ਮਹਿਬੂਬ ਇਸ ਸਾਲ ਮਈ ਵਿੱਚ (ਜੂਨ ਦੀ ਸ਼ੁਰੂਆਤ ਵਿੱਚ) ਈਦ-ਉਲ-ਅਜ਼ਹਾ ਮਨਾਉਣ ਆਪਣੇ ਪਰਿਵਾਰ ਕੋਲ਼ ਬਲੀਆ ਹਸਨਨਗਰ ਵਾਪਸ ਆਏ ਸਨ। ਰਾਜਮਿਸਤਰੀਆਂ ਦੇ ਇਸ ਪਰਿਵਾਰ ਨੇ ਆਪਣੇ ਢਾਈ ਮੰਜਲਾ ਮਕਾਨ ਨੂੰ ਸਾਲਾਂ ਦੀ ਮਿਹਨਤ ਨਾਲ਼ ਇੱਕ-ਇਕ ਇੱਟ ਜੋੜ ਕੇ ਬਣਾਇਆ ਹੈ। ਇਸ ਵਿੱਚ ਪੰਜ ਕਮਰੇ ਹਨ ਅਤੇ ਹੇਠਲੀ ਮੰਜਲ 'ਤੇ ਭਵਿੱਖ ਵਿੱਚ ਦੁਕਾਨ ਖੋਲ੍ਹਣ ਲਈ ਥੋੜੀ ਜਗ੍ਹਾ ਛੱਡੀ ਗਈ ਹੈ।
ਮਕਾਨ ਦੇ ਜਿਸ ਹਿੱਸੇ ਵਿੱਚ ਮਹਿਬੂਬ ਆਪਣੀ ਪਤਨੀ ਸੁਰਨਾ ਬੀਬੀ (30 ਸਾਲਾ) ਅਤੇ ਤਿੰਨ ਬੱਚਿਆਂ ਨਾਲ਼ ਰਹਿੰਦੇ ਹਨ, ਉਸ ਹਿੱਸੇ ਦੇ ਨਾ ਅੰਦਰੋਂ ਪਲੱਸਤਰ ਹੋਇਆ ਤੇ ਨਾ ਹੀ ਬਾਹਰੋਂ। ਉਨ੍ਹਾਂ ਦਾ ਵੱਡਾ ਪੁੱਤਰ ਬਕੁਲ ਸ਼ੇਖ 16 ਸਾਲ ਦਾ ਹੈ ਅਤੇ ਇੱਥੇ ਨੇੜੇ ਦੀ ਇੱਕ ਦੁਕਾਨ ਵਿੱਚ ਕੰਮ ਕਰਦਾ ਹੈ। ਉਸ ਦੀ ਪੜ੍ਹਾਈ ਛੁੱਟ ਗਈ ਹੈ। ਉਨ੍ਹਾਂ ਦੇ ਬਾਕੀ ਦੋ ਪੁੱਤਰ, ਸਾਗਰ (12 ਸਾਲ) ਅਤੇ ਰੇਹਾਨ (7 ਸਾਲ) ਸਥਾਨਕ ਸਕੂਲ ਵਿੱਚ ਪੜ੍ਹਾਈ ਕਰ ਰਹੇ ਹਨ।
ਤਿਉਹਾਰ 'ਤੇ ਮਹਿਬੂਬ ਦੇ ਆਉਣ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਪਰਿਵਾਰ ਨੇ ਕੁਰਬਾਨੀ ਦੀ ਰਸਮ ਦੀ ਤਿਆਰੀ ਵੀ ਕਰ ਲਈ ਸੀ।
ਪਰ ਇੰਝ ਹੋ ਨਾ ਸਕਿਆ। ਠਾਣੇ ਦੇ ਨਿਰਮਾਣ ਸਥਲ ਤੋਂ ਉਨ੍ਹਾਂ ਨੂੰ ਬਾਰ-ਬਾਰ ਫ਼ੋਨ ਆਇਆ ਅਤੇ ਉਨ੍ਹਾਂ ਨੂੰ ਵਾਪਸ ਜਾਣਾ ਪਿਆ। ਮਹਿਬੂਬ ਮਹਾਰਾਸ਼ਟਰ ਪਰਤ ਗਏ। ਪਰਿਵਾਰ ਅਤੇ ਤਿਉਹਾਰ ਨੂੰ ਪਿੱਛੇ ਛੱਡ ਕੇ ਉਹ ਮੁੜ ਕੰਮ 'ਤੇ ਲੱਗ ਗਏ।
9 ਜੂਨ ਨੂੰ, ਜਦੋਂ ਉਹ ਲੋਕਲ ਚਾਹ ਦੀ ਦੁਕਾਨ 'ਤੇ ਚਾਹ ਪੀ ਰਹੇ ਸਨ, ਪੁਲਿਸ ਨੇ ਬਗ਼ੈਰ ਕਾਰਨ ਦੱਸੇ ਉਨ੍ਹਾਂ ਨੂੰ ਚੁੱਕ ਲਿਆ ਅਤੇ ਠਾਣੇ ਦੇ ਮੀਰਾ ਰੋਡ ਸਥਿਤ ਸ਼੍ਰੀ ਐੱਲ. ਆਰ. ਤਿਵਾਰੀ ਕਾਲਜ ਆਫ਼ ਇੰਜੀਨੀਅਰਿੰਗ ਦੇ ਨੇੜੇ ਇੱਕ ਪੋਸਟ 'ਤੇ ਲੈ ਗਏ। ਰਾਤੀਂ ਉਨ੍ਹਾਂ ਨੂੰ ਮੀਰਾ ਰੋਡ ਪੁਲਿਸ ਸਟੇਸ਼ਨ ਲਿਆਇਆ ਗਿਆ, ਜਿੱਥੇ ਨਾਗਰਿਕਤਾ ਸਾਬਤ ਕਰਨ ਲਈ ਉਨ੍ਹਾਂ ਤੋਂ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ।
‘‘‘ਤੂੰ ਬੰਗਲਾਦੇਸ਼ੀ ਹੈਂ ਨਾ?'ਅਫ਼ਸਰਾਂ ਨੇ ਮੈਨੂੰ ਹਿੰਦੀ ਵਿੱਚ ਪੁੱਛਿਆ। ਮੈਂ ਕਿਹਾ,'ਮੈਂ ਪੱਛਮੀ ਬੰਗਾਲ ਤੋਂ ਹਾਂ' ਤੇ ਆਪਣਾ ਆਧਾਰ ਅਤੇ ਪੈਨ ਕਾਰਡ ਦਿਖਾਇਆ। ਉਨ੍ਹਾਂ ਕਿਹਾ,'ਇਹ ਸਭ ਤਾਂ ਅੱਜਕੱਲ ਪੰਜ ਰੁਪਏ ਵਿੱਚ ਬਣ ਜਾਂਦੇ ਨੇ','' ਮਹਿਬੂਬ ਨੇ ਇਸ ਰਿਪੋਰਟਰ ਨੂੰ ਦੱਸਿਆ।
ਕਿਸੇ ਤਰ੍ਹਾਂ ਨਾਲ਼ ਉਨ੍ਹਾਂ ਨੇ ਚੁੱਪਚਾਪ ਬਲੀਆ ਹਸਨਨਗਰ ਵਿਖੇ ਆਪਣੇ ਪਰਿਵਾਰ ਨੂੰ ਫ਼ੋਨ ਕੀਤਾ। ਪਰਿਵਾਰ ਨੇ ਤੁਰੰਤ ਮਹਿਸ਼ਸਥਲੀ ਸਥਿਤ ਸਥਾਨਕ ਗ੍ਰਾਮ ਪੰਚਾਇਤ ਨਾਲ਼ ਸੰਪਰਕ ਕੀਤਾ ਅਤੇ ਸਾਰੇ ਜ਼ਰੂਰੀ ਦਸਤਾਵੇਜ਼ ਮੀਰਾ ਰੋਡ ਪੁਲਿਸ ਸਟੇਸ਼ਨ ਭਿਜਵਾ ਦਿੱਤੇ। ਮਹਿਬੂਬ ਕਹਿੰਦੇ ਹਨ,"ਚਾਰ ਦਿਨ ਮੈਂ ਭਿਆਨਕ ਮਾਨਸਿਕ ਤਸ਼ੱਦਦ ਝੱਲਿਆ। ਦਿਨ ਵੇਲ਼ੇ ਮੈਨੂੰ ਥਾਣੇ ਦੇ ਬਾਹਰ ਬਿਠਾ ਕੇ ਰੱਖਿਆ ਜਾਂਦਾ ਅਤੇ ਰਾਤੀਂ ਪੁਲਿਸ ਕੈਂਪ ਵਿੱਚ।"
ਮੀਰਾ ਰੋਡ ਪੁਲਿਸ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮਹਿਬੂਬ ਦੁਆਰਾ ਦੱਸੀ ਗਈ ਘਟਨਾ ਨੂੰ ਸਾਫ਼-ਸਾਫ਼ ਨਕਾਰ ਦਿੱਤਾ ਅਤੇ ਆਪਣੇ ਉੱਪਰ ਮੜ੍ਹੇ ਜਾਂਦੇ ਕਿਸੇ ਵੀ ਆਰੋਪ ਤੋਂ ਇਨਕਾਰ ਕੀਤਾ ਤੇ ਮਹਿਬੂਬ ਨੂੰ ਝੂਠਿਆਂ ਪਾਇਆ। ਸੀਨੀਅਰ ਇੰਸਪੈਕਟਰ ਮੇਘਨਾ ਬੁਰਾਡੇ ਦਾ ਕਹਿਣਾ ਹੈ ਕਿ "ਸਾਡੀ ਕੋਈ ਗਲਤੀ ਨਹੀਂ ਸੀ।" ਮਹਿਬੂਬ ਸ਼ੇਖ ਅਤੇ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਪੁਲਿਸ ਕਮਿਸ਼ਨਰ ਦੇ ਹੁਕਮ 'ਤੇ ਕੀਤੀ ਗਈ ਸੀ।