ਹਬੀਬ-ਉਨ-ਨਿਸਾ ਹਿੰਸਾ ਦੇਖ ਕੇ ਘਬਰਾ ਗਈ, ਪਰ ਪ੍ਰਦਰਸ਼ਨਕਾਰੀਆਂ ਨੂੰ ਦੇਖ ਕੇ ਉਹਨੂੰ ਹੌਸਲਾ ਵੀ ਮਿਲਿਆ। “ਮੈਂ ਆਮ ਜਿਹੀ ਇੱਕ ਮਾਂ ਹਾਂ, ਤੇ ਮੇਰੇ ਬੱਚੇ ਹੀ ਮੇਰੀ ਦੁਨੀਆ ਹਨ,” ਸਵਰਗੀ ਸਨਾ ਸ਼ੇਖ ਦੀ ਮਾਂ ਨੇ PARI ਨੂੰ ਕਿਹਾ। “ਮੈਂ ਘਰੇਲੂ ਔਰਤ ਦੀ ਜ਼ਿੰਦਗੀ ਜਿਉਂ ਰਹੀ ਸੀ ਪਰ ਸੱਤਾ ਵਿੱਚ ਬੈਠੇ ਲੋਕਾਂ ਨੇ ਇਹਨੂੰ ਬਰਬਾਦ ਕਰ ਦਿੱਤਾ। ਉਹਨਾਂ ਦੇ ਫ਼ੈਸਲਿਆਂ ਕਰਕੇ ਮੇਰੀ ਬੇਟੀ ਦੀ ਜਾਨ ਗਈ। ਤੁਸੀਂ ਕੰਮ ਸਾਨੂੰ ਸੁਰੱਖਿਆ ਦੇਣੀ ਸੀ, ਨਾ ਕਿ ਸਾਡੀ ਜ਼ਿੰਦਗੀ ਬਰਬਾਦ ਕਰਨਾ।”
3 ਮਈ 2026 ਨੂੰ ਜਦ ਸਨਾ ਦਾ ਬਹੁਤ ਪੇਪਰ ਹੋਇਆ, ਤਾਂ ਸਰਕਾਰ ਨੇ ਐਲਾਨ ਕੀਤਾ ਕਿ NEET ਦਾ ਪੇਪਰ ਲੀਕ ਹੋ ਗਿਆ ਹੈ ਤੇ ਵਿਦਿਆਰਥੀਆਂ ਨੂੰ ਦੁਬਾਰਾ ਪੇਪਰ ਦੇਣਾ ਪਵੇਗਾ। ਉਹ ਬੁਰੀ ਤਰਾਂ ਟੁੱਟ ਗਈ - ਉਹਦੀ ਅੰਤਾਂ ਦੀ ਮਿਹਨਤ ਨੇ ਪਹਿਲਾਂ ਹੀ ਉਹਦੇ ਤੇ ਬੁਰਾ ਅਸਰ ਪਾਇਆ ਸੀ। NEET ਬਹੁਤ ਹੀ ਭਾਰੀ ਮੁਕਾਬਲੇ ਵਾਲੀ ਪ੍ਰੀਖਿਆ ਹੈ, ਜਿਸ ਵਿੱਚ ਮੈਡੀਕਲ ਕਾਲਜਾਂ ਦੀਆਂ 130,000 ਸੀਟਾਂ ਲਈ 20 ਲੱਖ ਤੋਂ ਜ਼ਿਆਦਾ ਵਿਦਿਆਰਥੀ ਬੈਠਦੇ ਹਨ। ਸਾਲਾਂਬੱਧੀ ਤਿਆਰੀ ਕਰਨ ਤੋਂ ਬਾਅਦ ਸਨਾ ਨੂੰ ਲੱਗਿਆ ਸੀ ਕਿ ਹੁਣ ਉਹ ਇਸ ਦਬਾਅ ਤੋਂ ਮੁਕਤ ਹੋ ਗਈ। ਪਰ ਹੁਣ ਉਹਨੂੰ ਫਿਰ ਉਸੇ ਚੱਕੀ ਵਿੱਚ ਮੁੜ ਪਿਸਣਾ ਪੈਣਾ ਸੀ।
ਪਰ ਦੁੱਖ ਦੀ ਗੱਲ ਇਹ ਕਿ ਉਹਨੂੰ ਮੁੜ ਦੁਬਾਰਾ ਪੇਪਰਾਂ ਵਿੱਚ ਲਿਖਣ ਨਾਲੋਂ ਖ਼ੁਦਕੁਸ਼ੀ ਦਾ ਨੋਟ ਲਿਖਣਾ ਸੌਖਾ ਲੱਗਿਆ। “ਮੈਨੂੰ ਮਾਫ਼ ਕਰ ਦੇਣਾ,” 21 ਜੂਨ ਦੇ ਦੁਬਾਰਾ ਪੇਪਰ ਤੋਂ ਇੱਕ ਦਿਨ ਪਹਿਲਾਂ ਉਹਨੇ ਇਹ ਲਿਖ ਕੇ ਆਪਣੇ ਕਮਰੇ ਵਿੱਚ ਲਟਕ ਕੇ ਖ਼ੁਦਕੁਸ਼ੀ ਕਰ ਲਈ।
ਉਹ ਇਸੇ ਕਾਰਨ ਖ਼ੁਦਕੁਸ਼ੀ ਕਰਨ ਵਾਲੇ 20 ਤੋਂ ਵੱਧ ਵਿਦਿਆਰਥੀਆਂ ਵਿੱਚੋਂ ਇੱਕ ਹੈ।
“ਉਸ ਸਵੇਰ ਉਹਨੇ ਮੇਰਾ ਫੋਨ ਨਹੀਂ ਚੁੱਕਿਆ,” ਜਾਫ਼ਰ ਕਹਿੰਦਾ ਹੈ। “ਜੇ ਮੈਂ ਉਹਦੇ ਨਾਲ ਗੱਲ ਕਰ ਸਕਿਆ ਹੁੰਦਾ ਤਾਂ ਸ਼ਾਇਦ ਉਹ ਅੱਜ ਵੀ ਸਾਡੇ ਨਾਲ ਹੁੰਦੀ,” ਧਰਨੇ ਵਿੱਚ ਬੈਠੇ ਇਸ ਦੁਖੀ ਬਾਪ ਨੇ ਕਿਹਾ।
“ਮੈਂ ਐਨੀ ਦੂਰ ਇਹ ਦੱਸਣ ਆਈ ਹਾਂ ਕਿ ਸਾਡੇ ਤੇ ਕੀ ਬੀਤ ਰਹੀ ਹੈ,” ਦੁਖੀ ਮਾਂ ਹਬੀਬ-ਉਨ-ਨਿਸਾ ਨੇ ਕਿਹਾ। ਉਹਨੂੰ ਅਜੇ ਵੀ ਇਹ ਮੰਨਣ ਵਿੱਚ ਤਕਲੀਫ਼ ਹੁੰਦੀ ਹੈ ਕਿ ਉਹਦੀ ਵੱਡੀ ਬੇਟੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। “ਹੋ ਸਕਦਾ ਹੈ ਅਸੀਂ ਪੰਜ ਕੁ ਸਾਲ ਵਿੱਚ ਮਰ ਜਾਈਏ, ਹੋ ਸਕਦਾ ਹੈ ਅਸੀਂ ਬੁੱਢੇ ਹੋਣ ਤੱਕ ਜਿਉਂਦੇ ਰਹੀਏ, ਪਰ ਇਹ ਦਰਦ ਉਮਰ ਭਰ ਸਾਡੇ ਨਾਲ ਰਹੇਗਾ,” ਉਹਨੇ ਕਿਹਾ। “ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ, ਅੱਧੀ ਰਾਤ ਨੂੰ ਮੇਰੇ ਹੱਥ-ਪੈਰ ਕੰਬਣ ਲੱਗ ਜਾਂਦੇ ਨੇ।”
ਫੇਰ ਵੀ ਇਹ ਮਾਪੇ ਆਪਣੀਆਂ ਦੋ ਬੇਟੀਆਂ – 15 ਤੇ 11 ਸਾਲ ਦੀਆਂ – ਨੂੰ ਛੱਡ ਕੇ ਦਿੱਲੀ ਪਹੁੰਚੇ ਹਨ। “ਮੈਂ ਉਹਨਾਂ ਬਾਰੇ ਸੋਚ ਕੇ ਪਰੇਸ਼ਾਨ ਹੋ ਰਹੀ ਹਾਂ। ਮੈਂ ਇੱਥੇ ਸੱਤਾ ਵਿੱਚ ਬੈਠੇ ਲੋਕਾਂ ਨੂੰ ਦੱਸਣ ਆਈ ਹਾਂ ਕਿ ਤੁਸੀਂ ਗਲਤ ਹੋ। ਕੀ ਸੱਤਾ ਨੇ ਤੁਹਾਨੂੰ ਅੰਨਾ ਕਰ ਦਿੱਤਾ ਹੈ? ਇਹ ਵਿਦਿਆਰਥੀ ਮੇਰੇ ਵਰਗੀਆਂ ਮਾਵਾਂ ਲਈ ਅੰਦੋਲਨ ਕਰ ਰਹੇ ਨੇ। ਇਹ ਸੰਵੇਦਨਸ਼ੀਲ ਨੇ। ਮੇਰਾ ਦੁੱਖ ਵੰਡਾਉਣ ਵਾਲਿਆਂ ਨੂੰ ਪੁਲੀਸ ਵੱਲੋਂ ਕੁੱਟੇ ਜਾਂਦੇ ਦੇਖਣਾ ਅਸਹਿ ਸੀ। ਜੇ ਤੁਸੀਂ ਸਾਡਾ ਦਰਦ ਨਹੀਂ ਸਮਝ ਸਕਦੇ ਤਾਂ ਤੁਹਾਡੀ ਸੱਤਾ ਦਾ ਕੀ ਮੁੱਲ? ਬੱਚਿਆਂ ’ਤੇ ਜ਼ੁਲਮ ਨਾ ਕਰੋ। ਬੱਚੋਂ ਪੇ ਇਤਨਾ ਜ਼ੁਲਮ ਮਤ ਕਰੀਏ (ਬੱਚਿਆਂ ’ਤੇ ਐਨਾ ਜ਼ੁਲਮ ਨਾ ਕਰੋ)।”