ਜ਼ਿਆਦਾਤਰ ਭਾਰਤੀਆਂ ਨੂੰ ਛੋਟਾ ਜਿਹਾ 14 ਇੰਚ ਦਾ ਬਲੈਕ ਐਂਡ ਵਾਈਟ ਟੀਵੀ ਸ਼ਾਇਦ ਗੁਜ਼ਰੇ ਜ਼ਮਾਨੇ ਦੀ ਗੱਲ ਲੱਗੇ। ਪਰ ਰਵਜੀ ਨਰੋਟੀ ਅਤੇ ਉਸਦੇ ਕਿਸ਼ੋਰ ਬੇਟੇ ਤੁਲਸੀਰਾਮ ਲਈ ਇਹੀ ਸਭ ਤੋਂ ਕੀਮਤੀ ਚੀਜ਼ ਹੈ ਜੋ ਉਹਨਾਂ ਦੇ ਇੱਟਾਂ ਅਤੇ ਗਾਰੇ ਵਾਲੇ ਘਰ ਦੇ ਕੋਨੇ ਵਿੱਚ ਸੋਲਰ ਲੈਂਪ ਦੇ ਨਾਲ਼ ਪਿਆ ਹੈ।
ਪਿਛਲੇ ਮਹੀਨੇ ਬਿਜਲੀ ਉਪਕਰਣਾਂ ਦੀ ਦੁਨੀਆਂ ਵਿੱਚ ਨਰੋਟੀਆਂ ਨੇ ਪਹਿਲੀ ਵਾਰ ਕਦਮ ਰੱਖਿਆ ਅਤੇ 4000 ਰੁਪਏ ਦੀ ਇਹ ਲਗਜ਼ਰੀ ਬਿਜਲੀ ਯੰਤਰਾਂ ਨਾਲ਼ ਉਹਨਾਂ ਦੀ ਪਲੇਠੀ ਮੁਲਾਕਾਤ ਹੈ। ਉਹਨਾਂ ਦੇ ਨੌਜਵਾਨ ਗੁਆਂਢੀ ਸਾਧੂ ਇੱਛਾਮੀ ਵੀ ਨੇੜਲੇ ਕਸਬੇ ਤੋਂ ਇੱਕ ਖਰੀਦ ਕੇ ਲੈ ਕੇ ਆਏ ਹਨ।
14 ਜੁਲਾਈ ਦੇ ਦਿਨ ਜਦ ਨਰੋਟੀਆਂ ਦੇ ਪਿੰਡ ਗਰਾਂਜੀ ਵਿੱਚ ਬਿਜਲੀ ਪਹੁੰਚੀ ਤਾਂ ਦੇਸ਼ ਅਜ਼ਾਦ ਹੋਏ ਨੂੰ ਛੇ ਦਹਾਕਿਆਂ ਤੋਂ ਵੀ ਉੱਪਰ ਹੋ ਚੁੱਕੇ ਸਨ।
48 ਗੋਂਡ ਕਬਾਇਲੀ ਪਰਿਵਾਰਾਂ ਅਤੇ ਦੋ ਬੰਗਲਦੇਸ਼ੀ ਰਫ਼ਿਊਜੀ ਪਰਿਵਾਰਾਂ ਦਾ ਇਹ ਪਿੰਡ ਮਹਾਰਾਸ਼ਟਰ ਮਾਓਵਾਦੀਆਂ ਦੇ ਗੜ, ਗੜਚਿਰੋਲੀ ਜਿਲ੍ਹੇ ਦੇ ਜੰਗਲਾਂ ਵਿੱਚ ਜ਼ਿਲ੍ਹਾ ਹੈੱਡਕੁਆਟਰ ਤੋਂ 80 ਕਿਲੋਮੀਟਰ ਦੂਰੀ 'ਤੇ ਸਥਿਤ ਹੈ।
ਝੌਂਪੜੀਆਂ ਦੀ ਕਤਾਰ ਅਤੇ ਝੋਨੇ ਦੇ ਹਰੇ ਭਰੇ ਖੇਤਾਂ ਨੂੰ ਆਪਸ ਵਿੱਚੋਂ ਅੱਡ ਕਰਦੀ ਕੱਚੀ ਸੜਕ 'ਤੇ ਜਦੋਂ ਪਹਿਲੀ ਵਾਰ ਚਾਨਣ ਹੋਇਆ ਤਾਂ ਪਿੰਡ ਵਿੱਚ ਜਸ਼ਨ ਦਾ ਮਾਹੌਲ ਸੀ। ਉਹਨਾਂ ਨੇ ਦਾਵਤ ਵਿੱਚ ਬਕਰਾ ਰਿੰਨ੍ਹਿਆ, ਘਰਾਂ ਨੂੰ ਸ਼ਿੰਗਾਰਿਆ ਅਤੇ ਦੌਰੇ 'ਤੇ ਆਏ ਸਰਕਾਰੀ ਅਫ਼ਸਰਾਂ ਦਾ “ਰੇਲਾ” ਲੋਕ ਨਾਚ ਨਾਲ਼ ਸਵਾਗਤ ਕੀਤਾ।
ਅਫ਼ਸੋਸ, ਖੁਸ਼ੀ ਦੀ ਇਹ ਉਮਰ ਬਹੁਤੀ ਲੰਬੀ ਨਹੀਂ ਸੀ, ਪਰ ਫਿਰ ਵੀ ਰੌਸ਼ਨ ਜ਼ਿੰਦਗੀਆਂ ਨੇ ਹਾਲੇ ਤੀਕਰ ਉਮੀਦ ਦਾ ਪੱਲਾ ਨਹੀਂ ਸੀ ਛੱਡਿਆ।
ਗਰਾਂਜੀ ਤੋਂ 45 ਕਿਲੋਮੀਟਰ ਦੂਰ ਚਾਰਮੋਰਸ਼ੀ ਵਿਖੇ ਮਹਾਰਾਸ਼ਟਰ ਰਾਜ ਬਿਜਲੀ ਵਿਤਰਣ ਕੰਪਨੀ ਲਿਮਿਟਡ (ਐੱਮ.ਐੱਸ.ਈ.ਡੀ.ਸੀ.ਐੱਲ.) ਦੇ ਬਲਾਕ ਹੈੱਡਕੁਆਟਰ ਵਿੱਚ ਸਹਾਇਕ ਇੰਜੀਨੀਅਰ ਦਿਲਿਪ ਕੁੰਭਾਰੇ ਅਫ਼ਸੋਸ ਨਾਲ਼ ਦੱਸਦੇ ਹਨ 16 ਜੁਲਾਈ ਨੂੰ ਹੋਈ ਮੁਸਲਾਧਾਰ ਬਰਸਾਤ ਕਾਰਨ ਨਵੀਂ ਵਿਛਾਈ ਸਿੰਗਲ ਫ਼ੇਸ 11 ਕਿਲੋਵਾਟ ਦੀ ਲਾਈਨ ਟੁੱਟ ਗਈ। ਤਾਰ ਉੱਪਰ ਦਰੱਖਤ ਡਿੱਗਣ ਨਾਲ਼ ਬਿਜਲੀ ਦੇ ਦੋ ਖੰਭੇ ਵੀ ਡਿੱਗ ਗਏ।
“9 ਜੂਨ ਤੋਂ ਲੈ ਕੇ ਲਗਾਤਾਰ ਬਾਰਿਸ਼ ਹੋ ਰਹੀ ਹੈ,” ਚਾਰਮੋਰਸ਼ੀ ਦੇ ਸਬਡਵੀਜ਼ਨਲ ਅਫ਼ਸਰ ਦਿਲਿਪ ਸਾਵਰਕਰ ਦੱਸਦੇ ਹਨ।
ਕੁੰਭਾਰੇ ਦਾ ਕਹਿਣਾ ਹੈ ਕਿ ਮੁਰੰਮਤ ਦਾ ਕੰਮ ਬਾਰਿਸ਼ ਰੁਕਣ 'ਤੇ ਹੀ ਹੋ ਸਕਦਾ ਹੈ। “ਮੁਰੰਮਤ ਕਰਨ ਲਈ ਖੁਸ਼ਕ ਮੌਸਮ ਦੀ ਲੋੜ ਹੁੰਦੀ ਹੈ।”
ਪਿੰਡ ਵਾਲ਼ੇ ਬੇਸਬਰੀ ਨਾਲ਼ ਉਡੀਕ ਕਰ ਰਹੇ ਹਨ ਕਿਉਂਕਿ ਉਹ ਟੀਵੀ ਦੇਖਣਾ ਚਾਹੁੰਦੇ ਹਨ ਅਤੇ ਉਹ ਫ਼ਿਲਮਾਂ ਦੇਖਣ ਲਈ ਵੀ.ਸੀ.ਆਰ. ਵੀ ਲੈ ਕੇ ਆਉਣ ਦੀ ਤਿਆਰੀ ਵਿੱਚ ਹਨ।
ਨਰੋਟੀ ਅਤੇ ਇੱਛਮੀ ਪਰਿਵਾਰ ਨੇ ਸ਼ੁਰੂਆਤ ਕਰ ਦਿੱਤੀ ਹੈ ਅਤੇ ਬਾਕੀ ਕਤਾਰ ਵਿੱਚ ਹਨ। ਹੁਣ ਤੱਕ 36 ਪਰਿਵਾਰਾਂ ਨੇ ਨਿੱਜੀ ਕਨੈਕਸ਼ਨ ਲਈ ਅਰਜ਼ੀ ਦੇ ਦਿੱਤੀ ਹੈ ਅਤੇ ਐੱਮ.ਐੱਸ.ਈ.ਡੀ.ਸੀ.ਐੱਲ. ਨੂੰ ਰਕਮ ਜਮ੍ਹਾ ਵੀ ਕਰਵਾ ਦਿੱਤੀ ਹੈ।
ਕੁੰਭਾਰੇ ਦਾ ਕਹਿਣਾ ਹੈ, “ਪਿੰਡ ਵਾਲ਼ਿਆਂ ਵੱਲੋਂ ਸਾਨੂੰ ਚੰਗਾ ਹੁੰਗਾਰਾ ਮਿਲ਼ਿਆ ਹੈ। ਹੁਣ ਅਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਮੀਟਰ ਵੀ ਲਾ ਦਿਆਂਗੇ।”
ਗੱਲ ਵਿੱਚੋਂ ਕੱਟਦਿਆਂ ਤੁਕਾਰਾਮ ਕੰਗਾਲੀ ਕਹਿੰਦੇ ਹਨ, “ਅਗਲੇ ਸਾਲ ਤੱਕ ਤੁਸੀਂ ਹਰ ਘਰ ਵਿੱਚ ਟੀਵੀ ਦੇਖੋਂਗੇ।”
ਇਹ ਕੰਮ ਅਸਾਨ ਨਹੀਂ
ਗੜਚਿਰੋਲੀ ਅਤੇ ਨਾਲ਼ ਲੱਗਦੇ ਛੱਤੀਸਗੜ ਦੇ ਬਸਤਰ ਇਲਾਕੇ ਦੇ ਸੈਂਕੜੇ ਕਬਾਇਲੀ ਪਿੰਡ ਬਿਜਲੀ ਤੋਂ ਸੱਖਣੇ ਹਨ, ਜੋ ਕਿ ਉਸ ਭਾਰਤ ਦੇ ਬਿਲਕੁਲ ਉਲਟ ਹੈ ਜਿੱਥੇ ਸੁਰੱਖਿਆ ਅਦਾਰੇ ਸੈਟੇਲਾਈਟ ਫ਼ੋਟੋਆਂ ਅਤੇ ਮਾਨਵ ਰਹਿਤ ਹਵਾਈ ਵਾਹਨ ਮਾਓਵਾਦੀਆਂ ਦੀ ਜਾਸੂਸੀ ਕਰਦੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਅਤੇ ਐੱਮ.ਐੱਸ.ਈ.ਡੀ.ਸੀ.ਐੱਲ. ਨੇ ਪਿੰਡ ਨੂੰ ਵਾਪਿਸ ਰੌਸ਼ਨ ਕਰਨ ਲਈ ਹੱਥ ਮਿਲਾਏ ਹਨ। ਪਰ ਇਸ ਵਿੱਚ ਕਾਫ਼ੀ ਮੁਸ਼ਕਿਲਾਂ ਹਨ।
ਪਹਿਲਾ: ਜ਼ਿਆਦਾਤਰ ਪਿੰਡ ਦੂਰ ਦੂਰ ਅਤੇ ਸੁਰੱਖਿਅਤ ਜੰਗਲਾਂ ਵਿੱਚ ਡੂੰਘੇ ਵੱਸੇ ਹੋਏ ਹਨ। ਇੱਥੇ ਵਸੋਂ ਇੰਨੀ ਘੱਟ ਅਤੇ ਗ਼ਰੀਬ ਹੈ ਕਿ ਉਹ ਬਿਜਲੀ ਦਾ ਖਰਚਾ ਵੀ ਨਹੀਂ ਦੇ ਸਕਣਗੇ। ਵੱਧਦੀ ਹੋਈ ਬਿਜਲੀ ਦਰ ਦੇ ਇਸ ਸਮੇਂ ਵਿੱਚ ਉਹਨਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣੀ ਪਵੇਗੀ।
ਦੂਸਰਾ: ਜੰਗਲਾਂ ਦੇ ਵਿੱਚੋਂ ਅਤੇ ਮੁਸ਼ਕਿਲ ਰਸਤਿਆਂ ਤੋਂ ਬਿਜਲੀ ਦੀਆਂ ਤਾਰਾਂ ਵਿਛਾਉਣ ਲਈ ਨਾ ਸਿਰਫ਼ ਵੱਡੇ ਨਿਵੇਸ਼ ਦੀ ਲੋੜ ਹੁੰਦੀ ਹੈ ਬਲਕਿ ਬਹੁਤ ਥਾਵਾਂ ਤੋਂ ਮਨਜ਼ੂਰੀ ਵੀ ਚਾਹੀਦੀ ਹੈ ਅਤੇ ਨਾਲ਼ ਹੀ ਬੁਨਿਆਦੀ ਢਾਂਚਾ ਵਿਛਾਉਣ ਲਈ ਵੀ ਜੰਗਲਾਤ ਵਿਭਾਗ ਦੀ ਮਨਜ਼ੂਰੀ ਚਾਹੀਦੀ ਹੈ, ਜੋ ਕਿ ਆਪਣੇ ਆਪ ਵਿੱਚ ਮੁਸ਼ਕਿਲ ਕੰਮ ਹੈ।
ਤੀਜਾ: ਜ਼ਿਆਦਾਤਰ ਪਿੰਡ ਜਿੱਥੇ ਬਿਜਲੀ ਨਹੀਂ ਪਹੁੰਚੀ ਹੈ ਉਹ ਮਾਓਵਾਦੀਆਂ ਦੇ ਗੜ੍ਹ ਵਿੱਚ ਹਨ ਜਿੱਥੇ ਪਿਛਲੇ ਕੁਝ ਸਾਲਾਂ ਦੌਰਾਨ ਬਾਗੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਟਕਰਾਅ ਦੇ ਮਾਮਲੇ ਬਹੁਤ ਵਧ ਗਏ ਹਨ।
ਚੌਥਾ: ਗੜਚਿਰੋਲੀ ਵਿੱਚ ਐੱਮ.ਐੱਸ.ਈ.ਡੀ.ਸੀ.ਐੱਲ. ਵਿੱਚ ਅਮਲੇ ਦੀ ਪਹਿਲਾਂ ਹੀ ਕਮੀ ਹੈ (ਇੱਥੇ ਪਿਛਲੇ ਕਈ ਸਾਲਾਂ ਤੋਂ ਭਰਤੀ ਨਹੀਂ ਹੋਈ ਹੈ ਅਤੇ ਮੌਜੂਦਾ ਕਰਮਚਾਰੀ ਇਸ ਪਿਛੜੇ ਜਿਲ੍ਹੇ ਵਿੱਚ ਕੰਮ ਕਰਨ ਤੋਂ ਕਤਰਾਉਂਦੇ ਹਨ), ਜਿਸ ਕਾਰਨ ਲਗਾਤਾਰ ਬਿਜਲੀ ਦੀ ਸਪਲਾਈ ਜਾਰੀ ਰੱਖਣਾ ਉਮਰ ਦਰਾਜ ਹੁੰਦੇ ਜਾ ਰਹੇ ਅਮਲੇ ਲਈ ਸ਼ਰੀਰਕ ਤੌਰ ਤੇ ਵੀ ਚੁਣੌਤੀ ਬਣ ਗਿਆ ਹੈ।
ਪਰ ਸਭ ਔਕੜਾਂ ਦੇ ਬਾਵਜੂਦ ਪ੍ਰਸ਼ਾਸਨ ਅਨੁਸਾਰ ਇਹ ਕੰਮ ਮੁਕੰਮਲ ਕਰਨਾ ਹੀ ਪੈਣਾ ਹੈ।
“ਇਹ ਸ਼ਰਮਿੰਦਗੀ ਵਾਲ਼ੀ ਗੱਲ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਬਿਜਲੀ ਨਹੀਂ ਦੇ ਸਕੇ ਹਾਂ,” ਕਲੈਕਟਰ ਅਭਿਸ਼ੇਕ ਕ੍ਰਿਸ਼ਨਾ ਦਾ ਕਹਿਣਾ ਹੈ। “ਉਹਨਾਂ ਨੇ ਕਦੀ ਕੋਈ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਅਸੀਂ ਵੀ ਕਦੀ ਉਹਨਾਂ ਤੱਕ ਪਹੁੰਚ ਨਹੀਂ ਕੀਤੀ।”
ਸਾਲ 2012 ਦੇ ਮੱਧ ਵਿੱਚ ਜਿਲ੍ਹਾ ਪ੍ਰਸ਼ਾਸਨ ਅਤੇ ਐੱਮ.ਐੱਸ.ਈ.ਡੀ.ਸੀ.ਐੱਲ. ਨੇ ਇੱਕ ਸਾਂਝਾ ਸਰਵੇ ਕੀਤਾ ਜਿਸ ਦਾ ਨਤੀਜਾ ਇਹ ਰਿਹਾ ਕਿ ਬਿਨਾਂ ਬਿਜਲੀ ਦੀ ਸਹੂਲਤ ਵਾਲ਼ੇ ਪਿੰਡਾਂ ਦੇ ਦੋ ਵਰਗ ਬਣਾਏ ਗਏ। ਇੱਕ ਉਹ ਪਿੰਡ ਜਿਨ੍ਹਾਂ ਵਿੱਚ ਕਦੇ ਬਿਜਲੀ ਪਹੁੰਚੀ ਹੀ ਨਹੀਂ ਅਤੇ ਦੂਜੇ ਉਹ ਜਿਨ੍ਹਾਂ ਵਿੱਚ ਕੋਈ ਦੋ ਦਹਾਕੇ ਪਹਿਲਾਂ ਬਿਜਲੀ ਤਾਂ ਪਹੁੰਚੀ ਪਰ ਬਿੱਲਾਂ ਦਾ ਭੁਗਤਾਨ ਨਾ ਹੋਣ ਕਾਰਨ ਸਪਲਾਈ ਕੱਟਣੀ ਪਈ।
“ਸਾਨੂੰ ਪਤਾ ਲੱਗਾ ਕਿ ਗੜਚਿਰੋਲੀ ਦੇ 1,600 ਪਿੰਡਾਂ ਵਿੱਚੋਂ 300 ਵਿੱਚ ਬਿਜਲੀ ਨਹੀਂ,” ਕ੍ਰਿਸ਼ਨਾ ਜੀ ਦਾ ਕਹਿਣਾ ਹੈ। ਇਹਨਾਂ ਵਿੱਚੋਂ ਵੀ ਕਈ ਪਿੰਡਾਂ ਵਿੱਚ ਪੱਕੀ ਸੜਕ ਤੱਕ ਨਹੀਂ ਹੈ।
ਇਹਨਾਂ ਪਿੰਡਾਂ ਵਿੱਚ ਬਿਜਲੀ ਪਹੁੰਚਾਉਣ ਲਈ 11 ਕਰੋੜ ਰੁਪਏ ਦਾ ਖਰਚਾ ਆਏਗਾ। ਇਸ ਸਾਲ ਦੇ ਪਹਿਲੇ ਸੱਤ ਮਹੀਨਿਆਂ ਵਿੱਚ ਲਗਭਗ 100 ਤੱਕ ਬਿਜਲੀ ਪਹੁੰਚ ਗਈ ਹੈ ਅਤੇ ਹੁਣ ਸਾਰਾ ਦਾਰੋਮਦਾਰ ਪਰਿਵਾਰਾਂ ਦੇ ਸਿਰ ਤੇ ਹੈ ਕਿ ਆਪਣੀ ਵਿੱਤੀ ਹਾਲਤ ਅਨੁਸਾਰ ਕਨੈਕਸ਼ਨ ਲਈ ਅਰਜ਼ੀ ਦੇਣ।




