ਤ੍ਰਿਪੁਰਾ ਦੇ ਧਰਮਨਗਰ ਸ਼ਹਿਰ ਵਿੱਚ 'ਬੋਰੋ ਕਾਲੀਬਾੜੀ ਦਿਘੀ' ਨਾਮ ਦੀ ਇੱਕ ਝੀਲ਼ ਹੈ, ਜਿਸ ਦੇ ਐਨ ਵਿਚਕਾਰ ਕਰਕੇ ਸ਼ਿਵ ਦੀ ਇੱਕ ਵਿਸ਼ਾਲ ਮੂਰਤੀ ਸਥਾਪਤ ਹੈ, ਇਸ ਸਧਾਰਣ ਜਿਹੇ ਦਿਖਾਈ ਦੇਣ ਵਾਲ਼ੇ ਸ਼ਹਿਰ ਦਾ ਕੇਂਦਰ ਬਿੰਦੂ ਹੈ। ਸ਼ਹਿਰੀ ਹਫ਼ੜਾ-ਦਫ਼ੜੀ ਵਿਚਾਲੇ ਇਹ ਇੱਕ ਐਸਾ ਸਥਾਨ ਹੈ ਜਿੱਥੇ ਮੁਕਾਮੀ ਲੋਕ ਅਤੇ ਸੈਲਾਨੀ ਹਰ ਸ਼ਾਮ ਸ਼ਾਂਤੀ ਤੇ ਸਕੂਨ ਦੀ ਭਾਲ਼ ਵਿੱਚ ਇਕੱਠੇ ਹੁੰਦੇ ਹਨ। ਅਕਸਰ ਇੰਜਣ ਦੀਆਂ ਅਵਾਜ਼ਾਂ, ਗੱਡੀਆਂ ਦੇ ਤੇਜ਼ ਹਾਰਨਾਂ ਅਤੇ ਭੀੜ-ਭੜੱਕੇ ਦੇ ਵਿਚਕਾਰ ਇੱਕ ਮਿੱਠੀ ਧੁਨ ਸੁਣਾਈ ਦਿੰਦੀ ਹੈ, ਜੋ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ।
ਝੀਲ਼ ਕੰਢੇ ਇੱਕ 60 ਸਾਲ ਦਾ ਆਦਮੀ ਲੰਬੀ ਧੌਣ ਵਾਲ਼ੀ ਸਾਰੰਗੀ ਵਰਗੇ ਸਾਜ਼ 'ਤੇ ਪ੍ਰਸਿੱਧ ਲੋਕ ਗੀਤ ਵਜਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਆਪਣੀਆਂ ਅੱਖਾਂ ਨੂੰ ਬੰਦ ਕਰੀ, ਉਹ ਇੱਕ ਹੱਥ ਨਾਲ਼ ਤਾਰਾਂ ਨੂੰ ਛੇੜਦਾ ਹੈ ਅਤੇ ਦੂਜੇ ਹੱਥ ਨਾਲ਼ ਪਤਲੇ ਫਿੰਗਰਬੋਰਡ 'ਤੇ ਆਪਣੀਆਂ ਉਂਗਲਾਂ ਚਲਾਉਂਦਾ ਹੈ। ਉਸ ਦੇ ਆਲ਼ੇ-ਦੁਆਲ਼ੇ ਖੜ੍ਹੇ ਕੁਝ ਉਤਸੁਕ ਲੋਕ ਨਾ ਤਾਂ ਉਸਦੇ ਸਾਜ਼ ਨੂੰ ਪਛਾਣਦੇ ਹਨ ਨਾ ਹੀ ਧੁਨ ਨੂੰ ਅਤੇ ਨਾ ਹੀ ਉਸ ਕਲਾਕਾਰ ਦਾ ਨਾਮ ਜਾਣਦੇ ਹਨ, ਜੋ ਤ੍ਰਿਪੁਰਾ ਵਿਖੇ ਪਿਛੜੀ ਜਾਤੀ ਦੇ ਰੂਪ ਵਿੱਚ ਸੂਚੀਬੱਧ ਮਾਲੀ ਭਾਈਚਾਰੇ ਤੋਂ ਆਉਂਦਾ ਹੈ।
ਪਰ ਉੱਤਰ ਤ੍ਰਿਪੁਰਾ ਜ਼ਿਲ੍ਹੇ ਦੇ ਕਦਮਤਲਾ ਬਲਾਕ ਦੇ ਅਧੀਨ ਆਉਂਦੇ ਛੋਟੀ-ਜਿਹੀ ਸਰਲਾ ਗ੍ਰਾਮ ਪੰਚਾਇਤ ਵਿੱਚ, ਜੋ ਇੱਥੋਂ ਸਿਰਫ਼ 15 ਕਿਲੋਮੀਟਰ ਦੂਰ ਹੈ, ਹਰ ਕੋਈ ਰਤੀਸ਼ ਮਾਲਾਕਾਰ ਨੂੰ 'ਦੋਤਾਰਾ ਵਾਦਕ' ਵਜੋਂ ਪਛਾਣਦਾ ਹੈ।













