ਜੇ ਤੁਸੀਂ ਹੈਦਰਾਬਾਦ ਸ਼ਹਿਰ ਦੇ ਪੁਰਾਣੇ ਹਿੱਸੇ ਵਿੱਚ ਕਦੇ ਆਓ ਅਤੇ ਲਾਖ ਦੀਆਂ ਚੂੜੀਆਂ ਬਾਰੇ ਪੁੱਛੋ ਤਾਂ ਉਹ ਤੁਹਾਨੂੰ ਸਿੱਧਿਆਂ ਸ਼ਹਿਰ ਦੇ ਲਾਡ (ਲਾਖ ਮਾਰਕੀਟ) ਬਜ਼ਾਰ ਵਿਖੇ ਓਸਮਾਨ ਕਾ ਕਰੀਗਰੀ ਦਾ ਰਾਹ ਦਿਖਾ ਦੇਣਗੇ। ਇਸ ਮਸ਼ਹੂਰ ਦੁਕਾਨ ਦੇ ਬਾਹਰ ਕੋਈ ਬੋਰਡ ਨਹੀਂ ਲੱਗਾ। ਇਸ ਦੁਕਾਨ ਦਾ ਜੰਗਾਲ਼ ਖਾਧਾ ਸ਼ਟਰ ਜਿਓਂ ਹੀ ਖੁੱਲ੍ਹਦਾ ਹੈ ਮੰਨੋ ਤੁਹਾਡੇ ਸਾਹਵੇਂ ਚੂੜੀਆਂ ਦੀ ਦੁਨੀਆ ਖੁੱਲ੍ਹ ਗਈ ਹੋਵੇ। ਤਿੰਨ ਕੰਧਾਂ ਵਾਲ਼ੀ ਇਸ ਦੁਕਾਨ ਵਿੱਚ ਲਾਖ ਕਾਰੀਗਰ ਸ਼ੇਖ ਅਖੀਲ ਅਤੇ ਸ਼ੇਖ ਹਜੀਲ ਬੈਠਦੇ ਹਨ।
ਇਹ ਭਰਾ ਪਿਛਲੇ ਕੁਝ ਦਹਾਕਿਆਂ ਤੋਂ ਇਸ ਕਲਾ ਨਾਲ਼ ਜੁੜੇ ਹੋਏ ਹਨ, ਅਤੇ ਦਿਹਾੜੀ ਦੀਆਂ 500 ਚੂੜੀਆਂ ਬਣਾ ਸਕਦੇ ਹਨ। ਬਹੁਤ ਸਾਰੀਆਂ ਚੂੜੀਆਂ, ਜੋ ਬਣਨ ਪ੍ਰਕਿਰਿਆ ਦੇ ਅੱਡੋ-ਅੱਡ ਪੜਾਵਾਂ ਵਿੱਚ ਹਨ, ਇੱਧਰ-ਓਧਰ ਖਿਲਰੀਆਂ ਪਈਆਂ ਹਨ। "ਗੁਲਾਬੀ ਚੂੜੀਆਂ ਇੱਥੇ ਵਧੇਰੇ ਪ੍ਰਸਿੱਧ ਹਨ," ਅਖੀਲ ਨੇ ਸੁੱਕੀ ਗੁਲਾਬੀ ਲਾਖ ਦਾ ਇੱਕ ਸਖ਼ਤ ਟੁਕੜਾ ਚੁੱਕਦੇ ਹੋਏ ਕਿਹਾ। ਗੁਲਾਬੀ ਰੰਗ ਤੋਂ ਇਲਾਵਾ, ਕਾਲ਼ੇ, ਸੁਨਹਿਰੀ ਅਤੇ ਫ਼ਿਰੋਜੀ ਦੀਆਂ ਚੂੜੀਆਂ ਵੀ ਇੱਥੇ ਕਾਫ਼ੀ ਪ੍ਰਸਿੱਧ ਹਨ, ਜਿਨ੍ਹਾਂ 'ਤੇ ਲਿਸ਼ਕਵੇਂ ਕੱਚ ਦੇ ਮੋਤੀ ਲਗਾਏ ਗਏ ਹੁੰਦੇ ਹਨ।
ਚਾਰਮੀਨਾਰ ਨੇੜੇ ਲਾਡ ਬਜ਼ਾਰ ਦੀ ਭੀੜੀ ਗਲ਼ੀ ਦੀ ਇਸ ਦੁਕਾਨ ਅਤੇ ਵਰਕਸ਼ਾਪ ਤੋਂ ਪੁਰਾਣੀ ਲੱਕੜ ਅਤੇ ਪਿੱਤਲ ਦੀ ਮਹਿਕ ਆ ਰਹੀ ਹੈ। ਜਿਓਂ ਹੀ ਅਖੀਲ ਅਤੇ ਹਜੀਲ ਨੇ ਕੰਮ ਕਰਨਾ ਸ਼ੁਰੂ ਕੀਤਾ, ਨੇੜਲ਼ੀ ਮਸਜਿਦ ਵਿੱਚੋਂ ਆਉਂਦੀ ਅਜ਼ਾਨ ਦੀ ਅਵਾਜ਼ ਅਤੇ ਖੇਡਦੇ ਬੱਚਿਆਂ ਦੀ ਅਵਾਜ਼ ਮੱਠੀ ਪੈਣ ਲੱਗੀ। ਇਨ੍ਹਾਂ ਭਰਾਵਾਂ, ਜਿਨ੍ਹਾਂ ਦੀ ਉਮਰ 35 ਸਾਲ ਦੇ ਕਰੀਬ ਹੈ, ਨੇ ਕਦੇ ਵੀ ਇਹ ਕੰਮ ਨਹੀਂ ਛੱਡਿਆ ਨਾ ਹੀ ਬਦਲਣ ਬਾਰੇ ਹੀ ਸੋਚਿਆ। ਇੱਕ ਵਾਰ ਜਦੋਂ ਉਹ ਕੰਮ ਸ਼ੁਰੂ ਕਰਦੇ ਹਨ, ਲੀਨ ਹੋ ਜਾਂਦੇ ਹਨ।
ਉਨ੍ਹਾਂ ਨੇ ਪਾਰੀ ਨੂੰ ਦੱਸਿਆ, ਦੁਕਾਨ ਦਾ ਨਾਮ 'ਓਸਮਾਨ' ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦਾ ਨਾਮ ਸੀ। "ਇਹ ਦੁਕਾਨ ਉਨ੍ਹਾਂ ਦੀ ਹੈ, ਪਰ ਉਹ ਇੱਥੇ ਕੰਮ ਨਹੀਂ ਕਰਦੇ,'' ਅਖੀਲ ਨੇ ਕਿਹਾ ਤੇ ਗੱਲ ਜਾਰੀ ਰੱਖੀ,''ਮੈਂ ਅਤੇ ਮੇਰਾ ਭਰਾ ਹੀ ਇੱਥੇ ਕੰਮ ਕਰਦੇ ਹਾਂ।''














