''ਜਦੋਂ ਮੈਂ ਜੁਆਨ ਸੀ, ਅਸੀਂ ਕਦੇ ਸੋਚਿਆ ਵੀ ਨਹੀਂ ਸੀ ਅਸੀਂ ਇਹ ਕੰਮ ਛੱਡ ਦਿਆਂਗੇ।''
ਪਰ ਰਾਧਾ ਦੇਵੀ ਦੇ ਘਰ ਦੇ ਛੱਜੇ 'ਤੇ ਘੱਟੇ ਨਾਲ਼ ਭਰੇ ਸੰਦ ਇੱਕ ਵੱਖਰੀ ਹੀ ਕਹਾਣੀ ਬਿਆਨ ਕਰਦੇ ਹਨ। ਚਰਖਾ ਅਤੇ ਲੱਕੜ ਦਾ ਪੁਰਾਣਾ ਪੈ ਚੁੱਕਾ ਤਕਲਾ ਸਭ ਬੇਕਾਰ ਪਏ ਹੋਏ ਹਨ, ਉਹੀ ਸੰਦ ਜਿਨ੍ਹਾਂ ਨਾਲ਼ ਦਹਾਕਿਆਂ ਤੱਕ ਉੱਨ ਨੂੰ ਕੱਤ ਕੇ ਕੰਬਲ ਬਣਾਏ ਜਾਂਦੇ ਸਨ ਜਿਨ੍ਹਾਂ ਨੂੰ ਕਦੇ ਰੰਗਣ ਦੀ ਲੋੜ ਨਹੀਂ ਸੀ ਪੈਂਦੀ।
ਰਾਧਾ ਦੇਵੀ ਆਪਣੀ ਭੋਜਪੁਰੀ ਜ਼ੁਬਾਨ ਵਿੱਚ ਕਹਿੰਦੀ ਹੈ,“ਸੂਤਾ ਬਣਾਵੇ ਕੇ ਕਲਾ ਹਮਾਰ ਹਾਥ ਸੇ ਛੂਟਤ ਜਾਤਾ [ਸੂਤ ਕੱਤਣ ਦਾ ਹੁਨਰ ਮੈਂ ਭੁੱਲਦੀ ਜਾ ਰਹੀ ਹਾਂ]।” ਸੂਤ ਕੱਤਣ ਅਤੇ ਕੱਪੜਾ ਬੁਣਨ ਦਾ ਕੰਮ ਕਰਨ ਵਾਲ਼ੀ ਰਾਧਾ ਅੱਗੇ ਕਹਿੰਦੀ ਹੈ,“[2016 ਵਿੱਚ] ਉਸ ਕੰਬਲ ਦੇ ਬਾਅਦ ਮੈਂ ਕੋਈ ਕੰਬਲ ਨਹੀਂ ਬੁਣਿਆ।” ਜਿਹੜੇ ਕੰਬਲ ਵੱਲ ਉਹ ਇਸ਼ਾਰਾ ਕਰਦੀ ਹੈ, ਉਹ ਭੂਰੇ ਰੰਗ ਦਾ ਮੋਟਾ ਕੰਬਲ ਹੈ, ਜਿਸ ਵਿੱਚ ਫਿੱਕੇ-ਗੂੜ੍ਹੇ ਭੂਰੇ ਰੰਗ ਦੀਆਂ ਧਾਰੀਆਂ ਬਣੀਆਂ ਹੋਈਆਂ ਹਨ।
ਰਾਧਾ ਅੱਗੇ ਕਹਿੰਦੀ ਹੈ,“ਮੈਂ ਬਹੁਤ ਛੋਟੀ ਉਮਰ ਤੋਂ ਹੀ ਆਪਣੀ ਮਾਂ, ਚਾਚੀ ਤੇ ਦਾਦੀ ਨਾਲ਼ ਇਹ ਕੰਬਲ ਬਣਾਉਂਦੀ ਆਈ ਹਾਂ।” ਉਨ੍ਹਾਂ ਨੂੰ ਆਪਣੀ ਸਹੀ ਉਮਰ ਤਾਂ ਯਾਦ ਨਹੀਂ, ਪਰ ਤੁਹਾਨੂੰ ਇੰਨਾ ਜ਼ਰੂਰ ਦੱਸ ਸਕਦੀ ਹੈ: “ਮੈਂ ਇੰਦਰਾ ਗਾਂਧੀ ਦਾ ਸਮਾਂ ਦੇਖਿਆ ਹੈ!”
ਗੜਨੀ ਬਲਾਕ ਦੇ ਭਿਨਰਾਰੀ ਪਿੰਡ ਦੀਆਂ ਗਲ਼ੀਆਂ ਕਦੇ ਭੇਡਾਂ ਦੀ ਉੱਨ ਨਾਲ਼ ਬਣੇ ਸਮਾਨ ਨਾਲ਼ ਸੱਜੀਆਂ ਦਿਖਾਈ ਦਿੰਦੀਆਂ। ਸਿਆਲ ਰੁੱਤ ਆਉਂਦੇ ਹੀ ਬਜ਼ਾਰਾਂ ਵਿੱਚ ਪਾਲ ਭਾਈਚਾਰੇ ਦੇ ਕਾਰੀਗਰਾਂ ਵੱਲੋਂ ਬੁਣੇ ਕੰਬਲ ਹੱਥੋਂ-ਹੱਥ ਵਿਕ ਜਾਂਦੇ ਸਨ। ਉਨ੍ਹਾਂ ਵੱਲੋਂ ਬਣਾਏ ਗਏ ਖੁਰਦਰੇ ਰੇਸ਼ਿਆਂ ਵਾਲ਼ੇ ਕੰਬਲ ਲੋਕਾਂ ਨੂੰ ਲੰਬੀਆਂ-ਠੰਡੀਆਂ ਰਾਤਾਂ ਵਿੱਚ ਨਿੱਘ ਬਖਸ਼ਦੇ। ਅੱਜ ਉਹੀ ਬਜ਼ਾਰ ਸੁੰਨਸਾਨ ਪਏ ਹਨ। ਰਾਧਾ ਦੇਵੀ ਪਿੰਡ ਵਿੱਚ ਆਪਣੇ ਭਾਈਚਾਰੇ ਦੀ ਬਚੀ ਆਖ਼ਰੀ ਔਰਤ ਹੈ, ਜਿਨ੍ਹਾਂ ਨੇ ਕਦੇ ਇਨ੍ਹਾਂ ਕੰਬਲਾਂ ਨੂੰ ਹੱਥੀਂ ਬੁਣਿਆ।
''ਇਹੀ ਜਾਤ ਬਾ ਹਮਾਰ [ਇਹੀ ਸਾਡੀ ਜਾਤ ਹੈ]। ਰਾਧਾ ਦੇਵੀ ਅੱਗੇ ਕਹਿੰਦੀ ਹੈ,''ਅਸੀਂ ਸ਼ੁਰੂ ਤੋਂ ਇਹੀ ਕੰਮ ਕਰਦੇ ਆਏ ਹਾਂ।''
ਹਰੀ ਅਤੇ ਗੁਲਾਬੀ ਰੰਗ ਦੀ ਸਾੜੀ ਵਿੱਚ ਮਲਬੂਸ ਰਾਧਾ ਦੇਵੀ ਤਿੱਖੀ ਧੁੱਪ ਤੋਂ ਬਚਣ ਲਈ ਆਪਣੇ ਘਰ ਦੀ ਕੱਚੀ ਕੰਧ ਸਹਾਰੇ ਖੜ੍ਹੀ ਹੈ। ਉਹ ਯਾਦ ਕਰਦੀ ਹੈ ਕਿ ਉਨ੍ਹਾਂ ਨੇ ਅੱਠ-ਨੌ ਸਾਲ ਦੀ ਉਮਰ ਵਿੱਚ ਕੰਬਲ ਬੁਣਨ ਦਾ ਕੰਮ ਸਿੱਖਣਾ ਸ਼ੁਰੂ ਕੀਤਾ। ਉਹ ਕਦੇ ਸਕੂਲ ਨਹੀਂ ਗਈ। ਇਹ ਹੁਨਰ ਉਨ੍ਹਾਂ ਨੇ ਆਪਣੀ ਮਾਂ ਤੋਂ ਸਿੱਖਿਆ। ਉਨ੍ਹਾਂ ਦੇ ਪਿਤਾ ਅਤੇ ਦਾਦਾ ਕੋਲ਼ ਸੌ ਤੋਂ ਵੀ ਵੱਧ ਭੇਡਾਂ ਸਨ। ਆਮ ਤੌਰ 'ਤੇ ਪਰਿਵਾਰ ਦੀਆਂ ਔਰਤਾਂ ਉੱਨ ਤੋਂ ਕੰਬਲ ਅਤੇ ਸਵੈਟਰ ਬੁਣਦੀਆਂ, ਜਦੋਂਕਿ ਪੁਰਸ਼ ਉਨ੍ਹਾਂ ਨੂੰ ਆਸ-ਪਾਸ ਦੇ ਪਿੰਡਾਂ ਵਿੱਚ ਅਤੇ ਕਈ ਵਾਰੀਂ ਹੋਰ ਜ਼ਿਲ੍ਹਿਆਂ ਵਿੱਚ ਵੇਚਣ ਚਲੇ ਜਾਂਦੇ। ਵਿਆਹ ਤੋਂ ਬਾਅਦ ਵੀ ਉਨ੍ਹਾਂ ਨੇ ਕੰਮ ਦਾ ਇਹੀ ਹਿਸਾਬ-ਕਿਤਾਬ ਦੇਖਿਆ। ਉਨ੍ਹਾਂ ਦੇ ਪਤੀ ਅਤੇ ਸਹੁਰਾ ਸਾਹਬ ਭੇਡਾਂ ਪਾਲ਼ਦੇ ਸਨ, ਜਦਕਿ ਉਨ੍ਹਾਂ ਦੀ ਸੱਸ ਕੰਬਲ ਬੁਣਦੀ ਸੀ।












