ਨਵੀਨ ਕੁਮਾਰ ਟਾਮਟਾ ਨੂੰ ਆਦਤ ਹੋ ਚੁੱਕੀ ਹੈ ਜਦ ਲੋਕ ਉਨ੍ਹਾਂ ਦੇ ਕੰਮ ਕਰਦਿਆਂ ਦੀ ਫ਼ੋਟੋ ਖਿੱਚਣ ਅਤੇ ਵੀਡੀਉ ਬਣਾਉਣ ਲਈ ਗੁਜ਼ਾਰਿਸ਼ ਕਰਦੇ ਹਨ। ਉੱਤਰਾਖੰਡ ਦੇ ਅਲਮੋੜਾ ਵਿੱਚ ਉਮਰ ਦੇ ਪੰਜਾਹਵਿਆਂ ਵਿੱਚ ਇਹ ਠਠੇਰਾ ਤਾਂਬੇ ਦਾ ਅਤੇ ਘਰੇਲੂ ਵਰਤੋਂ ਲਈ ਬਿਹਤਰੀਨ ਸਮਾਨ ਬਣਾਉਣ ਲਈ ਮਸ਼ਹੂਰ ਹੈ।
ਟਾਮਟਾ ਜੀ ਦੇ ਪੁਰਖੇ ਸੈਂਕੜੇ ਸਾਲ ਪਹਿਲਾਂ ਰਾਜਸਥਾਨ ਤੋਂ ਆ ਕੇ ਹਿਮਾਲਿਆ ਦੇ ਕੁਮਾਓਂ ਇਲਾਕੇ ਵਿੱਚ ਵੱਸ ਗਏ ਸਨ। ਉਨ੍ਹਾਂ ਦੀ ਪਹਿਲੀ ਬਸਤੀ ਲੋਹਾਘਾਟ ਦੇ ਗੋਸਨੀ ਪਿੰਡ ਦੇ ਨੇੜੇ ਸੀ। ਬਾਅਦ ਵਿੱਚ ਰਾਜਧਾਨੀ ਚੰਪਾਵਤ ਤੋਂ ਬਦਲ ਕੇ ਅਲਮੋੜਾ ਬਣਨ ‘ਤੇ ਠਠੇਰਿਆਂ ਦੇ ਕੁਝ ਪਰਿਵਾਰ ਇੱਥੇ ਆ ਗਏ।
ਲੰਬੇ ਸਮੇਂ ਤੱਕ ਠਠੇਰਿਆਂ ਦਾ ਕਿੱਤਾ ਪਿਤਾ ਪੁਰਖੀ ਹੀ ਰਿਹਾ ਹੈ। “ਸਾਰੇ ਲੋਕ ਆਪਸ ਵਿੱਚ ਹੱਸ ਖੇਡ ਕੇ ਰਹਿੰਦੇ ਸਨ। ਆਪਸ ਵਿੱਚ ਮੁਕਾਬਲਾ ਤਾਂ ਸੀ, ਪਰ ਇਹੀ ਮੁਕਾਬਲੇ ਦਾ ਜਜ਼ਬਾ ਹੋਰ ਚੰਗਾ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਸੀ,” ਪ੍ਰਦੀਪ ਟਾਮਟਾ ਦਾ ਕਹਿਣਾ ਹੈ।
ਔਰਤਾਂ ਇਸ ਪ੍ਰਕ੍ਰਿਆ ਦਾ ਅਹਿਮ ਹਿੱਸਾ ਸਨ। ਭੱਠੀ ਲਈ ਔਰਤਾਂ ਹੀ ਨੇੜਲੇ ਜੰਗਲ ਤੋਂ ਲੱਕੜਾਂ ਇਕੱਠਾ ਕਰ ਕੇ ਲੈ ਕੇ ਆਉਂਦੀਆਂ ਸਨ, ਤਿਆਰ ਚੀਜ਼ਾਂ ਨੂੰ ਪਾਲਿਸ਼ ਕਰਨਾ, ਭੱਠੀ ਦੇ ਪੱਖੇ ਨੂੰ ਚਲਾਉਣਾ ਅਤੇ ਵੈਲਡਿੰਗ ਲਈ ਪਾਊਡਰ ਤਿਆਰ ਕਰਨਾ। ਖਾਣਾ ਪਕਾਉਣ ਅਤੇ ਪਰਿਵਾਰ ਦੀ ਦੇਖਭਾਲ਼ ਤੋਂ ਵਿਹਲੇ ਹੋ ਕੇ ਬਹੁਤ ਔਰਤਾਂ ਨਮੂਨੇ ਤਿਆਰ ਕਰਨ ਅਤੇ ਹੋਰ ਮਹੀਨ ਕੰਮ ਜਿਵੇਂ ਕਿ ਠੋਕਣ ਤੋਂ ਪਹਿਲਾਂ ਧਾਤੂ ਦੀ ਸ਼ੀਟ ਨੂੰ ਗਰਮ ਕਰਨ ਦੇ ਕੰਮ ਦੀ ਜਿੰਮੇਵਾਰੀ ਚੁੱਕ ਲੈਂਦੀਆਂ ਸਨ।































