ਇੱਕ ਪੁਰਾਤਨ ਲੱਕੜ ਦੀ ਕਾਠੀ, ਪੁਰਾਣੀ ਖੱਡੀ, ਪੋਲੋ ਖੇਡਣ ਵਾਲ਼ਾ ਡੰਡਾ, ਘਾਹ ਵਾਲ਼ੇ ਸਲਿੱਪਰ, ਪੁਰਾਣੇ ਚਾਂਦੀ ਦੇ ਗਹਿਣੇ, ਖਸਤਾ ਹਾਲ ਸ਼ੀਨਾ ਸ਼ਾਇਰੀ ਦਾ ਖਰੜਾ, ਵਿਆਹਾਂ ਵਿੱਚ ਔਰਤਾਂ ਦੇ ਸ਼ਿੰਗਾਰ ਲਈ ਵਰਤੇ ਜਾਣ ਵਾਲ਼ੇ ਰਿਵਾਇਤੀ ਕੰਘੇ ਅਤੇ ਹੋਰ ਵੀ ਕਾਫ਼ੀ ਕੁਝ। ਇਹ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤੀਂਦੀਆਂ ਕੁਝ ਪੁਰਾਤਨ ਚੀਜ਼ਾਂ ਹਨ ਜੋ ਬਸ਼ੀਰ ਅਹਿਮਦ ਟੀਰੂ ਦੇ ਅਜਾਇਬ ਘਰ ਵਿੱਚ ਪ੍ਰਦਰਸ਼ਨੀ ‘ਤੇ ਲੱਗੀਆਂ ਹੋਈਆਂ ਹਨ।
ਬਸ਼ੀਰ ਜੀ ਦਰਦ-ਸ਼ਿਨ ਕਬੀਲੇ ਨਾਲ਼ ਸਬੰਧ ਰੱਖਦੇ ਜੋ ਕਿ ਜ਼ਿਆਦਾਤਰ ਗੁਰੇਜ਼ ਅਤੇ ਦਰਾਸ ਦੇ ਇਲਾਕੇ ਵਿੱਚ ਰਹਿੰਦੇ ਹਨ। ਪਿਛਲੇ ਪੰਜ ਸਾਲਾਂ ਤੋਂ ਗੁਰੇਜ਼ ਘਾਟੀ ਤੋਂ ਲੋਕ ਕੀਮਤੀ ਵਿਰਾਸਤੀ ਵਸਤਾਂ ਅਤੇ ਰੋਜ਼ਾਨਾ ਵਰਤੋਂ ਦੀਆਂ ਹੋਰ ਪੁਰਾਣੀਆਂ ਚੀਜ਼ਾਂ ਉਨ੍ਹਾਂ ਨੂੰ ਉਨ੍ਹਾਂ ਦੇ ਦਾਵਰ ਵਿੱਚ ਸਥਿਤ ਅਜਾਇਬ ਘਰ ਵਿੱਚ ਰੱਖਣ ਲਈ ਦੇ ਕੇ ਜਾ ਰਹੇ ਹਨ।
“ਮੈਂ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਪੁਰਾਣੀਆਂ ਵਸਤਾਂ ਸੁੱਟਦੇ ਦੇਖਿਆ ਹੈ ਜੋ ਉਨ੍ਹਾਂ ਨੂੰ ਲੱਗਦਾ ਹੈ ਕਿ ਕਿਸੇ ਕੰਮ ਦੀਆਂ ਨਹੀਂ, ਪੁਰਾਣੇ ਕੱਪੜੇ ਬਾਲ਼ਦਿਆਂ, ਵਰਤੋਂ ਵਿੱਚ ਨਾ ਰਹੇ ਖੇਤੀ ਸੰਦ ਸੁੱਟਦਿਆਂ ਦੇਖਿਆ ਹੈ,” ਉਹ ਯਾਦ ਕਰਦੇ ਹਨ। ਜੋ ਸਮਾਨ ਪਹਿਲਾਂ ਪੁਰਾਣਾ ਹੋਣ ਕਾਰਨ ਸੁੱਟ ਦਿੱਤਾ ਜਾਂਦਾ ਸੀ ਜਾਂ ਜਲਾ ਦਿੱਤਾ ਜਾਂਦਾ ਸੀ, ਨੂੰ ਉਨ੍ਹਾਂ ਦੇ ਅਜਾਇਬ ਘਰ ਵਿੱਚ ਹੁਣ ਥਾਂ ਮਿਲ ਗਈ ਹੈ।
ਬਸ਼ੀਰ ਜੀ ਦਾ ਮੰਨਣਾ ਹੈ ਕਿ ਸਿਹਤ ਵਿਭਾਗ ਵਿੱਚ ਉਨ੍ਹਾਂ ਦੀ ਨੌਕਰੀ ਨੇ ਉਨ੍ਹਾਂ ਨੂੰ ਆਪਣੇ ਲੋਕਾਂ ਦੇ ਇਤਿਹਾਸ ਨੂੰ ਸੰਗ੍ਰਿਹ ਕਰਨ ਵਿੱਚ ਸਹਾਇਤਾ ਕੀਤੀ। ਸੂਬਾ ਸਰਕਾਰ ਦੇ ਇਸ 44 ਸਾਲਾ ਕਰਮਚਾਰੀ ਅਨੁਸਾਰ ਲੋਕ ਉਨ੍ਹਾਂ ‘ਤੇ ਭਰੋਸਾ ਕਰਦੇ ਹਨ ਅਤੇ ਇਸੇ ਕਾਰਨ ਹੀ ਅਜਾਇਬ ਘਰ ਦਾ ਪ੍ਰਬੰਧਨ ਕਰਨਾ ਆਸਾਨ ਹੋ ਜਾਂਦਾ ਹੈ। ਇੱਥੇ ਕਸ਼ਮੀਰ ਦੀ ਗੁਰੇਜ਼ ਘਾਟੀ ਵਿੱਚ ਸਰਦੀਆਂ ਦੀ ਬਰਫ਼ਬਾਰੀ ਇੱਥੋਂ ਦੇ ਵਸਨੀਕਾਂ ਨੂੰ ਛੇ ਮਹੀਨਿਆਂ ਲਈ ਬਾਕੀ ਦੁਨੀਆਂ ਤੋਂ ਕੱਟ ਜਾਂਦਾ ਹੈ ਅਤੇ ਰਾਜ ਸਿਹਤ ਸੇਵਾਵਾਂ ਦੇ ਹਾਲਾਤ ਪਹਿਲਾਂ ਹੀ ਮੰਦੇ ਹਨ। ਇਹਨਾਂ ਹਾਲਾਤਾਂ ਵਿੱਚ ਵਿੱਚ ਬਸ਼ੀਰ ਜੀ ਵਰਗੇ ਸਮਾਜਿਕ ਸਿਹਤ ਕਰਮਚਾਰੀਆਂ ਦਾ ਕੰਮ ਬਹੁਤ ਹੀ ਅਹਿਮ ਹੈ ਅਤੇ ਲੋਕਾਂ ਦਾ ਉਨ੍ਹਾਂ ਵਿੱਚ ਵਿਸ਼ਵਾਸ ਅਟੱਲ ਹੈ।


















