੇ ਤੱਕ ਨਹੀਂ ਪਹੁੰਚਿਆ ਜਾ ਸਕਦਾ।
ਤੇ ਦੂਜੇ ਪਾਸੇ, ਚਾਰ ਪਰਿਵਾਰ - ਜੋ ਕਿਰਸਨ ਦਾ ਹਰ ਵਕ਼ਤ ਚਲਦਾ-ਫਿਰਦਾ ਡੇਰਾ ਹਨ- ਸਫ਼ਰ ਵਿੱਚ ਨੇ। ਬਲਦਾਂ ਦੁਆਰਾ ਖਿੱਚੇ ਜਾ ਰਹੇ ਦੋ ਲੋਹੇ ਦੇ ਗੱਡੇ ਉਹਨਾਂ ਦੀਆਂ ਵੱਖ-ਵੱਖ ਵਸਤਾਂ - ਮੰਜੇ, ਸਟੀਲ ਦੇ ਭਾਂਡੇ, ਕੱਪੜਿਆਂ ਦੀਆਂ ਗਠੜੀਆਂ, ਘੜੇ, ਰੱਸੀਆਂ, ਜਾਲ, ਅਤੇ ਟਰੰਕ - ਨਾਲ਼ ਲੱਦੇ ਹੋਏ ਨੇ। ਆਪਣਾ ਰਵਾਇਤੀ ਪਹਿਰਾਵਾ - ਚੋਲੀ, ਘੱਗਰਾ, ਤੇ ਲੁੜਕੀ (ਚੁੰਨੀ) - ਪਹਿਨੇ ਔਰਤਾਂ ਗੱਡੇ ਲਿਜਾ ਰਹੀਆਂ ਹਨ। ਭੇਡਾਂ-ਬੱਕਰੀਆਂ ਦੇ ਲੇਲੇ-ਮੇਮਣੇ ਮਿਆਂਕ ਰਹੇ ਨੇ, ਤੇ ਕਤੂਰਾ ਰੱਸੀ ਖਿੱਚ ਰਿਹਾ ਹੈ, ਜਿਵੇਂ ਕਿ ਕਿਸੇ ਦਿਨ ਝੁੰਡ ਇਕੱਠਾ ਕਰਨ ਦੀ ਪੈਣ ਵਾਲੀ ਜ਼ਿੰਮੇਵਾਰੀ ਦੀ ਤਿਆਰੀ ਕਰ ਰਿਹਾ ਹੋਵੇ।
ਤੇ ਕਾਫ਼ਲਾ ਤੁਰ ਪਿਆ।












