ਇਹ ਸਟੋਰੀ ਪਾਰਥ ਐੱਮ.ਐੱਨ. ਅਤੇ ਪੁਲਿਤਜ਼ਰ ਸੈਂਟਰ ਦੇ ਸਮਰਥਨ ਦੁਆਰਾ ਸ਼ੁਰੂ ਕੀਤੀ ਲੜੀ ਦਾ ਹੀ ਹਿੱਸਾ ਹੈ।
ਭਾਰੀ ਕਰਜੇ ਵਿੱਚ ਨੱਕੋ-ਨੱਕ ਡੁੱਬੇ ਹੋਣ ਦੇ ਬਾਵਜੂਦ ਵੀ ਕੇਰੂ ਦਹੀਫਲੇ ਨੇ ਮਈ 2025 ਦੇ ਪਹਿਲੇ ਹਫ਼ਤੇ ਆਪਣੇ ਪਿੰਡ ਮੋਹਟੇ ਦੇ ਹਰ ਬਸ਼ਿੰਦੇ ਲਈ ਇੱਕ ਦਾਅਵਤ ਦਾ ਆਯੋਜਨ ਕੀਤਾ। ਟੀਨ ਦੀ ਛੱਤ ਵਾਲ਼ੀ ਉਨ੍ਹਾਂ ਦੀ ਝੌਂਪੜੀ ਦੇ ਸਾਹਮਣੇ ਪੈਂਦੇ ਇੱਕ ਏਕੜ ਖੇਤ ਵਿੱਚ ਲਗਭਗ 3,000 ਲੋਕ ਜੁੱਟੇ ਅਤੇ ਉਨ੍ਹਾਂ ਨੇ ਸ਼ੁੱਧ ਸ਼ਾਕਾਹਾਰੀ ਭੋਜਨ ਦਾ ਆਨੰਦ ਮਾਣਿਆ।
ਕੁੱਲ ਖ਼ਰਚ ਆਇਆ- 1.5 ਲੱਖ ਰੁਪਏ।
ਇੰਨੀ ਵੱਡੀ ਰਕਮ 70 ਸਾਲਾ ਦਹੀਫਲੇ ਦੇ ਕੋਲ਼ ਸੀ ਨਹੀਂ। ਉਨ੍ਹਾਂ ਨੇ ਇੱਕ ਸਾਹੂਕਾਰ ਤੋਂ 3 ਪ੍ਰਤੀਸ਼ਤ ਮਹੀਨਾ ਵਿਆਜ (36 ਪ੍ਰਤੀਸ਼ਤ ਸਲਾਨਾ) 'ਤੇ ਕਰਜਾ ਚੁੱਕਿਆ। ਰਬੀ ਮੌਸਮ ਵੀ ਕਮਜ਼ੋਰ ਹੀ ਰਿਹਾ ਜਿਸ ਕਰਕੇ ਕਰਜਾ ਉਨ੍ਹਾਂ ਦੇ ਗਲ਼ੇ ਦੀ ਹੱਡੀ ਬਣ ਗਿਆ। ਉਨ੍ਹਾਂ ਨੇ ਪਿਆਜ਼ ਦੀ ਖੇਤੀ ਕੀਤੀ, ਪਰ ਸੋਕੇ ਕਾਰਨ ਫ਼ਸਲ ਬਰਬਾਦ ਹੋ ਗਈ ਅਤੇ ਉਨ੍ਹਾਂ ਦੇ 35,000 ਦੇ ਨਿਵੇਸ਼ 'ਤੇ ਪਾਣੀ ਫਿਰ ਗਿਆ।
ਡੰਗ ਟਪਾਉਣ ਲਈ ਜੂਝਦੇ ਦਹੀਫਲੇ ਨੇ ਦਾਅਵਤ ਦੇਣ ਵਿੱਚ ਮਾਸਾ ਵੀ ਝਿਜਕ ਨਾ ਦਿਖਾਈ। ਉਹ ਕਹਿੰਦੇ ਹਨ,''ਵਰਨਾ ਦੇਵੀ ਮੈਨੂੰ ਅਸ਼ੀਰਵਾਦ ਨਾ ਦਿੰਦੀ ਤੇ ਮੇਰੀ ਮਨੋਕਾਮਨਾ ਵੀ ਪੂਰੀ ਨਾ ਕਰਦੀ।''
ਮੋਹਟੇ ਪਿੰਡ, ਅਹਿਲਿਆਨਗਰ (ਪੂਰਬ ਵਿੱਚ ਅਹਿਮਦਨਗਰ) ਜ਼ਿਲ੍ਹੇ ਦੇ ਪਾਥਰਡੀ ਤਾਲੁਕਾ ਵਿੱਚ ਪੈਂਦਾ ਹੈ। ਦਹੀਫਲੇ ਦਾ ਘਰ ਮਸ਼ਹੂਰ ਮੋਹਟਾ ਦੇਵੀ ਮੰਦਰ ਤੋਂ ਥੱਲੇ ਉਤਰਦੀ ਘਮਾਓਦਾਰ ਸੜਕ 'ਤੇ ਹੈ। ਚਾਰ ਮੰਜ਼ਲਾਂ ਵਾਲ਼ੇ ਇਸ ਸ਼ਾਨਦਾਰ ਮੰਦਰ ਦੀ ਮੁਰੰਮਤ 2009 ਤੋਂ 2013 ਦੇ ਵਿਚਕਾਰ ਲਗਭਗ 20 ਕਰੋੜ ਰੁਪਏ ਦੀ ਲਾਗਤ ਨਾਲ਼ ਕੀਤੀ ਗਈ ਸੀ। ਇਹ ਮਹਾਰਾਸ਼ਟਰ ਦੇ ਸਭ ਤੋਂ ਪ੍ਰਸਿੱਧ ਹਿੰਦੂ ਤੀਰਥ-ਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਸਾਲਾਨਾ 25 ਲੱਖ ਸ਼ਰਧਾਲੂ ਆਉਂਦੇ ਹਨ।













