ਕੱਤੀਲੇ ਕੜਾ ਵਿਖੇ ਜਦੋਂ ਪਹਿਲਾ ਗਾਹਕ ਆਉਂਦਾ ਹੈ ਉਸ ਤੋਂ ਪਹਿਲਾਂ ਹੀ ਜੰਗਲ ਵਿੱਚ ਸੂਰਜ ਚੜ੍ਹ ਚੁੱਕਿਆ ਹੁੰਦਾ ਹੈ।
ਲੋਅ ਹੁੰਦਿਆਂ ਹੀ ਸਾਸੀਕੁਮਾਰੀ ਕਾਨੀ ਤੇ ਹੋਰ ਔਰਤਾਂ ਤੀਰੂਵੰਤਪੁਰਮ ਜ਼ਿਲ੍ਹੇ ਦੇ ਵਿਥੁਰਾ-ਪੇਪਾਰਾ ਡੈਮ ਰੋਡ ਤੋਂ ਹੇਠਾਂ ਲੱਥ ਕੇ ਜੰਗਲ ਵੱਲ ਨੂੰ ਤੁਰ ਪੈਂਦੀਆਂ ਹਨ। ਇਹ ਪਹਾੜੀਆਂ ਪੱਛਮੀ ਘਾਟ ਤੱਕ ਫੈਲੀਆਂ ਹਨ, ਜਿੱਥੇ ਸੜਕ ਪੇਪਾਰਾ ਜਲਾਸ਼ਯ ਦੇ ਕੰਡਿਓਂ ਲੰਘਦੀ ਹੈ ਤੇ ਬਸਤੀਆਂ ਵੀ ਸੁੰਗੜਦੀਆਂ ਜਾਪਦੀਆਂ ਹਨ ਜੋ ਅਖੀਰ ਆਦਿਵਾਸੀ ਢਾਣੀ ਵਿੱਚ ਬਦਲ ਜਾਂਦੀਆਂ ਹਨ। ਇੱਥੇ ਕੁਕਿੰਗ ਲਈ ਗੈਸ ਨਹੀਂ ਆਉਂਦੀ, ਇੱਥੇ ਤਾਂ ਬਾਲਣ ਆਪ ਚੁਗਿਆ ਜਾਂਦਾ ਹੈ।
ਆਪਣੇ ਸਿਰਾਂ 'ਤੇ ਲੱਦੇ ਬਾਲਣ ਦੀਆਂ ਪੰਡਾਂ ਦਾ ਤਵਾਜਨ ਬਿਠਾਉਂਦੀਆਂ ਉਹ ਘਰਾਂ ਨੂੰ ਮੁੜਨ ਲੱਗਦੀਆਂ ਹਨ। ਉਨ੍ਹਾਂ ਦੇ ਘਰ ਮੁੜਨ ਦੀ ਸੂਰਤ ਵਿੱਚ ਹੀ ਚੁੱਲ੍ਹਾ ਬਲ਼ਦਾ ਹੈ। ਕੱਤੀਲੇ ਕੜਾ ਦਾ ਸ਼ਾਬਦਿਕ ਅਨੁਵਾਦ ਹੈ 'ਜੰਗਲ ਅੰਦਰ ਦੁਕਾਨ'।
ਸੜਕ ਕੰਢੇ ਬਣੇ ਇਸ ਛੋਟੇ ਜਿਹੇ ਢਾਬੇ ਤੋਂ ਧੂੰਆਂ ਉੱਠ ਰਿਹਾ ਹੈ ਤੇ ਕਾਲ਼ੇ ਭਾਂਡਿਆਂ ਨੂੰ ਧੁਆਂਖ ਰਿਹਾ ਹੈ। ਐੱਲਪੀਜੀ ਸਿਲੰਡਰ ਤਾਂ ਹੈ ਪਰ ਖੂੰਜੇ ਲੱਗਾ ਪਿਆ ਹੈ। ਗੈਸ ਹਮੇਸ਼ਾਂ ਨਹੀਂ ਮਿਲ਼ਦੀ, ਮਹਿੰਗੀ ਵੀ ਹੈ ਤੇ ਸਪਲਾਈ ਵੀ ਕਦੇ ਹੁੰਦੀ ਹੈ ਕਦੇ ਨਹੀਂ।
''ਅਸੀਂ ਗੈਸ 'ਤੇ ਨਿਰਭਰ ਹੋ ਕੇ ਨਹੀਂ ਰਹਿ ਸਕਦੇ,'' 59 ਸਾਲਾ ਸਾਸੀਕੁਮਾਰੀ ਕਹਿੰਦੇ ਹਨ। ''ਇਸ ਲਈ ਅਸੀਂ ਵਾਪਸ ਚੁੱਲ੍ਹੇ 'ਤੇ ਆ ਗਏ ਹਾਂ।''
ਯੂਐੱਸ-ਇਜ਼ਰਾਇਲ ਵੱਲੋਂ ਈਰਾਨ ਨੂੰ ਵਿੱਢੀ ਜੰਗ ਕਾਰਨ ਕੇਰਲ ਦੇ ਛੋਟੇ-ਛੋਟੇ ਢਾਬੇ ਐੱਲਪੀਜੀ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ ਸੰਘਰਸ਼ ਕਰ ਰਹੇ ਹਨ। ਗੈਸ ਮਿਲ਼ਣ ਵਿੱਚ ਹੁੰਦੀ ਦੇਰੀ ਤੇ ਅਸਮਾਨ ਛੂੰਹਦੀਆਂ ਕੀਮਤਾਂ ਕਾਰਨ ਚੁੱਲ੍ਹਿਆਂ ਵਿੱਚ ਅੱਗ ਮੁੜ ਪਰਤ ਆਈ ਹੈ।
ਕੱਤੀਲੇ ਕੜਾ ਵਿਖੇ, ਇਸ ਬਦਲਾਅ ਨੇ ਪੂਰੇ ਦਿਨ ਦਾ ਨਕਸ਼ਾ ਬਦਲ ਦਿੱਤਾ ਹੈ।
ਸਾਸੀਕੁਮਾਰੀ ਨੇ ਇਹ ਢਾਬਾ ਕੋਈ ਚਾਰ ਸਾਲ ਪਹਿਲਾਂ ਸ਼ੁਰੂ ਕੀਤਾ, ਜਦੋਂ ਉਨ੍ਹਾਂ ਦੇ ਪਤੀ, 58 ਸਾਲਾ ਮਨੀਯਮ ਬੀਮਾਰ ਪੈ ਗਏ ਤੇ ਹੱਥੀਂ ਕੰਮ ਕਰਨ ਦੇ ਯੋਗ ਨਾ ਰਹਿ ਗਏ। ਉਹ ਦੱਖਣੀ ਪੱਛਮੀ ਘਾਟ ਦੇ ਇੱਕ ਛੋਟੇ ਜਿਹੇ ਆਦਿਵਾਸੀ ਭਾਈਚਾਰੇ, ਕਾਨੀ ਨਾਲ਼ ਤਾਅਲੁੱਕ ਰੱਖਦੇ ਹਨ। ਇਹ ਭਾਈਚਾਰਾ ਜੰਗਲਾਂ ਨਾਲ਼ ਨੇੜਿਓਂ ਜੁੜਿਆ ਹੋਣ ਕਾਰਨ ਉਨ੍ਹਾਂ ਨੂੰ ਮਿੱਟੀ ਦਾ ਚੁੱਲ੍ਹਾ ਬਣਾ ਕੇ ਕੁਦਰਤੀ ਤਰੀਕਿਆਂ ਨਾਲ਼ ਖਾਣਾ ਪਕਾਉਣ ਵੱਲ ਨੂੰ ਮੋੜੀ ਮੁਹਾਰ ਤੋਂ ਕੋਈ ਦਿੱਕਤ ਨਾ ਹੋਈ।
ਇੰਟੇਗ੍ਰੇਟਡ ਟ੍ਰਾਈਬਲ ਡਿਵਲਪਮੈਂਟ ਪ੍ਰੋਗਰਾਮ ਦੇ ਸਮਰਥਨ ਅਤੇ ਕੁਦੁੰਬਸ਼੍ਰੀ ਵੱਲੋਂ ਫੜ੍ਹੀ ਬਾਂਹ ਕਰਕੇ ਮਿਲ਼ੇ ਕਰਜਿਆਂ ਕਰਕੇ, ਔਰਤਾਂ ਨੇ ਕਮਾਈ ਵਾਸਤੇ ਇੱਕ ਆਮ ਜਿਹੀ ਸੜਕ ਕੰਢੇ ਰਸੋਈ ਸ਼ੁਰੂ ਕੀਤੀ। ਕੁਦੁੰਬਸ਼੍ਰੀ 'ਹੋਟਲਸ' ਕੋਵਿਡ-19 ਦੌਰਾਨ ਕਈ ਲੋਕਾਂ ਦੇ ਜਿਊਂਦੇ ਰਹਿਣ ਦੀ ਆਸ ਬਣੇ।






