“ਸ਼ੀਲ ਕਟਾ-ਆ-ਓ-ਓ!”
ਉੱਤਰੀ ਸ਼ੋਨਾਰਪੁਰ ਦੇ ਨੇੜੇ ਗੋਰੀਆ ਮੁਹੱਲੇ ਵਿੱਚ ਲਾਲਬਾਬੂ ਮਹਾਤੋ ਦੀ ਉੱਚੀ, ਤਿੱਖੀ ਅਵਾਜ਼ ਸੁਣਾਈ ਦੇ ਰਹੀ ਹੈ। ਸਾਢੇ ਬਾਰਾਂ ਵੱਜ ਚੁੱਕੇ ਨੇ, ਤੇ ਕੋਲਕਾਤਾ ਦੇ ਇਸ ਨੇੜਲੇ ਬਜ਼ਾਰ ਵਿੱਚ ਉਹਦੀ ਅਵਾਜ਼ ਤੋਂ ਬਗ਼ੈਰ ਬਸ ਕੁਝ ਲੋਕਾਂ ਦੇ ਗੱਲਾਂ ਮਾਰਨ ਦੀ ਅਵਾਜ਼ ਆ ਰਹੀ ਹੈ।
“ਸ਼ੀਲ ਕਟਾ-ਆ-ਓ-ਓ!” ਤੇਜ਼ੀ ਨਾਲ਼ ਗਲੀ ਵਿੱਚੋਂ ਲੰਘਦਾ, ਸ਼ੀਲ-ਨੌਰਾ ਘੜ੍ਹਾਉਣ ਦੇ ਇੱਛੁਕ ਕਿਸੇ ਗਾਹਕ ਦੀ ਤਲਾਸ਼ ’ਚ ਉਹ ਫਿਰ ਅਵਾਜ਼ ਲਾਉਂਦਾ ਹੈ। ਸ਼ੀਲ ਕਟਾਓ ਬੰਗਾਲ ਵਿੱਚ ਗਰੇਨਾਈਟ ਦੇ ਪੀਹਣ ਵਾਲ਼ੇ ਪੱਥਰ - ਸ਼ੀਲ - ਅਤੇ ਹੱਥ ਵਿੱਚ ਫੜ੍ਹ ਕੇ ਪੀਹਣ ਵਾਲ਼ੇ ਔਜ਼ਾਰ - ਨੌਰਾ - ਉੱਤੇ ਡਿਜ਼ਾਈਨ ਉੱਕਰਨ ਦਾ ਰਵਾਇਤੀ ਕੰਮ ਹੈ। ਸ਼ੀਲ-ਨੌਰਾ ਸਿਲ ਬੱਟੇ ਜਾਂ ਤਮਿਲ਼ ਅੰਮੀ ਸੱਲੂ ਦਾ ਹੀ ਦੂਜਾ ਰੂਪ ਹੈ, ਜਿਹੜਾ ਮਸਾਲਿਆਂ ਨੂੰ ਗਿੱਲੇ ਖੁਸ਼ਬੂਦਾਰ ਪੇਸਟ ਜਾਂ ਪਾਊਡਰ ਵਿੱਚ ਬਦਲਣ ਲਈ ਵਰਤਿਆ ਜਾਂਦਾ ਹੈ, ਜੋ ਭਾਰਤੀ ਖਾਣੇ ਦਾ ਜ਼ਰੂਰੀ ਅੰਗ ਹੈ। ਭਾਰਤੀ ਬਾਵਰਚੀ ਮੰਨਦੇ ਨੇ ਕਿ ਜਦ ਨੌਰੇ ਦਾ ਸਹੀ ਦਬਾਅ ਆ ਕੇ ਸਖ਼ਤ ਸ਼ੀਲ ’ਤੇ ਪੈਂਦਾ ਹੈ, ਤਾਂ ਹੀ ਜੜ੍ਹੀਆਂ-ਬੂਟੀਆਂ ਤੇ ਮਸਾਲੇ ਆਪਣਾ ਅਸਲ ਸਵਾਦ ਦਿਖਾਉਂਦੇ ਨੇ।
“ਇਹਦਾ ਅਸਲ ਕੰਮ ਮਸਾਲੇ ਨੂੰ ਹੋਰ ਮਹੀਨ ਬਣਾਉਣਾ ਹੈ। ਕੋਈ ਵੀ ਫੈਂਸੀ ਮਿਕਸਰ ਤੁਹਾਨੂੰ ਇਹੋ ਜਿਹੀ ਗੁਣਵੱਤਾ ਨਹੀਂ ਦੇ ਸਕਦਾ,” ਰਸੋਈ ਦੇ ਇਸ ਅਹਿਮ ਔਜ਼ਾਰ ਬਾਰੇ ਲਾਲਬਾਬੂ ਦੇ ਇਹ ਫ਼ੈਸਲਾਕੁੰਨ ਸ਼ਬਦ ਸਨ।
“ਸ਼ੀਲ ਕਟਾਓ ਨੂੰ ਕਿੱਤੇ ਵਜੋਂ ਅਪਣਾਉਣ ਵਾਲ਼ੇ ਨਵੇਂ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਅਸੀਂ ਆਖ਼ਰੀ ਪੀੜ੍ਹੀ ਹਾਂ,” ਬਿਹਾਰ ਦੇ ਸਿਵਾਨ ਜ਼ਿਲ੍ਹੇ ਦੇ ਰਹਿਣ ਵਾਲ਼ੇ ਪਰਵਾਸੀ ਲਾਲਬਾਬੂ ਨੇ ਕਿਹਾ, “10 ਸਾਲ ਪਹਿਲਾਂ ਤੱਕ ਵੀ, ਇੱਥੇ ਸਿਰਫ਼ ਖਿਦਰਪੁਰ ਵਿੱਚ, ਅਸੀਂ 250 ਕਾਮੇ ਸਾਂ। ਹੁਣ ਬਹੁਤੇ ਬੁੱਢੇ ਹੋ ਕੇ ਸੇਵਾਮੁਕਤ ਹੋ ਗਏ ਨੇ, ਤੇ ਅਜਿਹੇ ਔਖੇ ਕੰਮ ਲਈ ਨਾਕਾਬਲ ਹੋ ਗਏ ਨੇ।”












