“ਪਾਣੀ ਬਹੁਤ ਬਦਬੂਦਾਰ ਹੈ, ਪਰ ਅਸੀਂ ਕਰ ਵੀ ਕੀ ਸਕਦੇ ਹਾਂ”?
ਸੂਰਜ ਢਲ਼ਦਿਆਂ ਹੀ ਬੱਚਾ ਦੇਵੀ ਦਿੱਲੀ ਵਿੱਚ ਯਮੁਨਾ ਨਦੀ ਵਿੱਚ ਡੁਬਕੀ ਲਾਉਣ ਦੀ ਤਿਆਰੀ ਕਰਦੇ ਹਨ। ਕਾਲਿੰਦੀ ਕੁੰਜ ਘਾਟ ਵਿਖੇ ਉਹ ਨੋਇਡਾ, ਦਿੱਲੀ ਅਤੇ ਫਰੀਦਾਬਾਦ ਤੋਂ ਆਏ ਉਹਨਾਂ ਹਜ਼ਾਰਾਂ ਲੋਕਾਂ ਵਿੱਚੋਂ ਇੱਕ ਹਨ ਜੋ ਨਵੰਬਰ ਦੇ ਪਹਿਲੇ ਹਫ਼ਤੇ ਦੌਰਾਨ ਸੂਰਜ, ਪਾਣੀ, ਹਵਾ ਅਤੇ ਕੁਦਰਤ ਨੂੰ ਸਮਰਪਿਤ ਸਲਾਨਾ ਛੱਠ ਮਹਾਪਰਵ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਨ। “ਸਾਡੇ ਲਈ ਛੱਠ ਸਭ ਤੋਂ ਵੱਡਾ ਤਿਉਹਾਰ ਹੈ, ਦੀਵਾਲੀ ਤੋਂ ਵੀ ਵੱਡਾ,” ਰਾਜੇਸ਼ ਮੰਡਲ ਦਾ ਕਹਿਣਾ ਹੈ। ਖਗਰੀਆ, ਬਿਹਾਰ ਨਾਲ਼ ਸਬੰਧ ਰੱਖਦੇ 45-ਸਾਲਾ ਰਾਜੇਸ਼ ਦਿੱਲੀ ਵਿੱਚ ਇੱਕ ਪ੍ਰਵਾਸੀ ਹਨ।
ਚਾਰ ਦਿਨਾਂ ਦੀ ਛੱਠ ਪੂਜਾ ਦੇ ਤੀਜੇ ਅਤੇ ਸਭ ਤੋਂ ਪਵਿੱਤਰ ਦਿਨ ਸੰਧਿਆ ਅਰਘਿਆ ਲਈ ਵਿਆਹੁਤਾ ਔਰਤਾਂ ਲੱਕ ਤੱਕ ਪਾਣੀ ਵਿੱਚ ਦੋ ਘੰਟੇ ਖੜ੍ਹ ਕੇ ਢਲਦੇ ਹੋਏ ਸੂਰਜ ਦੀ ਪੂਜਾ ਕਰਦੀਆਂ ਹਨ। ਦਿੱਲੀ ਅਤੇ ਨਾਲ਼ ਲੱਗਦੇ ਇਲਾਕੇ ਵਿੱਚ ਵੱਸਦੇ ਸ਼ਰਧਾਲੂਆਂ ਲਈ, ਖ਼ਤਰੇ ਦੀ ਹੱਦ ਤੱਕ ਪ੍ਰਦੂਸ਼ਿਤ ਯਮੁਨਾ ਨਦੀ ਇੱਕਮਾਤਰ ਵਿਕਲਪ ਹੈ।



















