ਦਿੱਲੀ ਦੇ ਸਰਹੱਦੀ ਇਲਾਕੇ ਲਾਲ ਕੁਆਂ ਵਿਖੇ ਸਥਿਤ ਪੁਲ ਪਹਲਾਦ ਮੁਹੱਲੇ 'ਚ 'ਠੇਲੇ ਵਾਲ਼ੇ ਮੁੰਡੇ' ਜਾਂ 'ਚਿਲੀ ਪੋਟੈਟੋ ਵਾਲ਼ੇ ਮੁੰਡੇ' ਨੂੰ ਹਰ ਕੋਈ ਜਾਣਦਾ ਹੈ। ਉਹ ਇਸ ਇਲਾਕੇ ਵਿੱਚ ਠੇਲੇ 'ਤੇ ਸਾਮਾਨ ਵੇਚਣ ਵਾਲ਼ਾ ਸਭ ਤੋਂ ਛੋਟੀ ਉਮਰ ਦਾ ਮੁੰਡਾ ਹੈ।
ਮੇਰੀ ਨਜ਼ਰ ਉਸ 'ਤੇ ਉਦੋਂ ਪਈ ਜਦੋਂ ਉਹ ਇੱਕ ਖੁੱਲ੍ਹੇ ਸੀਵਰ (ਵੱਡੇ ਨਾਲ਼ੇ) ਦੇ ਨੇੜੇ ਝੁੱਗੀ ਦੀ ਭੀੜੀ ਗਲ਼ੀ ਤੋਂ ਭੱਜਦਾ ਹੋਇਆ ਖਾਲੀ ਥਾਂ ਵੱਲ ਜਾ ਰਿਹਾ ਸੀ, ਜਿੱਥੇ ਉਹ ਆਪਣਾ ਠੇਲਾ ਲਾਉਂਦਾ ਹੈ। ਉਹ ਆਪਣੇ ਠੇਲੇ ਨੂੰ ਧੱਕਦਾ ਹੋਇਆ ਗਲ਼ੀ ਦੇ ਕਿਨਾਰੇ ਵੱਲ ਲੈ ਜਾਂਦਾ ਹੈ, ਉਹਦੇ ਪਹੀਆਂ ਨੂੰ ਅੱਗੇ-ਪਿੱਛੇ ਫਿਸਲਣ ਤੋਂ ਰੋਕਣ ਲਈ ਉਨ੍ਹਾਂ ਅੱਗੇ ਪੱਥਰ ਟਿਕਾਉਂਦਾ ਹੈ ਤੇ ਖ਼ੁਦ ਇੱਕ ਕਮਰੇ ਵਿੱਚ ਗਾਇਬ ਹੋ ਜਾਂਦਾ ਹੈ। ਛੇਤੀ ਹੀ ਉਹ ਆਪਣਾ ਠੇਲਾ ਲੈ ਕੇ ਆਲੂ ਚਿਪਸ ਅਤੇ ਮੋਮੋਜ਼ ਵੇਚਣ ਲਈ ਰਵਾਨਾ ਹੋਵੇਗਾ; ਇਹੀ 14 ਸਾਲਾ ਅਰਜੁਨ ਸਿੰਘ ਦੀ ਰੋਜ਼ਮੱਰਾ ਦੀ ਰੁਟੀਨ ਹੈ।
ਇਹ ਸ਼ਰਮੀਲਾ ਪਰ ਖੁਸ਼ਮਿਜਾਜ਼ ਮੁੰਡਾ ਆਪਣੀ ਵਿਧਵਾ ਮਾਂ ਲਕਸ਼ਮੀ ਸਿੰਘ ਨਾਲ਼ ਰਹਿੰਦਾ ਹੈ। ਉਨ੍ਹਾਂ ਦੇ ਛੋਟੇ ਜਿਹੇ ਕਮਰੇ ਦੇ ਅੰਦਰ, ਕੋਈ ਫ਼ਰਨੀਚਰ ਨਹੀਂ ਹੈ। ਇੱਕ ਸ਼ੀਸ਼ਾ ਹੈ ਜੋ ਕੰਧ ਨੂੰ ਸਜਾ ਰਿਹਾ ਹੈ ਅਤੇ ਇਹਦੇ ਇੱਕ ਕੋਨੇ ਵਿੱਚ ਭੂਰੇ ਰੰਗ ਦੀ ਟੇਪ ਨਾਲ਼ ਦਿਲ ਦਾ ਅਕਾਰ ਬਣਾਇਆ ਗਿਆ ਹੈ। ਇਸ ਦੇ ਅੰਦਰ 'ਲਕਸ਼ਮੀ+ਅਰਜੁਨ' ਲਿਖਿਆ ਹੋਇਆ ਹੈ। ਅਰਜੁਨ ਕਹਿੰਦਾ ਹੈ,"ਇਹ ਮੈਂ ਲਿਖਿਆ ਤਾਂਕਿ ਇੱਥੇ ਆਉਣ ਵਾਲ਼ਾ ਹਰ ਕੋਈ ਸਾਡੀ ਦੁਨੀਆ ਨੂੰ ਦੇਖ ਸਕੇ।''
ਇਹ ਇਕਲਾਪੇ ਮਾਰੀ ਤੇ ਮੁਸ਼ਕਲਾਂ ਭਰੀ ਦੁਨੀਆ ਹੈ।
ਅਰਜੁਨ ਦੇ ਪਿਤਾ ਰਾਜੇਸ਼ਵਰ ਸਿੰਘ ਦੀ 14 ਜੁਲਾਈ, 2013 ਨੂੰ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਵਿਖੇ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਮੌਤ ਹੋ ਗਈ ਸੀ। ਉਹ 2011 ਤੋਂ ਉੱਥੇ ਹੀ ਕੰਮ ਕਰ ਰਹੇ ਸਨ। ਉਹ ਉਨ੍ਹਾਂ ਤਿੰਨ ਸਫ਼ਾਈ ਕਰਮਚਾਰੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਦੀ ਮੌਤ ਇਮਾਰਤ ਦੇ ਬੇਸਮੈਂਟ ਵਿੱਚ ਜ਼ਹਿਰੀਲੀਆਂ ਗੈਸਾਂ ਕਾਰਨ ਹੋਈ ਸੀ। ਹੋਰ ਦੋ ਵਿਅਕਤੀ ਅਸ਼ੋਕ ਕੁਮਾਰ ਅਤੇ ਸਤੀਸ਼ ਸਿੰਘ ਸਨ; ਇਹ ਤਿੰਨੋਂ ਸਰਕਾਰ ਦੁਆਰਾ ਸੰਚਾਲਿਤ ਇਸ ਕਲਾ ਪ੍ਰਦਰਸ਼ਨੀ ਕੇਂਦਰ ਵਿਖੇ ਠੇਕੇ 'ਤੇ ਕੰਮ ਕਰਦੇ ਸਨ। ਤਿੰਨੋਂ ਵਾਲਮੀਕਿ ਦਲਿਤ ਭਾਈਚਾਰੇ ਨਾਲ਼ ਸਬੰਧਤ ਸਨ ਅਤੇ ਤ੍ਰਿਲੋਕਪੁਰੀ ਦੀ ਵਾਲਮੀਕੀ ਬਸਤੀ ਵਿੱਚ ਆਪਣੇ ਪਰਿਵਾਰਾਂ ਨਾਲ਼ ਰਹਿੰਦੇ ਸਨ (ਲਕਸ਼ਮੀ ਬਾਅਦ ਵਿੱਚ ਅਰਜੁਨ ਨਾਲ਼ ਲਾਲ ਕੁਆਂ ਰਹਿਣ ਲਈ ਚਲੇ ਗਏ, ਜਿੱਥੇ ਉਨ੍ਹਾਂ ਦੀ ਵਿਆਹੀ ਧੀ ਮੀਨੂੰ ਰਹਿੰਦੀ ਹੈ)।




