ਮਈ 2026 ਦਾ ਇੱਕ ਐਤਵਾਰ ਹੈ। ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਦੇ ਮਤੂਆ ਭਾਈਚਾਰੇ ਦੇ ਜੱਦੀ ਘਰ ਠਾਕੁਰਬਾੜੀ ਵਿਖੇ ਹਜ਼ੂਮ ਉਮੜ ਆਇਆ ਹੈ। ਪਰ ਹਾਲੇ ਵੀ ਬਹੁਤੇ ਲੋਕੀਂ ਮੰਦਰ ਅਰਦਾਸ ਕਰਨ ਨਹੀਂ ਪਹੁੰਚੇ। ਉਹ ਤਾਂ ਇਸ ਲੂਹ ਸੁੱਟਣ ਵਾਲ਼ੀ ਗਰਮੀ ਵਿੱਚ ਵੀ ਲੰਬੀਆਂ-ਲੰਬੀਆਂ ਕਤਾਰਾਂ ਵਿੱਚ ਦਸਤਾਵੇਜ ਫੜ੍ਹੀ ਇਸ ਉਮੀਦ ਨਾਲ਼ ਖੜ੍ਹੇ ਹਨ ਤਾਂ ਕਿ ਆਪਣੀ ਨਾਗਰਿਕਤਾ ਸਾਬਤ ਕਰ ਸਕਣ।
ਇਹ ਉਹ ਲੋਕ ਹਨ ਜਿਨ੍ਹਾਂ ਦੇ ਨਾਮ ਵੋਟਰ ਸੂਚੀਆਂ ਦੇ ਵਿਸ਼ੇਸ਼ ਗਹਿਨ ਸਮੀਖਿਆ (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਦੌਰਾਨ ਕੱਟੇ ਗਏ 90 ਲੱਖ ਵੋਟਰਾਂ ਵਿੱਚ ਸ਼ਾਮਲ ਹਨ। ਉਹ ਅਪ੍ਰੈਲ 2026 ਵਿੱਚ ਹੋਈਆਂ ਰਾਜ ਵਿਧਾਨਸਭਾ ਚੋਣਾਂ ਵਿੱਚ ਵੋਟ ਨਹੀਂ ਪਾ ਸਕੇ।
ਮਤੂਆ ਬਹੁ-ਗਿਣਤੀ 15 ਵਿਧਾਨਸਭਾ ਹਲ਼ਕਿਆਂ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਵੋਟਰਾਂ ਦੇ ਨਾਮ ਹਟਾਏ ਗਏ।
ਠਾਕੁਰਵਾੜੀ ਵਿੱਚ ਇਕੱਠੀ ਹੋਈ ਭੀੜ ਵਿੱਚ ਲਲਿਤਾ ਧਾਲੀ ਵੀ ਹਨ, ਜੋ ਆਪਣੇ ਪਤੀ ਕਾਰਤਿਕ ਦੇ ਨਾਲ਼ ਹਿੰਦੂ ਕਾਰਡ ਬਣਵਾਉਣ ਆਏ ਹਨ। ਕਬਿਲਾਸ਼ਪੁਰ ਦੀ 43 ਸਾਲਾ ਲਲਿਤਾ ਲਗਭਗ 30 ਕਿਲੋਮੀਟਰ ਦੀ ਦੂਰੀ ਸਕੂਟੀ ਨਾਲ਼ ਤੈਅ ਕਰਕੇ ਇੱਥੇ ਪਹੁੰਚੇ ਹਨ। ਅੰਤਮ ਐੱਸਆਈਆਰ ਸੂਚੀ ਵਿੱਚ ਉਨ੍ਹਾਂ ਦਾ ਨਾਮ ਨਹੀਂ ਆਇਆ, ਜਦੋਂਕਿ ਕਾਰਤਿਕ ਦਾ ਨਾਮ ਸੂਚੀ ਵਿੱਚ ਹੈ।
ਲਲਿਤਾ ਦੇ ਦਾਦਾ ਤੇ ਪਿਤਾ 1950ਵਿਆਂ ਵਿੱਚ ਭਾਰਤ ਆਏ ਸਨ, ਪਰ 1984 ਵਿੱਚ ਵਾਪਸ ਬੰਗਲਾਦੇਸ਼ ਚਲੇ ਗਏ। ਕੁਝ ਸਾਲਾਂ ਬਾਅਦ ਉਹ ਮੁੜ ਭਾਰਤ ਪਰਤ ਆਏ। 53 ਸਾਲਾ ਕਾਰਤਿਕ ਕਹਿੰਦੇ ਹਨ,''ਔਰ ਬਾਬਾ ਇਪਰ-ਓਪਰ ਕਰਤੋ। ਕੇ ਜਾਨੇ ਕੋ ਪਾਰੇ ਜਨਮੇਛੇ (ਉਨ੍ਹਾਂ ਦੇ ਪਿਤਾ ਇੱਧਰ-ਓਧਰ ਆਉਂਦੇ-ਜਾਂਦੇ ਰਹੇ। ਕੌਣ ਜਾਣਦਾ ਹੈ ਕਿ ਉਨ੍ਹਾਂ ਦਾ ਜਨਮ ਕਿਸ ਪਾਸੇ ਹੋਇਆ ਸੀ।''
ਮਤੂਆ ਭਾਈਚਾਰਾ 19ਵੀਂ ਸਦੀ ਦੇ ਬਾਅਦ ਵਿੱਚ ਉੱਭਰਿਆ ਇੱਕ ਬ੍ਰਾਹਮਣ-ਵਿਰੋਧੀ ਸੰਪਰਦਾ ਹੈ। ਇਹ ''ਹਰਿਚੰਦ ਠਾਕੁਰ ਦੁਆਰਾ ਨੀਵੀਆਂ ਜਾਤਾਂ, ਮੁੱਖ ਰੂਪ ਵਿੱਚ ਅਣਵੰਡੇ ਬੰਗਾਲ ਦੇ ਪੂਰਬੀ ਹਿੱਸੇ ਵਿੱਚ ਰਹਿਣ ਵਾਲ਼ੇ ਨਾਮਸ਼ੂਦਰਾਂ ਨੂੰ ਸੰਗਠਤ ਕਰਨ ਦੌਰਾਨ ਉੱਭਰਿਆ।'' ਪੱਛਮੀ ਬੰਗਾਲ ਵਿਖੇ ਨਾਮਸ਼ੂਦਰ ਪਿਛੜੀ ਜਾਤੀ ਵਜੋਂ ਸੂਚੀਬੱਧ ਹਨ। ਕਈ ਮਤੂਆ ਲੋਕ ਜੀਵਨ ਦੀਆਂ ਉਲਟ ਹਾਲਤਾਂ ਨਾਲ਼ ਜੂਝਦੇ ਹੋਏ ਪੱਛਮੀ ਬੰਗਾਲ ਆਏ ਤੇ ਉਨ੍ਹਾਂ ਕੋਲ਼ ਦਸਤਾਵੇਜ ਨਹੀਂ ਹਨ। ਅਯਾਨ ਗੁਹਾ, ਜੋ ਬ੍ਰਿਟੇਨ ਦੇ ਯੂਨੀਵਰਸਿਟੀ ਆਫ਼ ਸਸੈਕਸ ਵਿੱਚ ਫੈਲੋ ਹਨ, ਦੱਸਦੇ ਹਨ,''ਵੰਡ ਤੋਂ ਬਾਅਦ ਪਾਕਿਸਤਾਨ (ਬੰਗਲਾਦੇਸ਼) ਵਿੱਚ ਨਾਮਸ਼ੂਦਰ ਵੀ ਧਾਰਮਿਕ ਦਾਬੇ ਦਾ ਸ਼ਿਕਾਰ ਹੋਏ।'' ਗੁਹਾ ਨੇ ਪੱਛਮੀ ਬੰਗਾਲ ਵਿੱਚ ਜਾਤੀ ਦੀ ਰਾਜਨਤੀਕ ਗਤੀਸ਼ੀਲਤਾ 'ਤੇ ਵਿਆਪਕ ਅਧਿਐਨ ਕੀਤਾ ਹੈ।












