ਉੱਤਰੀ ਕੇਰਲ ਦੇ ਕੋੜੀਕੋੜ ਵਿੱਚ ਮਾਨਸੂਨ ਨੇ ਕਹਿਰ ਮਚਾਇਆ ਹੋਇਆ ਹੈ, ਪਰ ਰਾਤ ਨੂੰ ਜ਼ਿਲ੍ਹਾ ਕਲੈਕਟਰ ਦੇ ਦਫ਼ਤਰ ਬਾਹਰ ਸੁੱਤੇ ਬਜ਼ੁਰਗ ’ਤੇ ਇਹਦਾ ਕੋਈ ਅਸਰ ਨਹੀਂ ਲੱਗ ਰਿਹਾ। ਉੱਪਰ ਲੱਗੀ ਪੱਲੀ ਨਾਲ਼ ਥੋੜ੍ਹਾ ਜਿਹਾ ਆਸਰਾ ਹੈ। ਦਿਨ ਵੇਲੇ ਉਹ ਪ੍ਰਦਰਸ਼ਨ ਕਰ ਰਹੇ ਆਦਿਵਾਸੀ ਪਰਿਵਾਰਾਂ ਦੇ ਮੋਢੇ ਨਾਲ਼ ਮੋਢਾ ਜੋੜ ਕੇ ਬੈਠਾ ਨਜ਼ਰ ਆਉਂਦਾ ਹੈ: ਲਗਭਗ 70 ਦਿਨ ਤੋਂ ਨਿਲੰਬੂਰ ਦੇ 60 ਆਦਿਵਾਸੀ ਪਰਿਵਾਰ ਨੇੜਲੇ ਮਲਪੁਰਮ ਵਿੱਚ ਉਸ ਜ਼ਮੀਨ ਦੀ ਮੰਗ ਕਰਦੇ ਹੋਏ ਅਣਮਿੱਥੇ ਸਮੇਂ ਲਈ ਹੜਤਾਲ ਕਰ ਰਹੇ ਹਨ, ਜਿਸ ਦਾ ਵਾਅਦਾ ਸੂਬਾ ਸਰਕਾਰ ਵੱਲੋਂ ਬਹੁਤ ਪਹਿਲਾਂ ਕੀਤਾ ਗਿਆ ਸੀ।
ਇਸ ਸੰਘਰਸ਼ ਦਾ ਧੁਰਾ – ਇਸਦਾ ਕਨਵੀਨਰ, ਸਭ ਤੋਂ ਲਗਾਤਾਰ ਬਹਿਣ ਵਾਲਾ, ਨੈਤਿਕ ਤੌਰ ’ਤੇ ਇਸਦੀ ਰੀੜ੍ਹ ਦੀ ਹੱਡੀ – 96 ਸਾਲਾ ਅਈਨੂਰ ਵਾਸੂ ਜਾਂ ‘ਗਰੋ’ ਵਾਸੂ ਹੈ, ਜੋ ਉਸਨੂੰ ਪਿਆਰ ਨਾਲ਼ ਕਹਿ ਕੇ ਬੁਲਾਇਆ ਜਾਂਦਾ ਹੈ। ਮਰੀਅਲ ਜਿਹੇ ਸਰੀਰ ਤੇ ਨਿਮਰ ਆਵਾਜ਼ ਵਾਲੇ ਇਸ ਸ਼ਖ਼ਸ ਵਿੱਚ ਲਾਜਵਾਬ ਦ੍ਰਿੜ੍ਹਤਾ ਹੈ। ਜਿਸ ਉਮਰ ਵਿੱਚ ਬਹੁਤੇ ਬੰਦੇ ਸ਼ਾਂਤ ਤੇ ਵਿਹਲੇ ਹੋ ਬਹਿੰਦੇ ਹਨ, ਵਾਸੂ ਬੇਦਖਲ ਕੀਤੇ ਲੋਕਾਂ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਖੜ੍ਹਾ ਨਜ਼ਰ ਆਉਂਦਾ ਹੈ। “ਸਰਕਾਰ ਇਹਨਾਂ (ਆਦਿਵਾਸੀ) ਪਰਿਵਾਰਾਂ ਨਾਲ਼ ਤਕਨੀਕੀਆਂ ਦੇ ਨਾਂ ’ਤੇ ਧੋਖਾ ਕਰ ਰਹੀ ਹੈ,” ਝੁਰੜੀਆਂ, ਰੋਹਲੀਆਂ ਅੱਖਾਂ ਨਾਲ਼ ਦੇਖਦਿਆਂ ਉਹਨੇ ਕਿਹਾ। “ਜ਼ਮੀਨ ਉਹਨਾਂ ਦਾ ਹੱਕ ਹੈ ਨਾ ਕਿ ਖੈਰਾਤ।”
ਇਹ ਸੰਘਰਸ਼ ਪਹਿਲਾਂ 2023-24 ਵਿੱਚ ITDP (ਇੰਟੀਗਰੇਟਿਡ ਟਰਾਈਬਲ ਡਿਵੈਲਪਮੈਂਟ ਪ੍ਰਾਜੈਕਟ) ਦੇ ਦਫ਼ਤਰ ਦੇ ਬਾਹਰ ਕੀਤੀ 314 ਦਿਨ ਦੀ ਭੁੱਖ ਹੜਤਾਲ ਦੀ ਹੀ ਅਗਲੀ ਕੜੀ ਹੈ।
ਜ਼ਿਲ੍ਹਾ ਕਲੈਕਟਰ ਵੱਲੋਂ ਛੇ ਮਹੀਨਿਆਂ ਅੰਦਰ 60 ਪਰਿਵਾਰਾਂ ਨੂੰ ਅੱਧਾ-ਅੱਧਾ ਏਕੜ ਜ਼ਮੀਨ ਦੇਣ ਦੇ ਲਿਖਤੀ ਭਰੋਸੇ ਤੋਂ ਬਾਅਦ ਧਰਨਾ ਚੁੱਕਿਆ ਗਿਆ ਸੀ। ਪਰ ਜਦ ਸਰਕਾਰ ਦੇ ਵਾਅਦੇ ਬਹਾਨਿਆਂ ’ਚ ਬਦਲ ਗਏ ਤਾਂ 15 ਮਹੀਨਿਆਂ ਬਾਅਦ ਪਰਿਵਾਰ ਮੁੜ ਪ੍ਰਦਰਸ਼ਨ ਕਰਨ ਲਈ ਸੜਕਾਂ ’ਤੇ ਉੱਤਰ ਆਏ। ਤੇ ਗਰੋ ਵਾਸੂ, ਜਿਸ ਨੂੰ ਕਿਸੇ ਵੇਲੇ ਖ਼ਤਰਨਾਕ ਨਕਸਲੀ ਐਲਾਨਿਆ ਗਿਆ ਸੀ, ਜ਼ਿਆਦਾਤਰ ਰਾਤਾਂ ਸੱਤਿਆਗ੍ਰਹਿ ਪੰਡਾਲ ਦੇ ਕਰੜੇ ਫ਼ਰਸ਼ ’ਤੇ ਕੱਟਦਾ ਹੈ।
ਸਰਕਾਰ ਨਾਲ਼ ਪਿਛਲੇ ਸਾਲਾਂ ਦੌਰਾਨ ਇਹ ਉਹਦੀ ਪਹਿਲੀ ਲੜਾਈ ਨਹੀਂ ਹੈ। 2023 ਵਿੱਚ ਉਹਨੇ ਕੋੜੀਕੋੜ ਜ਼ਿਲ੍ਹੇ ’ਚ ਪੁਲੀਸ ਐਕਸ਼ਨ ਦੇ ਖਿਲਾਫ਼ ਪ੍ਰਦਰਸ਼ਨ ਕਰਨ ਦੇ ਸਬੰਧ ’ਚ ਦੋ ਮਹੀਨੇ ਜੇਲ੍ਹ ਵਿੱਚ ਲਾਏ ਸੀ। ਮਾਮਲਾ ਨਵੰਬਰ 2016 ਦਾ ਹੈ, ਜਦ ਉਹ ਨਿਲੰਬੂਰ ਦੇ ਜੰਗਲਾਂ ਵਿੱਚ ਮਾਓਵਾਦੀ ਕੋਪਮ ਦੇਵਰਾਜਨ ਤੇ ਅਜੀਦਾ ਦੇ ਕਥਿਤ ਫੇਕ ਐਨਕਾਊਂਟਰ ਦੇ ਖਿਲਾਫ਼ ਕੋੜੀਕੋੜ ਮੈਡੀਕਲ ਕਾਲਜ ਦੇ ਮੁਰਦਾਘਰ ਬਾਹਰ ਖੜ੍ਹ ਕੇ ਨਿਆਂਇਕ ਪੜਤਾਲ ਦੀ ਮੰਗ ਕਰ ਰਿਹਾ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਉਹਨੇ ਜ਼ਮਾਨਤ ਕਰਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਪਹਿਲਾਂ ਵਾਂਗ ਹੀ, ਜੇਲ੍ਹ ਉਹਦਾ ਕੁਝ ਨਾ ਵਿਗਾੜ ਸਕੀ; ਸਗੋਂ ਬਰੀ ਹੋਣ ਤੋਂ ਬਾਅਦ ਸਰਕਾਰੀ ਜਬਰ ਦੇ ਖਿਲਾਫ਼ ਉਹਦੀ ਅਲੋਚਨਾ ਹੋਰ ਤਿੱਖੀ ਹੋ ਗਈ।








