ਦਨਾਮਤੀ ਮਾਝੀ ਆਪਣੀ ਲਗਭਗ ਅੱਧੀ ਪੈਨਸ਼ਨ ਅਜਿਹੇ ਟੂਥਪੇਸਟ ‘ਤੇ ਖਰਚ ਕਰਦੇ ਹਨ ਜਿਸ ਵਿੱਚ ਗੁੜ ਅਤੇ ਤੰਬਾਕੂ ਸਮੱਗਰੀ ਵਜੋਂ ਮੌਜੂਦ ਹਨ।
“ਮੈਨੂੰ ਪੈਨਸ਼ਨ ਦੇ 1,000 ਰੁਪਏ ਮਿਲ਼ਦੇ ਹਨ ਜਿਸ ਵਿੱਚੋਂ 500 ਰੁਪਏ ਮੈਂ ਆਪਣੇ ਭਰਾ ਦੀ ਨੂੰਹ ਨੂੰ ਦੇ ਦਿੰਦੀ ਹਾਂ ਜੋ ਮੇਰਾ ਖਾਣਾ ਬਣਾਉਂਦੀ ਹੈ,” ਉਹ ਕਹਿੰਦੇ ਹਨ। “ਬਾਕੀ ਦੀ ਰਕਮ ਮੈਂ ਲੂਣ, ਮਿਰਚਾਂ, ਸਾਬਣ, ਮਾਲਿਸ਼ ਲਈ ਤੇਲ ਅਤੇ ਗੁੜਾਖੂ ਖਰੀਦਣ ‘ਤੇ ਖਰਚ ਕਰ ਦਿੰਦੀ ਹਾਂ।”
ਪੱਤਰਕਾਰ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਜਦ ਮੂੰਹ ਵਿੱਚ ਦੰਦ ਹੀ ਦੋ ਰਹਿ ਗਏ ਹੋਣ ਤਾਂ ਟੂਥਪੇਸਟ ‘ਤੇ ਇੰਨੇ ਪੈਸੇ ਖਰਚਣ ਦਾ ਕੀ ਫ਼ਾਇਦਾ, ਤਾਂ ਉਹ ਵੀ ਅੱਗਿਓਂ ਮੁਸਕੁਰਾ ਕੇ ਬੋਲੀ,“ਇਸ ਤੋਂ ਬਿਨਾਂ ਵੀ ਚੰਗਾ ਨਹੀਂ ਲੱਗਦਾ। ਮੇਰੇ ਲਈ ਇਹ ਇੱਕ ਲਤ ਵਾਂਗ ਹੈ ਜਿਵੇਂ ਕਿਸੇ ਨੂੰ ਗੁਟਖੇ [ਤੰਬਾਕੂ ਚਬਾਉਣ ਦੀ] ਦੀ ਹੁੰਦੀ ਹੈ।”
ਦਨਾਮਤੀ ਮਿੱਟੀ ਦੀਆਂ ਟਾਈਲਾਂ ਦੀ ਛੱਤ ਵਾਲ਼ੇ ਕੱਚੇ ਘਰ ਵਿੱਚ ਰਹਿੰਦੀ ਹੈ। ਮਾਮੂਲੀ ਜਿਹੇ ਸਮਾਨ ਵਾਲ਼ੇ ਇੱਕ ਕਮਰੇ ਦੇ ਮਕਾਨ ਵਿੱਚ ਦਾਖਲ ਹੋਣ ਲਈ ਕੋਡੇ ਹੋ ਕੇ ਅੰਦਰ ਜਾਣਾ ਪੈਂਦਾ ਹੈ। ਰਾਗੀ ਪੀਹਣ ਵਾਸਤੇ ਚੱਕੀ, ਇੱਕ ਟਾਰਚ, ਇੱਕ ਮਿੱਟੀ ਦਾ ਚੁੱਲ੍ਹਾ ਅਤੇ ਕੱਪੜਿਆਂ ਵਾਲ਼ੀ ਇੱਕ ਬਾਂਸ ਦੀ ਟੋਕਰੀ ਇੱਥੇ ਦੀਆਂ ਮੁੱਖ ਵਸਤਾਂ ਹਨ। ਇਹ ਬਜ਼ੁਰਗ ਔਰਤ ਜ਼ਮੀਨ ‘ਤੇ ਸੌਂਦੀ ਹੈ।
ਸਾਡੇ ਗੱਲਬਾਤ ਕਰਦਿਆਂ ਹੀ ਉਹਨਾਂ ਨੇ ਚੱਕੀ ਆਪਣੇ ਵੱਲ ਖਿੱਚੀ ‘ਤੇ ਪੀਹਣਾ ਸ਼ੁਰੂ ਕਰ ਦਿੱਤਾ ਅਤੇ ਨਾਲ਼-ਨਾਲ਼ ਦੇਸ਼ ਦੇ ਇਸ ਸਭ ਤੋਂ ਗ਼ਰੀਬ ਹਿੱਸਿਆਂ ਵਿੱਚੋਂ ਇੱਕ ਕਾਲਾਹਾਂਡੀ, ਓਡੀਸ਼ਾ ਵਿੱਚ ਆਪਣੇ ਬਚਪਨ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ।












