“ਦੁਲਹਨ ਦੀ ਮਾਂ ਨੇ ਖਾਸ ਤੌਰ ਤੇ ਮੈਨੂੰ ਕਿਹਾ ਹੈ ਕਿ ਤੋਹਫ਼ੇ ਵਿੱਚ ਹੋਰ ਕੁਝ ਨਹੀਂ ਬਲਕਿ ਹੱਥ ਨਾਲ ਬੁਣੀਆਂ ਕੁਝ ਦੌਰੀਆਂ ਹੀ ਦੇਣਾ,”ਚੰਦ੍ਰਵਤੀ ਦੇਵੀ ਮੁਸਕੁਰਾ ਕੇ ਕਹਿੰਦੇ ਹਨ। “ਅਸੀਂ ਮਹਿੰਗੇ ਤੋਹਫ਼ੇ ਤਾਂ ਨਹੀਂ ਖਰੀਦ ਸਕਦੇ ਪਰ ਆਪਣੀ ਰਿਵਾਇਤ ਅਨੁਸਾਰ ਇਹ ਤੋਹਫ਼ੇ ਦਿੰਦੇ ਹਾਂ,” ਉਹ ਆਪਣੀ ਭਤੀਜੀ ਦੇ ਵਿਆਹ ਦੇ ਤੋਹਫ਼ਿਆਂ ਬਾਰੇ ਗੱਲ ਕਰਦਿਆਂ ਦੱਸਦੇ ਹਨ।
ਬਨੀਆ ਛਾਪਰ ਪਿੰਡ ਦੀ ਇਹ 45 ਸਾਲਾ ਵਸਨੀਕ ਕੋਲ ਸੁੱਕੇ ਹੋਏ ਮੁੰਜ ਦੇ ਘਾਹ ਨਾਲ ਟੋਕਰੀਆਂ ਬੁਣਨ ਦੀ ਖਾਸ ਮਹਾਰਤ ਹੈ ਜਿਨ੍ਹਾਂ ਨੂੰ ਦੌਰੀ ਕਿਹਾ ਜਾਂਦਾ ਹੈ। ਇਹ ਹੱਥ ਘੜਤ ਟੋਕਰੀਆਂ ਵਿਆਹ ਵੇਲੇ ਲਾੜੀ ਨੂੰ ਤੋਹਫ਼ੇ ਵਜੋਂ ਦੇਣ ਦੇ ਨਾਲ ਨਾਲ ਵਿਆਹ ਦੀਆਂ ਕੁਝ ਕੁ ਰਸਮਾਂ ਵਿੱਚ ਵੀ ਵਰਤੀਆਂ ਜਾਂਦੀਆਂ ਹਨ। ਚੰਦ੍ਰਵਤੀ ਇੱਕ ਕਿਸਾਨ ਹਨ ਜਿਨ੍ਹਾਂ ਕੋਲ ਅੱਧਾ ਵਿੱਘਾ ਜ਼ਮੀਨ ਹੈ ਅਤੇ ਖਾਲੀ ਵਕਤ ਵਿੱਚ ਉਹ ਬੁਣਾਈ ਦਾ ਕੰਮ ਕਰਦੇ ਹਨ।
ਦੌਰੀ ਅਨੇਕਾਂ ਕੰਮ ਆਉਂਦੀ ਹੈ। “ਸਾਡੇ ਕੋਲ ਅਨਾਜ, ਮਿਠਾਈ, ਆਟਾ ਜਾਂ ਸਬਜ਼ੀਆਂ ਰੱਖਣ ਲਈ ਅਲਮਾਰੀਆਂ ਨਹੀਂ ਹਨ। ਅਸੀਂ ਦੌਰੀਆਂ ਹੀ ਵਰਤਦੇ ਹਾਂ,” ਚੰਦ੍ਰਵਤੀ ਦੀ 18 ਸਾਲਾ ਧੀ ਪੁਸ਼ਪਾ ਦਾ ਕਹਿਣਾ ਹੈ।
ਬਿਹਾਰ ਦੇ ਗੋਪਾਲਗੰਜ ਜਿਲ੍ਹੇ ਵਿਖੇ ਉਹਨਾਂ ਦੇ ਘਰ ਵਿੱਚ ਕੰਧ ਨਾਲ ਮੁੰਜ ਦੀਆਂ ਭਰੀਆਂ ਦੀ ਢੇਰੀ ਲੱਗੀ ਹੋਈ ਹੈ। ਦਸੰਬਰ ਦੇ ਮਹੀਨੇ ਵਿੱਚ ਇਹ ਜੰਗਲੀ ਘਾਹ ਤਾਜ਼ੀ ਇਕੱਠੀ ਕਰ ਕੇ ਗਰਮੀਆਂ ਦੇ ਮਹੀਨਿਆਂ ਦੌਰਾਨ ਧੁੱਪੇ ਸੁੱਕਣ ਲਈ ਰੱਖੀ ਜਾਂਦੀ ਹੈ।














