''ਉਸਦੇ ਦੰਦ ਦੇ ਸਿਰਫ਼ ਇੱਕੋ ਵਾਰ ਨਾਲ਼ ਫ਼ਸਲ ਦੇ ਸੱਤ ਬੋਰੇ ਖ਼ਰਾਬ ਹੋ ਗਏ।''
ਇੱਕ ਵਰ੍ਹਾ ਲੰਘ ਗਿਆ, ਪਰ ਡੰਪਰੇਨਪੁਰੀ ਪਿੰਡ ਵਿੱਚ ਉਹਦੇ ਘਰੇ ਉਸ ਇਕੱਲੇ ਹਾਥੀ ਨੇ ਜੋ ਨੁਕਸਾਨ ਕੀਤਾ ਸੀ, ਰਮਪਾਰਾ ਅੱਜ ਵੀ ਨਹੀਂ ਭੁੱਲੇ।
ਫ਼ਸਲ ਦੇ ਸੱਤ ਬੋਰੇ, ਸਰ੍ਹੋਂ ਦੇ ਪੰਜ ਟੀਨਾਂ ਦੇ ਬਰਾਬਰ ਹੁੰਦੇ ਹਨ, ਜਿਨ੍ਹਾਂ ਦਾ ਵਜ਼ਨ ਲਗਭਗ 10-12 ਕਿਲੋ ਹੁੰਦਾ ਹੈ। ਮਿਜ਼ੋਰਮ ਵਿੱਚ ਖਾਣ-ਪੀਣ ਦੀ ਸਮੱਗਰੀ ਰੱਖਣ ਵਾਲ਼ੇ ਬੋਰਿਆਂ ਦਾ ਮਾਪ ਜਾਂ ਵਜ਼ਨ ਦੱਸਣ ਦਾ ਰਵਾਇਤੀ ਤਰੀਕਾ ਹੈ ਟੀਨਾਂ ਨਾਲ਼ ਮੁਕਾਬਲਾ ਕਰਕੇ ਦੱਸਣਾ।
ਉਹ ਦੱਸਦੇ ਹਨ,“ਹਾਥੀ ਦੇ ਚੱਟਣ ਤੋਂ ਬਾਅਦ ਸਰ੍ਹੋਂ ਖ਼ਰਾਬ ਹੋ ਗਈ।” ਹਾਥੀ ਨੇ ਜ਼ੋਰ ਨਾਲ਼ ਆਪਣੀ ਜੀਭ ਘੁਮਾਈ ਤੇ ਇੱਕੋ ਹੀਲੇ ਭੜੋਲੇ ਵਿੱਚ ਸਾਂਭਿਆ ਝੋਨਾ ਵੀ ਬਰਬਾਦ ਕਰ ਸੁੱਟਿਆ।
ਪਰ 73 ਸਾਲਾ ਰਮਪਾਰਾ ਦਾ ਸੁਭਾਅ ਮਾਫ਼ ਕਰਨ ਵਾਲ਼ਾ ਹੈ। ਉਹ ਕਹਿੰਦੇ ਹਨ,“ਮਾਯੁੰਗ (ਹਾਥੀ) ਚੰਗਾ ਹੈ। ਉਹ ਮਨੁੱਖਾਂ 'ਤੇ ਹਮਲਾ ਨਹੀਂ ਕਰਦਾ। ਜ਼ਿਆਦਾ ਤੋਂ ਜ਼ਿਆਦਾ ਸਿਰਫ਼ ਫ਼ਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਹ ਖਾਣ ਲਈ ਆਉਂਦਾ ਹੈ ਅਤੇ ਫਿਰ ਚਲਾ ਜਾਂਦਾ ਹੈ।” ਰਮਪਾਰਾ ਇੱਕ ਕਿਸਾਨ ਹਨ ਅਤੇ ਹੱਥੀਂ ਬਾਂਸ ਦਾ ਸਮਾਨ ਵੀ ਬਣਾਉਂਦੇ ਹਨ। ਉਹ ਰਿਯਾਂਗ (ਜਿਸਨੂੰ ਰੇਂਗ ਵੀ ਲਿਖਿਆ ਜਾਂਦਾ ਹੈ) ਆਦਿਵਾਸੀ ਸਮੁਦਾਇ ਨਾਲ਼ ਸਬੰਧਤ ਹਨ।
ਉਹ ਅੱਗੇ ਪਾਰੀ ਨੂੰ ਦੱਸਦੇ ਹਨ ਕਿ ਇਹ ਹਾਥੀ ਕਾਫ਼ੀ ਸ਼ਰਮੀਲਾ ਹੈ। “ਜਿਓਂ ਹੀ ਉਸਨੂੰ ਇਨਸਾਨਾਂ ਦੀ ਆਵਾਜ਼ ਸੁਣਾਈ ਦਿੰਦੀ ਹੈ, ਉਹ ਆਪਣੇ ਲੰਮੇ ਕੰਨ ਹੇਠਾਂ ਕਰ ਲੈਂਦਾ ਹੈ।” ਅਤੇ ਹੁਣ ਖੇਤਾਂ ਵਿੱਚ ਉਸਦਾ ਆਉਣਾ ਵੀ ਘੱਟ ਹੋ ਗਿਆ ਹੈ। 2022 ਅਤੇ 2023 ਵਿੱਚ ਜਿੱਥੇ ਉਹ ਤਿੰਨ-ਚਾਰ ਵਾਰ ਆਇਆ ਸੀ, ਓਥੇ 2024 ਵਿੱਚ ਸਿਰਫ਼ ਦੋ ਵਾਰ ਅਤੇ 2025 ਵਿੱਚ ਹੁਣ ਤੱਕ ਸਿਰਫ਼ ਇੱਕੋ ਵਾਰ ਆਇਆ ਹੈ।















