ਜਨਾਬਾਈ ਸੋਨਵਣੇ ਨੇ ਕਦੇ ਆਪਣੀਆਂ ਗੂੜ੍ਹੀਆਂ ਸਹੇਲੀਆਂ ਨਾਲ਼ ਲੜਾਈ ਨਹੀਂ ਸੀ ਕੀਤੀ।
ਪਰ ਇਸ ਸਾਲ ਸਭ ਕੁਝ ਬਦਲ ਗਿਆ ਹੈ। “ਮੈਂ ਛੇਤੀ ਖਿਝ ਜਾਇਆ ਕਰਦੀ ਅਤੇ ਛੋਟੀ-ਛੋਟੀ ਗੱਲਾਂ 'ਤੇ ਸਹੇਲੀਆਂ ਨਾਲ਼ ਲੜ-ਲੜ ਪੈਂਦੀ,” ਮਹਾਰਾਸ਼ਟਰ ਦੇ ਭਡੋਲੇ ਪਿੰਡ ਵਿਖੇ ਦੋ ਕਮਰਿਆਂ ਦੇ ਆਪਣੇ ਛੋਟੇ ਜਿਹੇ ਘਰ ਦੇ ਬਾਹਰ ਬੈਠੀ 62 ਸਾਲਾ ਜਨਾਬਾਈ ਕਹਿੰਦੀ ਹੈ।
2025 ਦੀਆਂ ਗਰਮੀਆਂ ਵਿੱਚ ਰਾਜ ਦੇ ਕੋਲ੍ਹਾਪੁਰ ਜ਼ਿਲ੍ਹੇ ਵਿੱਚ ਰਾਤ ਦੇ ਤਾਪਮਾਨ ਵਿੱਚ ਬੜੀ ਤੇਜ਼ੀ ਨਾਲ਼ ਵਾਧਾ ਹੋਇਆ। ਜਨਾਬਾਈ ਨੂੰ ਨੀਂਦ ਆਉਣੀ ਬੜੀ ਮੁਸ਼ਕਲ ਹੁੰਦੀ ਚਲੀ ਗਈ। ਸ਼ੁਰੂ ਵਿੱਚ ਉਨ੍ਹਾਂ ਨੂੰ ਲੱਗਿਆ ਇਹ ਬੇਚੈਨੀ ਇੱਕ-ਦੋ ਦਿਨਾਂ ਵਿੱਚ ਠੀਕ ਹੋ ਜਾਏਗੀ। ਪਰ ਲਗਾਤਾਰ ਕਈ-ਕਈ ਦਿਨ ਉਨ੍ਹਾਂ ਨੂੰ ਟੁੱਟੀ-ਫੁੱਟੀ ਨੀਂਦ ਹੀ ਆਉਂਦੀ ਰਹੀ। ਦਿਨ ਹਫ਼ਤਿਆਂ ਵਿੱਚ ਅਤੇ ਹਫ਼ਤੇ ਮਹੀਨਿਆਂ ਵਿੱਚ ਬਦਲਦੇ ਗਏ। ਉਹ ਲਗਾਤਾਰ ਚਿੜਚਿੜੀ ਅਤੇ ਥੱਕਿਆ ਮਹਿਸੂਸ ਕਰਨ ਲੱਗੀ।
ਬੇਜ਼ਮੀਨੇ ਕਿਸਾਨ ਜਨਾਬਾਈ ਦੂਜਿਆਂ ਦੇ ਖੇਤਾਂ ਵਿੱਚ ਰੋਜ਼ ਅੱਠ ਘੰਟੇ ਸਖ਼ਤ ਮੁਸ਼ੱਕਤ ਕਰਦੇ ਹਨ। ਨਦੀਨ ਪੁੱਟਣਾ, ਪੱਠਿਆਂ ਦੀਆਂ ਭਾਰੀਆਂ ਪੰਡਾਂ ਚੁੱਕਣੀਆਂ, ਫ਼ਸਲ ਕੱਟਣਾ, ਇਹੀ ਉਨ੍ਹਾਂ ਦੇ ਹਿੱਸੇ ਆਉਂਦੇ ਕੰਮ ਹਨ। ਸ਼ਾਮ ਤੱਕ ਉਨ੍ਹਾਂ ਦੇ ਮੋਢੇ ਦਰਦ ਕਰਨ ਲੱਗਦੇ ਹਨ, ਲੱਤਾਂ ਸੁੱਜ ਜਾਂਦੀਆਂ ਹਨ। ਆਮ ਦਿਨੀਂ ਰਾਤੀਂ 10 ਵਜੇ ਤਾਈਂ ਉਹ ਵਹਿਲੀ ਹੋ ਕੇ ਘਰ ਦੇ ਬੂਹੇ ਲਾਗੇ ਆਣ ਬਹਿੰਦੀ ਤੇ ਦੇਖਦੇ ਹੀ ਦੇਖਦੇ ਕੁਝ ਮਿੰਟਾਂ ਵਿੱਚ ਉਨ੍ਹਾਂ ਨੂੰ ਨੀਂਦ ਆ ਜਾਇਆ ਕਰਦੀ।
ਪਰ ਉਹ ਵਾਲ਼ੀ ਗੂੜ੍ਹੀ ਤੇ ਸਕੂਨ ਭਰੀ ਨੀਂਦ ਹੁਣ ਸਿਰਫ਼ ਇੱਕ ਯਾਦ ਬਣ ਕੇ ਰਹਿ ਗਈ ਹੈ। ਹਾਲੀਆ ਮਹੀਨਿਆਂ ਵਿੱਚ ਵਧੇ ਤਾਪਮਾਨ ਅਤੇ ਹੁੰਮਸ ਭਰੀਆਂ ਰਾਤਾਂ ਨੂੰ ਮੁੜ੍ਹਕੇ ਨਾਲ਼ ਭਿੱਜੀ ਜਨਾਬਾਈ ਪੂਰੀ-ਪੂਰੀ ਰਾਤ ਪਾਸੇ ਮਾਰਦੀ ਰਹਿੰਦੀ ਹੈ। ਅਖ਼ੀਰ ਬੇਚੈਨ ਹੋ ਕੇ ਵਾਰ ਵਾਰ ਉਹਦੀ ਅੱਖ ਖੁੱਲ੍ਹ ਜਾਂਦੀ ਹੈ, ਕਿਉਂਕਿ ਉਨ੍ਹਾਂ ਦੀ ਟੀਨ ਦੀ ਛੱਤ ਇੱਕ ਪਲ ਲਈ ਵੀ ਸੇਕ ਮਾਰਨਾ ਘੱਟ ਨਹੀਂ ਕਰਦੀ।
ਇੱਕ ਵਾਰ ਨੀਂਦ ਉਟਕ ਗਈ ਤਾਂ ਸਮਝੋ ਕਈ-ਕਈ ਘੰਟੇ ਨੀਂਦ ਨਹੀਂ ਆਉਂਦੀ।












