ਇਹ ਦਰੱਖਤ ਉਨ੍ਹਾਂ ਦੇ ਦਾਦਾ ਨੇ ਲਗਾਇਆ ਸੀ। “ਉਮਰ ਵਿੱਚ ਇਹ ਮੇਰੇ ਤੋਂ ਵੱਡਾ ਹੈ,” ਦਰੱਖਤ ਦੀ ਛਾਂਵੇਂ ਬੈਠੇ ਮਹਾਦੇਵ ਕਾਂਬਲੇ ਕਹਿੰਦੇ ਹਨ ਅਤੇ ਇਹ ਇਕੱਲਾ ਦਰੱਖਤ ਹੈ ਜੋ ਹੁਣ ਉਨ੍ਹਾਂ ਦੇ ਦੋ ਏਕੜ ਦੇ ਬੰਜਰ ਅਮਰਾਈ (ਅੰਬ ਦਾ ਬਾਗ਼) ਵਿੱਚ ਖੜ੍ਹਾ ਹੈ।
ਇਹ ਇਕੱਲਾ ਦਰੱਖਤ ਦੱਸ ਦਿੰਦਾ ਹੈ ਕਿ ਬਾਰੰਜ ਮੋਕਾਸਾ ਪਿੰਡ ਦੇ ਕਾਂਬਲੇ ਅਤੇ ਹੋਰ ਪਿੰਡ ਵਾਲ਼ੇ ਇਓਂ ਕਿਉਂ ਕਹਿ ਰਹੇ ਹਨ ਕਿ 11 ਅਪ੍ਰੈਲ ਨੂੰ ਉਹ ਪੂਰਬੀ ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਤੋਂ ਚਾਰ ਵਾਰੀਂ ਲੋਕ ਸਭਾ ਦੇ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲ਼ੀ ਰਾਸ਼ਟਰੀ ਲੋਕਤੰਤਰੀ ਗਠਜੋੜ ਸਰਕਾਰ ਵਿੱਚ ਗ੍ਰਹਿ ਮੰਤਰੀ ਹੰਸਰਾਜ ਅਹੀਰ ਨੂੰ ਵੋਟ ਨਹੀਂ ਦੇਣਗੇ।
ਕਾਂਬਲੇ ਦੇ ਬਾਗ਼ ਵਿੱਚ ਕਈ ਸਾਰੇ ਦਰੱਖਤ ਉਸ ਵੇਲ਼ੇ ਕੱਟ ਦਿੱਤੇ ਗਏ, ਜਦੋਂ ਉਨ੍ਹਾਂ ਦੀ ਜ਼ਮੀਨ ਕੋਲ਼ਾ ਖਾਨ ਲਈ ਕਬਜਾਈ ਜਾ ਰਹੀ ਸੀ। ਇਸ ਪ੍ਰੋਜੈਕਟ ਨੇ, ਜੋ ਕਿ ਪਿਛਲੇ ਇੱਕ ਦਹਾਕੇ ਵਿੱਚ ਇਸ ਖੇਤਰ ਵਿੱਚ ਸ਼ੁਰੂ ਕੀਤੇ ਵੱਖ-ਵੱਖ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਸਾਰੀ ਜ਼ਮੀਨ ਅਤੇ ਸੰਪਤੀਆਂ ਦੇ ਨਾਲ਼-ਨਾਲ਼ ਰੁਜ਼ਗਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬਾਰੰਜ ਮੋਕਾਸਾ (ਜਨਗਣਨਾ 2011 ਵਿੱਚ ਬਾਰੇਂਗ ਮੋਕਾਸਾ ਵਜੋਂ ਦਰਜ) ਨੂੰ ਤਬਾਹ ਕਰ ਦਿੱਤਾ ਹੈ।
ਅਤੇ ਇਸਨੇ ਪਿੰਡ ਦੇ ਲਗਭਗ 1,800 ਨਿਵਾਸੀਆਂ ਨੂੰ ਬੇਯਕੀਨੀ ਦੀ ਹਾਲਤ ਵਿੱਚ ਛੱਡ ਦਿੱਤਾ ਹੈ- ਹਾਲਾਂਕਿ, ਬਾਰੰਜ ਮੋਕਾਸਾ ਨੂੰ ਤਾਂ ਇਸ ਪ੍ਰੋਜੈਕਟ ਲਈ ਖਰੀਦ ਲਿਆ ਗਿਆ ਪਰ ਇੱਥੋਂ ਦੇ ਲੋਕਾਂ ਦਾ ਮੁੜ-ਵਸੇਬਾ ਨਹੀਂ ਕੀਤਾ ਗਿਆ।












