ਉਸ ਦਿਨ ਸਵੇਰੇ 48 ਸਾਲਾ ਗੋਮਤੀ ਵੀਰਯਾਨ ਆਪਣੇ ਘਰ ਦੇ ਬਾਹਰ ਬੈਠੀ ਆਪਣੇ ਪਰਿਵਾਰ ਲਈ ਨਾਸ਼ਤਾ ਬਣਾ ਰਹੀ ਸੀ। ਪਲਈਆਰ ਤੋਂ ਛੇ ਕਿਲੋਮੀਟਰ ਦੂਰ, ਮੁਇਲਾਦੁਤੁਰਾਈ ਜ਼ਿਲ੍ਹੇ ਦੇ ਸਿਰਕਾਲੀ ਤਹਿਸੀਲ ਦੀ ਇਸ ਤਾਂਡਾਵਾਂਕੁਲਮ ਦਲਿਤ ਬਸਤੀ ਦੇ ਘਰ-ਘਰ ਇਹੀ ਨਜ਼ਾਰਾ ਹੈ। ਇਸ ਬਸਤੀ ਦੀਆਂ ਬਾਕੀ ਔਰਤਾਂ ਵਾਂਗ, ਗੋਮਤੀ ਵੀ ਸਵੇਰੇ ਚਾਰ ਵਜੇ ਉੱਠ ਕੇ ਘਰ ਦੇ ਕੰਮ ਨਿਬੇੜਨੇ ਸ਼ੁਰੂ ਕਰਦੀ ਹੈ, ਜਿਨ੍ਹਾਂ ਵਿੱਚ ਟੂਟੀ ਤੋਂ ਪਾਣੀ ਲਿਆਉਣਾ, ਘਰ ਦੀ ਸਾਫ਼-ਸਫ਼ਾਈ ਕਰਨਾ ਤੇ ਚੁੱਲ੍ਹੇ 'ਤੇ ਖਾਣਾ ਪਕਾਉਣਾ ਸ਼ਾਮਲ ਹੈ।
"ਗੈਸ ਤਾਂ ਹੈ, ਪਰ ਇਹ ਸਸਤਾ ਪੈਂਦਾ ਹੈ" ਇੰਨਾ ਕਹਿ ਗੋਮਤੀ ਭਾਂਡੇ ਵਿੱਚ ਕੜਛੀ ਫੇਰਨ ਲੱਗਦੀ ਹੈ। ਆਪਣੇ ਪਤੀ, ਸੱਸ ਅਤੇ ਪੁੱਤਰ ਲਈ ਸਵੇਰੇ ਦੇ ਨਾਸ਼ਤੇ ਤੋਂ ਲੈ ਕੇ ਦੁਪਹਿਰ ਦਾ ਖਾਣਾ ਤਿਆਰ ਵਾਲ਼ੀ ਗੋਮਤੀ ਕੋਲ਼ ਖ਼ੁਦ ਨਾਸ਼ਤਾ ਕਰਨ ਦੀ ਵਿਹਲ ਨਹੀਂ।
ਉਹਨੂੰ ਬੱਸ ਪਲਈਆਰ ਪਹੁੰਚਣ ਦੀ ਕਾਹਲ ਹੈ, ਜਿੱਥੇ ਉਹ ਬੰਦਰਗਾਹ 'ਤੇ ਮੱਛੀਆਂ ਸੁਕਾਉਣ ਦਾ ਕੰਮ ਕਰਦੀ ਹੈ। ਉਹਦਾ ਕੰਮ ਲਹਿਰਾਂ ਦੀਆਂ ਤਰੰਗਾਂ ਤੋਂ ਲੈ ਕੇ ਨਦੀ ਦੀ ਕਲਕਲ ਤੇ ਚੰਨ ਦੇ ਚੱਕਰ 'ਤੇ ਨਿਰਭਰ ਕਰਦਾ ਹੈ ਬੱਸ ਇਹੀ ਗੱਲਾਂ ਉਹਦੀ ਦਿਹਾੜੀ ਦਾ ਕੰਮ ਤੈਅ ਕਰਦੀਆਂ ਹਨ।
ਆਪੋ-ਆਪਣੇ ਘਰਾਂ ਦੇ ਕੰਮ ਮੁਕਾ ਔਰਤਾਂ ਨਦੀ ਵਿੱਚ ਲੱਥੇ (ਘਟੇ) ਪਾਣੀ ਦਾ ਮੌਕਾ ਸੰਭਾਲ਼ਦੀਆਂ ਹੋਈਆਂ ਨਦੀ ਕੰਢੇ ਇਕੱਠੀਆਂ ਹੋਣ ਲੱਗਦੀਆਂ ਹਨ। ਜੇਕਰ ਪਲਈਆਰ ਬੰਦਰਗਾਹ 'ਤੇ ਉਨ੍ਹਾਂ ਦਾ ਮੱਛੀਆਂ ਸੁੱਕਾਉਣ ਦਾ ਕੰਮ ਨਿਕਲ਼ ਆਵੇ ਤਾਂ ਰਾਤ ਦੇ ਅੱਠ ਵਜੇ ਨੇੜੇ ਦੇ ਬੱਸ ਅੱਡੇ 'ਤੇ ਜਾ ਕੇ ਉੱਥੇ ਬੱਸ ਫੜ੍ਹਦੀਆਂ ਹਨ। ਉਨ੍ਹਾਂ ਦਾ ਕੰਮ ਤੇ ਕੰਮ ਤੋਂ ਵਿਹਲ ਦਾ ਸਮਾਂ ਨਦੀ ਦੇ ਪਾਣੀ ਚੜ੍ਹਨ ਤੇ ਲੱਥਣ 'ਤੇ ਨਿਰਭਰ ਹੁੰਦਾ ਹੈ। "ਪਲਈਆਰ ਸਾਡੇ ਲੋਕਾਂ ਦੀ ਜੀਵਨਰੇਖਾ ਹੈ! ਇਹ ਨਦੀ ਸਾਡੇ ਲਈ ਬਹੁਤ ਅਹਿਮ ਹੈ ਭਾਵ ਸਾਡਾ ਸਭ ਕੁਝ ਹੈ," ਪਲਈਆਰ ਬੰਦਰਗਾਹ 'ਤੇ ਮੱਛੀ ਸੁਕਾਉਣ ਦਾ ਕੰਮ ਕਰਨ ਵਾਲ਼ੀ ਗੋਮਤੀ ਕਹਿੰਦੀ ਹੈ।
ਪਲਈਆਰ ਮੱਛੀ ਫੜ੍ਹਨ ਦੀ ਬੰਦਰਗਾਹ ਹੈ, ਇਹ ਕੋਲੀਡਮ ਨਦੀ ਦੇ ਮੁਹਾਨੇ 'ਤੇ ਸਥਿਤ ਹੈ। ਇਸੇ ਖੇਤਰ ਵਿੱਚ ਇਹ ਨਦੀ ਬੰਗਾਲ ਦੀ ਖਾੜੀ ਨਾਲ਼ ਜਾ ਮਿਲ਼ਦੀ ਹੈ। ਮੁਇਲਾਦੁਤੁਰਾਈ ਜ਼ਿਲ੍ਹੇ (2020 ਵਿੱਚ ਨਾਗਪੱਟੀਨਮ ਜ਼ਿਲ੍ਹੇ ਤੋਂ ਵੱਖ ਕੀਤੀ ਗਈ) ਵਿੱਚ ਪੈਂਦੀ ਇਹ ਥਾਂ ਤਮਿਲਨਾਡੂ ਵਿਖੇ 12 ਮੱਛੀ ਫੜ੍ਹਨ ਵਾਲ਼ੀਆਂ ਬੰਦਰਗਾਹਾਂ ਵਿੱਚੋਂ ਇੱਕ ਹੈ ਅਤੇ ਆਸ-ਪਾਸ ਦੇ ਪਿੰਡਾਂ ਤੋਂ ਮੱਛੀ ਫੜ੍ਹ ਕੇ ਰੋਜ਼ੀਰੋਟੀ ਚਲਾਉਣ ਵਾਲ਼ੇ ਹਜ਼ਾਰਾਂ-ਹਜ਼ਾਰ ਲੋਕਾਂ ਦਾ ਢਿੱਡ ਭਰਦੀ ਹੈ।
ਗੋਮਤੀ ਵੀਰਯਾਨ ਕਈ ਸਾਲਾਂ ਤੋਂ ਪਲਈਆਰ ਬੰਦਰਗਾਹ ਵਿਖੇ ਮੱਛੀਆਂ ਸੁਕਾਉਣ ਦਾ ਕੰਮ ਕਰ ਰਹੀ ਹੈ। "ਇਨ੍ਹਾਂ ਔਰਤਾਂ ਦੇ ਜੀਵਨ ਅਤੇ ਬੰਦਰਗਾਹ ਵਿਚਾਲ਼ੇ ਡੂੰਘਾ ਸੰਪਰਕ ਬਣਿਆ ਹੋਇਆ ਹੈ," ਗੋਮਤੀ ਕਹਿੰਦੀ ਹੈ,"ਅਸੀਂ ਇੱਥੇ ਹੀ ਜੰਮੀਆਂ, ਇੱਥੇ ਹੀ ਵਿਆਹੀਆਂ ਤੇ ਪੂਰਾ ਜੀਵਨ ਇੱਥੇ ਹੀ ਕੱਟਣਾ ਹੈ। ਪਹਿਲਾਂ ਅਸੀਂ ਖੇਤਾਂ ਵਿੱਚ ਕੰਮ ਕਰਦੀਆਂ ਹੋਈਆਂ ਝੋਨਾ ਲਾਉਂਦੀਆਂ, ਬਾਜਰਾ ਤੇ ਦਾਲ਼ਾ ਵਗੈਰਾ ਬੀਜਦੀਆਂ। ਪਰ ਹੁਣ ਉੱਥੇ ਅਜਿਹਾ ਕੋਈ ਕੰਮ ਨਹੀਂ ਬਚਿਆ। ਜਾਂ ਤਾਂ ਬਹੁਤਾ ਮੀਂਹ ਪੈਣ ਜਾਂ ਬਿਲਕੁਲ ਵੀ ਨਾ ਪੈਣ ਕਾਰਨ ਫ਼ਸਲਾਂ ਸੜ-ਗਲ਼ ਜਾਂਦੀਆਂ ਹਨ।''
ਆਪਣੀ ਗੱਲ ਜਾਰੀ ਰੱਖਦਿਆਂ ਉਹ ਕਹਿੰਦੀ ਹੈ,"15 ਸਾਲ ਦੀ ਉਮਰ ਤੋਂ ਮੈਂ ਇਸ ਨਦੀ ਵਿੱਚ ਹੱਥੀਂ ਝੀਂਗੇ [ਕੈਰੀਡੀਆ] ਫੜ੍ਹਨੇ ਸ਼ੁਰੂ ਕੀਤੇ। ਮੇਰੀ ਮਾਂ ਅਤੇ ਸੱਸ ਵੀ ਇਹੀ ਕੰਮ ਕਰ ਰਹੀਆਂ ਸਨ। ਗਰਭਅਵਸਥਾ ਵਿੱਚ ਵੀ ਮੈਂ ਨਦੀ ਵਿੱਚ ਲੱਥ ਕੇ ਝੀਂਗੇ ਫੜ੍ਹਨੇ ਨਾ ਛੱਡੇ। ਇਸ ਪੈਸੇ ਨਾਲ਼ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ। ਆਪਣੀ ਜਿਊਂਦੀ-ਜਾਨੇ ਮੈਂ ਝੀਂਗੇ ਫੜ੍ਹਨੇ ਛੱਡ ਨਹੀਂ ਸਕਦੀ।"
ਬੰਦਰਗਾਹ ਤੋਂ ਲਗਭਗ 6 ਕਿਲੋਮੀਟਰ ਦੂਰ, ਉਹਦੇ ਇਲਾਕੇ ਦੀਆਂ 20 ਤੋਂ ਵੱਧ ਔਰਤਾਂ ਇੱਥੇ ਇਹੀ ਕੰਮ ਕਰਦੀਆਂ ਹਨ। "ਔਰਤਾਂ ਸਵੇਰੇ 6 ਵਜੇ ਬੱਸ ਫੜ੍ਹਦੀਆਂ ਹਨ। ਅਸੀਂ ਝੀਂਗੇ, ਮੱਛੀਆਂ ਤੇ ਸਕੁਇਡ ਸਾਫ਼ ਕਰਦੀਆਂ, ਲੂਣ ਮਲ਼ਦੀਆਂ, ਸਾਂਭਦੀਆਂ ਤੇ ਸੁਕਾਉਂਦੀਆਂ ਹਾਂ, ਹਰ ਪ੍ਰਕਿਰਿਆ ਚਾਰ ਤੋਂ ਪੰਜ ਵਾਰੀਂ ਹੁੰਦੀ ਦੁਹਰਾਈ ਜਾਂਦੀ ਹੈ ਤੇ ਹਰ ਸ਼ੈਅ ਵੱਖਰੇ-ਵੱਖਰੇ ਤਰੀਕੇ ਨਾਲ਼ ਲਪੇਟੀ ਜਾਂਦੀ ਹੈ," ਪਰਈਆਰ ਭਾਈਚਾਰੇ (ਰਾਜ ਵਿੱਚ ਪਿਛੜੀਆਂ ਜਾਤੀਆਂ ਹੇਠ ਸੂਚੀਬੱਧ) ਦੇ ਮੈਂਬਰ, ਗੋਮਤੀ ਕਹਿੰਦੀ ਹੈ।




















