ਹਾਟ ਵਿੱਚ, ਮੈਂ ਧਰਮੀ ਨੂੰ ਕਿਹਾ ਕਿ ਇਹ ਵਿਸ਼ਵਾਸ ਕਰਨਾ ਮੁਸ਼ਕਲ ਸੀ ਕਿ ਉਹ ਇੰਨਾ ਭਾਰ ਚੁੱਕ ਕੇ ਇੱਥੇ ਆਏ ਸਨ। ਇਹ ਸੁਣ ਕੇ ਸਾਡੇ ਆਲ਼ੇ-ਦੁਆਲ਼ੇ ਇਕੱਠੀ ਹੋਈ ਛੋਟੀ ਭੀੜ ਹੱਸ ਪਈ। ਲੋਕਾਂ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਧਰਮੀ ਨਾਲ਼ੋਂ ਵੀ ਕਿਤੇ ਵੱਧ ਯਾਤਰਾ ਕਰਦੀਆਂ ਹਨ। ਇਸ ਗੱਲ ਦੀ ਪੁਸ਼ਟੀ ਕਰਨ ਦਾ ਸਿਰਫ ਇੱਕ ਹੀ ਤਰੀਕਾ ਹੈ। ਅਗਲੇ ਦਿਨ, ਸਾਨੂੰ ਵੱਖ-ਵੱਖ ਖੇਤਰਾਂ ਅਤੇ ਪਹਾੜੀ ਰਸਤਿਆਂ 'ਤੇ ਪਹਾੜੀਆ ਔਰਤਾਂ ਨਾਲ਼ ਇਹ ਦੂਰੀ ਤੈਅ ਕਰਨੀ ਪਵੇਗੀ।
ਹਾਲਾਂਕਿ, ਅਗਲੇ ਦਿਨ, ਸਵੇਰੇ 6 ਵਜੇ, ਠੇਠਰੀਗੋੜਾ ਪਹਾੜੀ ਰਸਤਿਓਂ ਅੱਧੀ ਦੂਰੀ ਪਾਰ ਕਰਦੇ ਸਮੇਂ ਇਹ ਵਿਚਾਰ ਬਹੁਤਾ ਸਹੀ ਨਹੀਂ ਜਾਪਦਾ। ਪਹਾੜੀਆ ਦੇ ਕੁਝ ਪਿੰਡਾਂ ਤੱਕ ਪਹੁੰਚਣ ਲਈ, ਤੁਹਾਨੂੰ ਦੋ ਜਾਂ ਤਿੰਨ ਪਹਾੜੀਆਂ ਪਾਰ ਕਰਨੀਆਂ ਪੈਂਦੀਆਂ ਹਨ। ਅਸੀਂ ਅੱਠ ਕਿਲੋਮੀਟਰ ਦੀ ਦੂਰੀ ਤੈਅ ਕੀਤੀ, ਜਿਸ ਲਈ ਪਹਾੜ 'ਤੇ ਚੰਗੀ-ਖ਼ਾਸੀ ਚੜ੍ਹਾਈ ਵੀ ਕਰਨੀ ਪਈ। ਕਾਫ਼ੀ ਦੇਰ ਭਟਕਣ ਤੋਂ ਬਾਅਦ, ਅਸੀਂ ਪਹਾੜੀਆ ਔਰਤਾਂ ਦੇ ਇੱਕ ਸਮੂਹ ਨੂੰ ਦੇਖਿਆ, ਜੋ ਹੱਥਾਂ ਵਿੱਚ ਦਾਤੀਆਂ ਲੈ ਕੇ ਜੰਗਲ ਵੱਲ ਇੱਕ ਕਤਾਰ ਵਿੱਚ ਜਾ ਰਹੀਆਂ ਸਨ। ਉਨ੍ਹਾਂ ਦੀ ਤੇਜ਼ ਅਤੇ ਚੁਸਤ ਚਾਲ ਨਾਲ਼ ਤਾਲਮੇਲ ਰੱਖਣਾ ਮੁਸ਼ਕਲ ਸੀ। ਫਿਰ ਵੀ, ਅਸੀਂ ਉਨ੍ਹਾਂ ਦਾ ਪਿੱਛਾ ਕਰਦੇ ਰਹੇ। ਰਸਤੇ ਵਿੱਚ, ਅਸੀਂ ਕੁਝ ਹੋਰ ਸਮੂਹਾਂ ਨੂੰ ਦੇਖਿਆ, ਜਾਂ ਤਾਂ ਜੰਗਲ ਵੱਲ ਜਾ ਰਹੇ ਸਨ ਜਾਂ ਜੰਗਲ ਤੋਂ ਆਪਣੇ ਪਿੰਡਾਂ ਨੂੰ ਪਰਤ ਰਹੇ ਸਨ। ਹਰੇਕ ਔਰਤ ਦੇ ਸਿਰ ਦੇ ਉੱਪਰ ਲੱਕੜ ਦਾ ਇੱਕ ਵੱਡਾ ਬੰਡਲ ਸੀ, ਜਿਸਦਾ ਭਾਰ 30 ਤੋਂ 40 ਕਿਲੋਗ੍ਰਾਮ ਦੇ ਵਿਚਕਾਰ ਸੀ।
*
ਪਹਾੜੀਆ ਔਰਤਾਂ ਦੇ ਇਸ ਸਪੱਸ਼ਟ ਜੋਸ਼ ਅਤੇ ਸਰੀਰਕ ਤਾਕਤ ਦੇ ਪਿੱਛੇ ਤਲਖ਼ ਹਕੀਕਤ ਇਹੀ ਹੈ ਕਿ ਉਨ੍ਹਾਂ ਵਿੱਚੋਂ ਬਹੁਤ ਘੱਟ ਔਰਤਾਂ ਹੀ 50 ਸਾਲ ਦੀ ਉਮਰ ਤੱਕ ਜਿਉਂਦੀਆਂ ਰਹਿ ਪਾਉਂਦੀਆਂ ਹਨ। ਗੋਡਾ ਦੇ ਕਾਫ਼ੀ ਸਾਰੇ ਪਹਾੜੀਆ ਪਿੰਡਾਂ ਵਿੱਚ, ਇਸ ਤੋਂ ਵੱਡੀ ਉਮਰ ਦੇ ਮਰਦਾਂ ਅਤੇ ਔਰਤਾਂ ਨੂੰ ਲੱਭਣਾ ਮੁਸ਼ਕਲ ਹੈ। ਬਹੁਤ ਸਾਰੀਆਂ ਔਰਤਾਂ 45 ਸਾਲ ਦੀ ਉਮਰ ਵੀ ਨਹੀਂ ਦੇਖ ਪਾਉਂਦੀਆਂ।
ਜਿਸ ਦਿਨ ਗੁਹੀ ਪਹਾੜਿਨੀ ਹਾਟ ਵਿੱਚ ਲੱਕੜ ਲਿਆਉਂਦੇ ਹਨ, ਉਹ 40 ਕਿਲੋਮੀਟਰ ਪੈਦਲ ਤੁਰਦੇ ਹਨ। ਪਰ ਇਹ ਉਨ੍ਹਾਂ ਦੀ ਛੋਟੀ ਜਿਹੀ ਜ਼ਿੰਦਗੀ ਦੀ ਲੰਬੀ ਯਾਤਰਾ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੈ। ਉਹ ਪਾਣੀ ਇਕੱਠਾ ਕਰਨ ਲਈ ਹਰ ਰੋਜ਼ 6 ਤੋਂ 8 ਕਿਲੋਮੀਟਰ ਤੁਰਦੇ ਹਨ।
"ਪਾਣੀ ਭਰਨ ਦੀ ਜਗ੍ਹਾ ਬਹੁਤੀ ਦੂਰ ਨਹੀਂ ਹੈ [ਲਗਭਗ 2 ਕਿਲੋਮੀਟਰ]। ਪਰ ਮੈਂ ਇੱਕੋ ਸਮੇਂ ਬਹੁਤ ਜ਼ਿਆਦਾ ਪਾਣੀ ਨਹੀਂ ਚੁੱਕ ਸਕਦੀ। ਇਸ ਲਈ ਮੈਨੂੰ ਦਿਨ ਵਿੱਚ 3 ਤੋਂ 4 ਵਾਰ ਪਾਣੀ ਲਿਆਉਣ ਜਾਣਾ ਪੈਂਦਾ ਹੈ," ਭਾਰਦਵਾਜ ਕਹਿੰਦੇ ਹਨ, ਇਹ ਜਦੋਜਹਿਦ ਉਸ ਸਫ਼ਰ ਵਿੱਚ ਨਹੀਂ ਜੁੜਦੀ ਜੋ ਉਹ ਹਫ਼ਤੇ ਵਿੱਚ ਦੋ ਵਾਰ ਹਾਟ ਜਾਣ ਲਈ ਤੈਅ ਕਰਦੇ ਹਨ। ਭਾਵੇਂ ਪਾਣੀ ਦਾ ਸਰੋਤ 'ਸਿਰਫ਼' 2 ਕਿਲੋਮੀਟਰ ਦੂਰ ਹੋਵੇ, ਪਰ 2 ਕਿਲੋਮੀਟਰ ਦੀ ਯਾਤਰਾ ਕਾਫ਼ੀ ਮੁਸ਼ਕਲ ਅਤੇ ਖੜ੍ਹੀ ਚੜ੍ਹਾਈ ਹੈ ਜੋ ਸਰੀਰ ਨੂੰ ਤੋੜ ਦਿੰਦੀ ਹੈ।
ਇਹ ਸਿਰਫ਼ ਗੁਹੀ ਨਹੀਂ ਹੈ ਜਿਨ੍ਹਾਂ ਨੂੰ ਇਹ ਸਭ ਝੱਲਣਾ ਪੈਂਦਾ ਹੈ। ਜ਼ਿਆਦਾਤਰ ਪਹਾੜੀਆ ਔਰਤਾਂ ਨੂੰ ਇਸ ਤਰ੍ਹਾਂ ਦੀ ਮਿਹਨਤ ਕਰਨੀ ਪੈਂਦੀ ਹੈ। ਜਦੋਂ ਅਸੀਂ ਫਿਸਲਣ ਵਾਲ਼ੀਆਂ ਢਲਾਨਾਂ ਵੱਲ ਨੂੰ ਚੜ੍ਹਨ ਲੱਗੇ, ਜੋ ਮਾਨਸੂਨ ਕਾਰਨ ਵਧੇਰੇ ਖਤਰਨਾਕ ਹੋ ਗਈਆਂ ਸਨ, ਤਾਂ ਸਾਨੂੰ ਅਹਿਸਾਸ ਹੋਇਆ ਕਿ ਇਹ ਔਰਤਾਂ ਕਿੰਨੀ ਮਿਹਨਤ ਕਰਦੀਆਂ ਹਨ। ਦਿੱਲੀ ਅਤੇ ਬੰਬਈ ਦੇ ਵਿਚਕਾਰ ਜਿੰਨੀ ਦੂਰੀ ਹੈ, ਗੁਹੀ ਜਿਹੀਆਂ ਪਹਾੜੀਆ ਔਰਤਾਂ ਸਾਲ ਵਿੱਚ 4 ਤੋਂ 5 ਵਾਰ ਉਹ ਦੂਰੀ ਤੈਅ ਕਰ ਹੀ ਲੈਂਦੀਆਂ ਹਨ।
ਇੱਥੋਂ ਦੇ ਆਦਮੀ ਪਹਾੜੀਆਂ 'ਤੇ ਸ਼ਿਫਟਿੰਗ ਖੇਤੀ ਕਰਦੇ ਹਨ। ਇਹ ਟਿਕਾਊ ਹੁੰਦੀ ਹੈ ਜੇ ਤੁਸੀਂ ਦਸ ਸਾਲ ਲਈ ਖੇਤੀ ਵਾਲੀ ਜ਼ਮੀਨ 'ਤੇ ਵਣਾਂ ਨੂੰ ਆਪਣੇ ਪਿਛਲੇ ਪੱਧਰ ਤੱਕ ਵਧਣ ਦਾ ਮੌਕਾ ਦਿੰਦੇ ਹਨ। ਪਹਾੜੀਆ ਕਦੇ ਇਸੇ ਤਰ੍ਹਾਂ ਕੰਮ ਕਰਦੇ ਸਨ। ਹਾਲਾਂਕਿ, ਕਰਜ਼ੇ, ਜ਼ਮੀਨ 'ਤੇ ਦਬਾਅ ਅਤੇ ਗੁਜ਼ਾਰੇ ਦੀਆਂ ਜ਼ਰੂਰਤਾਂ ਦੇ ਕਾਰਨ, ਉਸੇ ਖੇਤਰ ਵਿੱਚ ਖੇਤੀ ਦਸ ਸਾਲ ਤੋਂ ਬਹੁਤ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਇਸ ਚੱਕਰ ਦੇ ਪੂਰਾ ਨਾ ਹੋਣ ਕਾਰਨ ਜੰਗਲਾਂ ਨੂੰ ਸਾਫ਼ ਕਰਨਾ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ, ਉਸੇ ਖੇਤਰ ਵਿੱਚ ਬਹੁਤ ਜ਼ਿਆਦਾ ਖੇਤੀ ਕਰਨ ਨਾਲ਼ ਝਾੜ ਵਿੱਚ ਗਿਰਾਵਟ ਆਉਂਦੀ ਹੈ।
ਇੱਥੇ ਉਗਾਈਆਂ ਜਾਣ ਵਾਲੀਆਂ ਫਲ਼ੀਆਂ ਦੀਆਂ ਕੁਝ ਕਿਸਮਾਂ ਮੁੰਬਈ ਵਿੱਚ ਮਹਿੰਗਾ ਭਾਅ ਰੱਖਦੀਆਂ ਹਨ। ਪਰ ਪਹਾੜੀਆਂ ਆਦਿਵਾਸੀ ਨੂੰ ਇਹ ਨਸੀਬ ਨਹੀਂ ਹੁੰਦੀਆਂ। "ਮੈਨੂੰ ਆਪਣੀ ਫ਼ਸਲ ਮਹਾਜਨ ਨੂੰ ਵੇਚਣੀ ਪਵੇਗੀ, ਜਿਸ ਨੇ ਮੈਨੂੰ ਕਰਜ਼ਾ ਦਿੱਤਾ," ਚੰਦਰਸ਼ੇਖਰ ਪਹਾੜੀਆ ਕਹਿੰਦੇ ਹਨ। ਪਹਾੜੀਆ ਆਪਣੀ ਹੀ ਉਗਾਈ ਉਪਜ ਦਾ ਉਪਭੋਗ ਨਹੀਂ ਕਰ ਪਾਉਂਦੇ। ਸਭ ਸ਼ਾਹੂਕਾਰਾਂ ਨੂੰ 'ਵੇਚਣਾ' ਪੈਂਦਾ ਹੈ। ਡਾ. ਦਰਧਿਯਾਰ ਦੇ ਅਧਿਐਨ ਦਾ ਅਨੁਮਾਨ ਹੈ ਕਿ ਪਹਾੜੀਆ ਆਦਿਵਾਸੀਆਂ ਦੀ ਕਮਾਈ ਦਾ 46 ਪ੍ਰਤੀਸ਼ਤ ਕਰਜ਼ਾ ਚੁਕਾਉਣ ਦੇ ਬਦਲੇ ਸਿੱਧੇ ਸ਼ਾਹੂਕਾਰਾਂ ਨੂੰ ਜਾਂਦਾ ਹੈ। ਇਸ ਤੋਂ ਇਲਾਵਾ, ਵਾਧੂ ਕਮਾਈ ਦਾ 39 ਪ੍ਰਤੀਸ਼ਤ ਅਸਿੱਧੇ ਤੌਰ 'ਤੇ ਕਰਜ਼ਦਾਤਾਵਾਂ ਨੂੰ ਵੀ ਜਾਂਦਾ ਹੈ (ਬੁਨਿਆਦੀ ਜ਼ਰੂਰਤਾਂ ਆਦਿ ਦੀ ਖਰੀਦ ਰਾਹੀਂ)।
ਅਸੀਂ ਔਰਤਾਂ ਦੇ ਪਿੱਛੇ ਫੁੱਲੇ ਸਾਹਾਂ ਨਾਲ਼ ਹੰਭਦੇ ਹੋਏ ਚੱਲ ਰਹੇ ਹਾਂ, ਇੱਕ ਪਹਾੜੀ ਤੋਂ ਉਤਰਦੇ ਹਾਂ ਦੂਜੀ 'ਤੇ ਚੜ੍ਹ ਜਾਂਦੇ ਹਾਂ। ਸਾਫ਼ ਅਤੇ ਸੁੰਨਸਾਨ ਦਿਖਾਈ ਦੇਣ ਵਾਲੀਆਂ ਪਹਾੜੀਆਂ ਬਹੁਤ ਵੀਰਾਨ ਦਿਖਾਈ ਦਿੰਦੀਆਂ ਹਨ। ਇਸ ਸਮੇਂ ਦੌਰਾਨ, ਜਿਨ੍ਹਾਂ ਪਿੰਡਾਂ ਤੋਂ ਅਸੀਂ ਲੰਘੇ, ਸਕੂਲ ਦੇ ਨਾਮ 'ਤੇ ਸਿਰਫ਼ ਖਾਲੀ ਇਮਾਰਤਾਂ ਮਿਲੀਆਂ ਜਾਂ ਉਹ ਸਿਰਫ਼ ਕਾਗਜ਼ਾਂ 'ਤੇ ਮੌਜੂਦ ਸਨ। ਇੱਥੇ ਪੜ੍ਹੀ-ਲਿਖੀ ਪਹਾੜੀਆ ਔਰਤ ਲੱਭਣਾ ਲਗਭਗ ਅਸੰਭਵ ਹੈ।
ਇਨ੍ਹਾਂ ਔਰਤਾਂ ਤੋਂ ਬੱਸ 20 ਮੀਟਰ ਅੱਗੇ ਤੁਰਦਿਆਂ ਤਸਵੀਰਾਂ ਖਿੱਚਣਾ ਤੇ ਵੱਧਦੇ ਰਹਿਣ ਸੌਖਾ ਨਹੀਂ ਹੈ। ਇਸ ਲੂੰਹਦੇ ਤੇ ਤੇਜ਼ ਗਰਮੀ ਅਤੇ ਉਨ੍ਹਾਂ ਦੀ ਤੇਜ਼ ਰਫ਼ਤਾਰ ਨੂੰ ਜਦੋਂ ਅਸੀਂ ਸਹਿਣਯੋਗ ਨਾ ਰਹੇ ਤਾਂ ਅਸੀਂ ਅਜੇ ਸੋਚ ਹੀ ਰਹੇ ਸਾਂ ਕਿ ਉਹ ਆਰਾਮ ਕਰਨ ਅਤੇ ਨੇੜਲੇ ਪਾਣੀ ਦੇ ਸਰੋਤ ਤੋਂ ਪਾਣੀ ਪੀਣ ਲਈ ਢਲਾਣ 'ਤੇ ਰੁਕ ਵੀ ਗਈਆਂ। ਇਸ ਨੇ ਸਾਡੇ ਫੁੱਲੇ ਹੋਏ ਫੇਫੜਿਆਂ ਅਤੇ ਸੁੰਗੜ ਰਹੇ ਹੰਕਾਰ ਨੂੰ ਸ਼ਾਂਤ ਹੋਣ ਦਾ ਮੌਕਾ ਦਿੱਤਾ। ਉਹ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀਆਂ ਹਨ।
ਡਾ. ਦਰਧਿਯਾਰ ਦਾ ਅਧਿਐਨ ਦਰਸਾਉਂਦਾ ਹੈ ਕਿ ਇੱਥੇ ਨਦੀਆਂ ਵਿੱਚ ਆਇਓਡੀਨ ਦੀ ਘਾਟ ਹੈ ਅਤੇ ਗੁਣਵੱਤਾ "ਬਹੁਤ ਮਾੜੀ" ਹੈ। ਉਹ ਕਹਿੰਦੇ ਹਨ ਕਿ ਇਹ ਇੱਥੋਂ ਦੇ ਲੋਕਾਂ ਦੀ "ਤਰਸਯੋਗ ਹਾਲਤ" ਦਾ ਕਾਰਨ ਹੋ ਸਕਦਾ ਹੈ।
ਇੱਥੇ ਕੋਈ ਪਾਣੀ ਦੀ ਸਪਲਾਈ ਪ੍ਰਣਾਲੀ ਨਹੀਂ ਹੈ ਜਿਸਦਾ ਨਾਮ ਤੱਕ ਲਿਆ ਜਾ ਸਕਦਾ ਹੋਵੇ। ਇਹ ਸਥਿਤੀ ਸਾਲਾਂ ਦੀ ਅਣਗਹਿਲੀ ਕਾਰਨ ਪੈਦਾ ਹੋਈ ਹੈ। ਇਸ ਲਈ, ਪਹਾੜੀਆ ਆਦਿਵਾਸੀ ਪਾਣੀ ਨਾਲ਼ ਹੋਣ ਵਾਲੀਆਂ ਕਈ ਬਿਮਾਰੀਆਂ ਤੋਂ ਪੀੜਤ ਹਨ। ਇਨ੍ਹਾਂ ਵਿੱਚ ਦਸਤ, ਪੇਚਿਸ਼ ਅਤੇ ਜਿਗਰ ਦਾ ਵਧਣਾ ਵਰਗੀਆਂ ਬਿਮਾਰੀਆਂ ਸ਼ਾਮਲ ਹਨ। ਬਹੁਤ ਸਾਰੇ ਲੋਕ ਤਪਦਿਕ, ਥਾਇਰਾਇਡ ਅਤੇ ਅਨੀਮੀਆ ਵਰਗੀਆਂ ਪੁਰਾਣੀਆਂ ਬਿਮਾਰੀਆਂ ਤੋਂ ਵੀ ਪੀੜਤ ਹਨ। ਇਸ ਤੋਂ ਇਲਾਵਾ, ਇਹ ਮਲੇਰੀਆ ਦੀ ਸੰਭਾਵਨਾ ਵਾਲ਼ਾ ਖੇਤਰ ਵੀ ਹੈ। ਡੋਰੀਓ ਪਿੰਡ ਦੇ ਸਭ ਤੋਂ ਬਜ਼ੁਰਗ ਵਸਨੀਕ, 45 ਸਾਲਾ ਗੰਧੇ ਪਹਾੜੀਆ ਕਹਿੰਦੇ ਹਨ: "ਜੇ ਇੱਥੇ ਕੋਈ ਵਿਅਕਤੀ ਬਹੁਤ ਬਿਮਾਰ ਹੋ ਜਾਂਦਾ ਹੈ, ਤਾਂ ਨੇੜੇ ਕੋਈ ਹਸਪਤਾਲ ਨਹੀਂ ਹੈ। ਸਾਨੂੰ ਉਸ ਨੂੰ ਬਾਂਸ ਦੇ ਮੰਜੇ 'ਤੇ ਲਿਟਾ ਕੇ ਲਿਜਾਣਾ ਪੈਂਦਾ ਹੈ ਅਤੇ ਇਨ੍ਹਾਂ ਰਸਤਿਆਂ ਰਾਹੀਂ ਉਸ ਨੂੰ ਲਗਭਗ 15 ਕਿਲੋਮੀਟਰ ਤੱਕ ਲਿਜਾਣਾ ਪੈਂਦਾ ਹੈ।
ਔਰਤਾਂ ਨੇ ਪਾਣੀ ਪੀਤਾ ਹੈ ਅਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੀਆਂ ਹਨ। ਇੱਥੇ, ਇੱਕ ਔਰਤ ਦੀ ਪਾਣੀ ਲਿਆਉਣ ਦੀ ਯੋਗਤਾ ਦੀ ਪਰਖ ਉਦੋਂ ਕੀਤੀ ਜਾਂਦੀ ਹੈ ਜਦੋਂ ਉਹ ਆਪਣੇ ਭਵਿੱਖ ਦੇ ਸਹੁਰੇ ਪਰਿਵਾਰ ਨਾਲ਼ ਰਹਿਣ ਜਾਂਦੀ ਹੈ। ਪਹਾੜੀਆਂ ਵਿੱਚ, ਵਿਆਹ ਦੀ ਰਸਮ ਔਰਤ ਦੇ ਆਪਣੇ ਸਹੁਰੇ ਘਰ ਜਾਣ ਤੋਂ ਬਾਅਦ ਹੁੰਦੀ ਹੈ। ਸੁੰਦਰਪਹਾੜੀਆ ਬਲਾਕ ਦੇ ਅਪਰ ਸਿਡਲਰ ਪਿੰਡ ਦੇ ਬਜ਼ੁਰਗ ਐਤਰੋ ਪਹਾੜੀਆ ਦਾ ਕਹਿਣਾ ਹੈ ਕਿ ਇੱਥੇ ਪਾਣੀ ਦੀ ਜਾਂਚ ਬਹੁਤ ਮਹੱਤਵਪੂਰਨ ਹੈ। "ਜਦੋਂ ਕੋਈ ਕੁੜੀ ਸਾਡੇ ਹਾਲਾਤਾਂ ਵਿੱਚ ਪਾਣੀ ਲਿਆਉਣ ਦੇ ਯੋਗ ਹੁੰਦੀ ਹੈ ਤਾਂ ਹੀ ਉਸਨੂੰ ਸਵੀਕਾਰ ਕੀਤਾ ਜਾਂਦਾ ਹੈ।''
ਸੰਥਾਲ ਪਹਾੜੀਆ ਸੇਵਾ ਮੰਡਲ ਦੇ ਗਿਰੀਧਰ ਮਾਥੁਰ, ਜੋ ਲਗਭਗ 14 ਸਾਲਾਂ ਤੋਂ ਕਬੀਲੇ ਵਿੱਚ ਕੰਮ ਕਰ ਰਹੇ ਹਨ, ਦਾ ਮੰਨਣਾ ਹੈ ਕਿ ਔਰਤਾਂ ਦੀ 'ਅਜਮਾਇਸ਼' ਦੇ ਇਸ ਪਹਿਲੂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਹਾਲਾਂਕਿ, ਉਹ ਇਸ ਗੱਲ ਨਾਲ਼ ਵੀ ਸਹਿਮਤ ਹਨ ਕਿ ਕਿਸੇ ਆਦਮੀ ਦੀ ਕੰਮ ਕਰਨ ਦੀ ਯੋਗਤਾ ਦੀ ਪਰਖ ਨਹੀਂ ਕੀਤੀ ਜਾਂਦੀ। ਮਾਥੁਰ ਦੇ ਅਨੁਸਾਰ, ਇੱਕ ਔਰਤ ਵੀ ਕਿਸੇ ਆਦਮੀ ਦੇ ਘਰ ਜਾਣ ਦੇ ਬਾਅਦ ਕਈ ਹੋਰ ਅਧਾਰਾਂ 'ਤੇ ਉਸ ਨੂੰ ਅਸਵੀਕਾਰ ਵੀ ਕਰ ਸਕਦੀ ਹੈ।
*
ਠੇਠਰੀਗੋਡਾ ਅਤੇ ਬੋਡਾ ਖੋਟਾ ਦੇ ਵਿਚਕਾਰ ਰਸਤਾ ਸਿੱਧੀ ਚੜ੍ਹਾਈ ਵਾਲ਼ਾ ਹੈ, ਫਿਸਲਣ ਭਰਿਆ ਅਤੇ ਤਿੱਖੇ ਪੱਥਰਾਂ ਨਾਲ਼ ਭਰਿਆ ਹੋਇਆ ਹੈ। ਪਹਾੜੀਆ ਆਦਿਵਾਸੀਆਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। "ਇੱਥੇ ਸੜਕਾਂ ਤਰੱਕੀ ਦੀ ਨਹੀਂ ਸ਼ੋਸ਼ਣ ਦੀ ਨਿਸ਼ਾਨੀ ਹਨ," ਮਾਥੁਰ ਕਹਿੰਦੇ ਹਨ। ਪਹਾੜੀਆ ਆਦਿਵਾਸੀ, ਜੋ ਮੈਦਾਨੀ ਇਲਾਕਿਆਂ ਦੇ ਨੇੜੇ ਰਹਿੰਦੇ ਹਨ, ਪਹਾੜੀਆਂ ਦੀਆਂ ਚੋਟੀਆਂ 'ਤੇ ਸਥਿਤ ਪਿੰਡ ਵਾਲ਼ੇ ਸ਼ਾਹੂਕਾਰਾਂ ਦੀ ਮਾਰ ਹੇਠ ਵੱਧ ਹਨ।
ਇੱਥੇ ਜੋ 'ਵਿਕਾਸ ਯੋਜਨਾਵਾਂ' ਆਈਆਂ ਹਨ, ਉਨ੍ਹਾਂ ਵਿੱਚ ਪਹਾੜੀਆ ਆਦਿਵਾਸੀਆਂ ਨੂੰ ਕਦੇ ਵੀ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇੱਕ ਯੋਜਨਾ ਤਹਿਤ ਪਹਾੜੀਆ ਪਰਿਵਾਰਾਂ ਨੂੰ ਦੋ ਗਊਆਂ ਦਿੱਤੀਆਂ ਗਈਆਂ। ਪਹਾੜੀਆ ਗਊਆਂ ਦਾ ਦੁੱਧ ਨਹੀਂ ਚੋਂਦੇ - ਉਨ੍ਹਾਂ ਦਾ ਮੰਨਣਾ ਹੈ ਕਿ ਗਾਂ ਦਾ ਦੁੱਧ ਬਛੜਿਆਂ ਲਈ ਹੈ।
ਪਹਾੜੀਆ ਲੋਕ ਦੁੱਧ ਤੋਂ ਬਣੀਆਂ ਚੀਜ਼ਾਂ ਵੀ ਨਹੀਂ ਖਾਂਦੇ, ਪਰ ਇਸ ਗੱਲ ਦਾ ਕਿਸੇ ਨੂੰ ਪਤਾ ਵੀ ਨਹੀਂ। ਉਹ ਬੀਫ਼ ਖਾਂਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਬਹੁਤ ਸਾਰਾ 'ਕਰਜ਼ਾ' ਵੀ ਸਿਰ ਪਾ ਲਿਆ ਹੈ। ਹੋਰਾਂ ਨੇ ਗਊਆਂ ਨੂੰ ਮਾਲ਼ ਢੋਹਣ ਲਈ ਵਰਤਣ ਦੀ ਕੋਸ਼ਿਸ਼ ਕੀਤੀ, ਪਰ ਬੀਹੜ ਇਲਾਕੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਤੇ ਫਿਰ, ਦੇਸ਼ ਦੇ ਕੁਝ ਸਭ ਤੋਂ ਗ਼ਰੀਬ ਲੋਕਾਂ ਤੋਂ ਉਸ ਕਰਜ਼ੇ ਦੀ ਪਾਈ-ਪਾਈ ਵਸੂਲੀ ਗਈ ਜੋ ਉਨ੍ਹਾਂ ਨੂੰ ਕਦੇ ਚਾਹੀਦਾ ਹੀ ਨਹੀਂ ਸੀ।
ਮਾਥੁਰ ਦੱਸਦੇ ਹਨ ਕਿ ਸਰਕਾਰੀ ਫੰਡਾਂ ਨਾਲ਼ ਸਿਰਫ਼ "ਠੇਕੇਦਾਰਾਂ ਦੀ ਇੱਕ ਪਲਟਨ" ਖੁਸ਼ਹਾਲ ਹੋਈ ਹੈ। ਭ੍ਰਿਸ਼ਟ ਅਧਿਕਾਰੀਆਂ ਦੇ ਜ਼ੁਲਮ ਤੋਂ ਤੰਗ ਆ ਕੇ ਪਹਾੜੀਆ ਲੋਕ ਸ਼ਾਹੂਕਾਰਾਂ ਦੇ ਚੁੰਗਲ ਵਿਚ ਫਸਦੇ ਜਾ ਰਹੇ ਹਨ। ਰਾਜਨੀਤਿਕ ਤੌਰ 'ਤੇ ਜਾਗਰੂਕ ਪਹਾੜੀਆ ਆਦਿਵਾਸੀ ਮਧੂ ਸਿੰਘ ਇਸ ਨੂੰ ਇਸ ਸਰਲ ਸ਼ਬਦਾਂ ਵਿੱਚ ਸੰਖੇਪ ਵਿੱਚ ਬਿਆਨ ਕਰਦੇ ਹਨ: "ਅਧਿਕਾਰੀ ਆਰਜ਼ੀ ਹਕੀਕਤ ਹਨ। ਮਹਾਜਨ ਹੀ ਇੱਥੋਂ ਦੀ ਅਟਲ ਸੱਚਾਈ ਹਨ।''
ਇੱਥੇ ਰਾਜਨੀਤਕ ਅੰਦੋਲਨਾਂ ਦਾ ਸੀਮਤ ਪ੍ਰਭਾਵ ਪਿਆ ਹੈ। ਸੀਪੀਆਈ ਦੀ ਅਗਵਾਈ ਵਿੱਚ 60 ਤੇ 70 ਦੇ ਦਹਾਕੇ ਦੌਰਾਨ ਹੋਏ ਅੰਦੋਲਨ ਵਿੱਚ ਪਹਾੜੀਆ ਭੂਮੀ ਨੂੰ ਮਹਾਜਨਾਂ ਦੇ ਕੰਟਰੋਲ ਤੋਂ ਛੁਡਾ ਲਿਆ ਗਿਆ ਸੀ। ਪਰ ਰਾਜ ਨੇ ਅੱਗੇ ਕਦੇ ਇਸ ਮਾਮਲੇ ਦਾ ਕੋਈ ਥਹੁ-ਪਤਾ ਨਾ ਲਿਆ, ਜਿਸ ਕਾਰਨ ਕਰਕੇ ਪੁਰਾਣੀ ਹਾਲਤ ਮੁੜ ਬਹਾਲ ਹੋ ਗਈ। ਸਾਰੀਆਂ ਐੱਨਜੀਓ, ਜਿਨ੍ਹਾਂ ਵਿੱਚ ਕੁਝ ਚੰਗੀ ਨੀਅਤ ਨਾਲ਼ ਕੰਮ ਕਰ ਰਹੀਆਂ ਹਨ, ਇਸ ਇਲਾਕੇ ਵਿੱਚ ਸਾਲਾਂ ਤੋਂ ਕੰਮ ਕਰ ਰਹੀਆਂ ਹਨ, ਪਰ ਉਨ੍ਹਾਂ ਨੂੰ ਕੋਈ ਸਫ਼ਲਤਾ ਨਾ ਮਿਲ਼ੀ।
ਡਾ. ਦਰਧਿਯਾਰ ਅਤੇ ਉਨ੍ਹਾਂ ਦੇ ਨਾਲ਼ ਅਧਿਐਨ ਕਰਨ ਵਾਲ਼ੇ ਡਾ. ਪੀ.ਕੇ. ਵਰਮਾ ਦਾ ਮੰਨਣਾ ਹੈ ਕਿ ਕਬੀਲੇ ਖ਼ਤਮ ਹੋਣ ਵੱਲ ਨੂੰ ਵੱਧ ਰਹੇ ਹਨ। ਸਰਕਾਰ ਇਸ ਗੱਲ ਤੋਂ ਇਨਕਾਰੀ ਹੈ ਪਰ ਇਹ ਜ਼ਰੂਰ ਸਵੀਕਾਰ ਕਰਦੀ ਹੈ ਕਿ ਇਹਦਾ ਖ਼ਤਰਾ ਮੌਜੂਦ ਹੈ। ਸਰਕਾਰ ਨੇ ਇਸ ਹਾਲਤ ਨਾਲ਼ ਦੋ-ਹੱਥ ਹੋਣ ਲਈ ਹੋਰ ਵੱਧ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦਾ ਲਾਭ ਸ਼ਾਇਦ ਹੀ ਪਹਾੜੀਆ ਆਦਿਵਾਸੀਆਂ ਨੂੰ ਮਿਲ਼ੇਗਾ, ਪਰ ਠੇਕੇਦਾਰਾਂ ਤੇ ਮਹਾਜਨਾਂ ਲਈ ਮੁਨਾਫ਼ੇ ਦਾ ਸੌਦਾ ਹੈ। ਮਧੁਸਿੰਘ ਕਹਿੰਦੇ ਹਨ,''ਇਸ ਵਿਚਾਲੇ, ਸਾਡੇ ਜੰਗਲ ਗਾਇਬ ਹੋ ਰਹੇ ਹਨ। ਸਾਡੀ ਜ਼ਮੀਨ ਘੱਟ ਰਹੇ ਹਨ, ਸਾਡੀ ਪੀੜ੍ਹ ਵੱਧਦੀ ਜਾ ਰਹੀ ਹੈ।''
*
ਅਸੀਂ ਪਹਾੜਪੁਰ ਤੋਂ ਕਾਫ਼ੀ ਅੱਗੇ ਚੱਲ ਕੇ ਹਾਟ ਤੱਕ ਪਹੁੰਚ ਗਏ ਹਾਂ ਤੇ ਇਹ ਜਗ੍ਹਾ ਇੱਥੋਂ 24 ਕਿ:ਮੀ ਦੂਰ ਹਨ ਜਿੱਥੇ ਅਸੀਂ ਉਨ੍ਹਾਂ ਔਰਤਾਂ ਨਾਲ਼ ਟਕਰਾਏ ਸਾਂ। ਪੂਰਾ ਦਿਨ ਅਸੀਂ ਕਰੀਬ 40 ਕਿ:ਮੀ ਪੈਦਲ ਤੁਰੇ। ਇਸ ਗੱਲ ਨੂੰ ਚੇਤੇ ਕਰਨ ਵਿੱਚ ਕੋਈ ਅਨੰਦ ਨਹੀਂ ਰਹਿ ਜਾਂਦਾ ਕਿ ਅਗਲੇ ਅੱਠ ਦਿਨਾਂ ਤੱਕ ਮੈਨੂੰ ਇਹੀ ਪ੍ਰਕਿਰਿਆ ਦਹੁਰਾਉਣੀ ਪੈਣੀ ਹੈ। ਔਰਤਾਂ ਸਾਡੇ ਸਾਹਮਣੇ 30 ਤੋਂ 40 ਕਿਲੋ ਬਾਲਣ ਦੇ ਬੰਡਲ ਵੇਚਦੀਆਂ ਹਨ, ਜਿਹਦੇ ਬਦਲੇ ਵਿੱਚ ਉਨ੍ਹਾਂ ਨੂੰ ਪੰਜ ਤੋਂ ਸੱਤ ਰੁਪਏ ਮਿਲ਼ਦੇ ਹਨ।
ਅਗਲੀ ਸਵੇਰ ਪੂਰਾ ਜਿਸਮ ਚੂਰ-ਚੂਰ ਹੋ ਰਿਹਾ ਹੈ। ਮੈਂ ਗੋਡਾ ਵਿਖੇ 1947 ਵਿੱਚ ਸਥਾਪਤ ਕੀਤੇ ਗਏ 'ਅਜ਼ਾਦੀ ਦੇ ਥੰਮ੍ਹ' ਨੂੰ ਦੇਖਦਾ ਹਾਂ। ਇਸ 'ਤੇ ਲਿਖਿਆ ਪਹਿਲਾ ਨਾਮ ਇੱਕ ਪਹਾੜੀਆ ਆਦਿਵਾਸੀ ਦਾ ਹੈ; ਸਗੋਂ ਥੰਮ੍ਹ 'ਤੇ ਸੂਚੀਬੱਧ ਬਹੁਤੇਰੇ ਸ਼ਹੀਦ ਪਹਾੜੀਆ ਕਬੀਲੇ ਦੇ ਹਨ।
ਅਜ਼ਾਦੀ ਲਈ ਸਭ ਤੋਂ ਪਹਿਲਾਂ ਜਾਨ ਦੇਣ ਵਾਲ਼ਾ ਕਬੀਲਾ, ਅਜ਼ਾਦ ਦੇਸ਼ ਵਿੱਚ ਸਭ ਤੋਂ ਅਖ਼ੀਰਲੇ ਪੌਡੇ 'ਤੇ ਖੜ੍ਹਾ ਹੈ।
ਪੀ. ਸਾਈਨਾਥ ਦੀ ਕਿਤਾਬ 'ਐਵਰੀਬਾਡੀ ਲਵਸ ਏ ਗੁਡ ਡਰਾਊਟ' ਦਾ ਇੱਕ ਹਿੱਸਾ, ਜਿਹਨੂੰ ਪੈਂਗੁਏਨ ਇੰਡੀਆ ਨੇ ਪ੍ਰਕਾਸ਼ਤ ਕੀਤਾ ਹੈ।
ਇਸ ਸਟੋਰੀ ਨੂੰ ਓਰਡਫਰੰਟ ਵੱਲੋਂ 20ਵੀਂ ਸਦੀ ਦੀ ਸਭ ਤੋਂ ਬਿਹਤਰੀਨ ਰਪਟਾਂ ਵਿੱਚ ਚੁਣਿਆ ਗਿਆ ਸੀ ਤੇ ਪ੍ਰਕਾਸ਼ਤ ਕੀਤਾ ਗਿਆ ਸੀ।
ਤਰਜਮਾ: ਨਿਰਮਲਜੀਤ ਕੌਰ