ਸਾਡੇ ਪਿੰਡ ਬਰਰੀ ਫੁਲਵਰਿਆ (ਜ਼ਿਲ੍ਹਾ ਸੀਤਾਮੜੀ, ਬਿਹਾਰ) ਵਿੱਚ ਲਗਭਗ ਇੱਕ ਘੰਟੇ ਦੀ ਪੈਦਲ ਦੂਰੀ 'ਤੇ ਉੱਤਰ-ਪੱਛਮ ਵਿੱਚ ਇੱਕ ਪਿੰਡ ਹੈ, ਭਵਾਨੀਪੁਰ। ਉੱਥੋਂ ਰੋਜ਼ ਇੱਕ ਔਰਤ ਬਾਂਸ ਦੀ ਇੱਕ ਟੋਕਰੀ (ਜਿਸ ਨੂੰ ਛੈਂਟੀ ਕਹਿੰਦੇ ਹਨ) ਸਿਰ 'ਤੇ ਚੁੱਕੀ ਗਲ਼ੀਓ-ਗਲ਼ੀ ਮਾਸ ਵੇਚਣ ਜਾਂਦੀ ਸੀ। ਉਸਦਾ ਨਾਮ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ। ਕਿਉਂਕਿ ਉਹ ਬਹੁਤ ਪਾਨ ਖਾਂਦੀ ਸੀ, ਇਸ ਲਈ ਸਾਰੇ ਉਸਨੂੰ ਪਾਨਵਾਲ਼ੀ ਹੀ ਕਹਿੰਦੇ ਸਨ। ਇਹ ਸਾਲ 1979 ਦੀ ਗੱਲ ਹੈ।
ਕਿੱਲਤ ਦੇ ਦਿਨ ਸਨ, ਮੱਛੀ ਜਾਂ ਮਾਸ ਬਹੁਤ ਹੀ ਘੱਟ ਮਿਲ਼ਦਾ ਸੀ। ਇਓਂ ਹੀ, ਜਿਸ ਦਿਨ ਪਾਨਵਾਲ਼ੀ ਪਿੰਡ ਆ ਜਾਂਦੀ, “ਗੋਸ ਲੇ ਲਓ ਗੋਸ (ਮਾਸ)!” ਉਹ ਦਿਨ ਸਾਡੇ ਲਈ ਕਿਸੇ ਈਦ ਤੋਂ ਘੱਟ ਨਹੀਂ ਹੁੰਦਾ ਸੀ।
ਮੈਂ ਮਾਸ ਖਾਣ ਦਾ ਇੰਨਾ ਸ਼ੌਕੀਨ ਸੀ ਕਿ ਮੇਰੇ ਮਰਹੂਮ ਦਾਦਾ, ਸ਼ੇਖ਼ ਅਬਦੁਲ ਹਕੀਮ, ਮੇਰੇ ਨਾਲ਼ ਮਜ਼ਾਕ ਕਰਦੇ, “ਜਬ ਬੜਾ ਹੋਗਾ, ਤੇਰੀ ਸ਼ਾਦੀ ਪਾਨਵਾਲੀ ਕੀ ਬੇਟੀ ਸੇ ਕਰਾ ਦੂੰਗਾ।”
ਭਵਾਨੀਪੁਰ ਤੋਂ ਫੁਲਵਰਿਆ (ਮੁਸਲਿਮ ਬਹੁਲ ਪਿੰਡ) ਆਉਣ ਦੇ ਸਿਰਫ਼ ਦੋ ਹੀ ਰਸਤੇ ਹਨ। ਇੱਕ ਨਰਹਰਪੁਰ ਥਾਣੀਂ ਹੋ ਕੇ ਆਉਂਦਾ ਹੈ, ਤੇ ਦੂਜਾ ਬਸੌਲ ਥਾਣੀ। ਦੋਹੇਂ ਪਿੰਡਾਂ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੀ ਮਿਲ਼ੀ-ਜੁਲ਼ੀ ਅਬਾਦੀ ਹੈ। ਵਿਚਕਾਰ ਇੱਕ ਦਰਿਆ ਪੈਂਦਾ ਹੈ, ਜਿਸਦਾ ਨਾਮ ਅਧਵਾਰਾ ਹੈ। ਇਸਨੂੰ ਪਾਰ ਕਰਨ ਦੇ ਬਾਅਦ ਹੀ ਪਾਨਵਾਲ਼ੀ ਸਾਡੇ ਪਿੰਡ ਪਹੁੰਚਦੀ ਸੀ।
ਸਾਡੇ ਪਿੰਡ ਤੋਂ ਬਾਅਦ ਉਹ ਬਰ੍ਰੀ ਅਤੇ ਬਾਜਿਤਪੁਰ (ਹਿੰਦੂ ਬਹੁਲ ਪਿੰਡ) ਹੁੰਦੇ ਹੋਏ ਕੰਚਨਪੁਰ ਚਲੀ ਜਾਂਦੀ ਅਤੇ ਬਚਿਆ ਹੋਇਆ ਮਾਸ ਉੱਥੇ ਵੇਚਦੀ।
ਅੱਜ ਇਹ ਅਸੰਭਵ ਲੱਗਦਾ ਹੈ, ਪਰ ਉਨ੍ਹੀਂ ਦਿਨੀਂ ਪਾਨ ਵਾਲ਼ੀ ਨੂੰ ਸਿਰ 'ਤੇ ਮਾਸ ਚੁੱਕੀ ਘੁੰਮ-ਘੁੰਮ ਕੇ ਵੇਚਣ ਤੋਂ ਕਿਸੇ ਨੇ ਕਦੇ ਨਹੀਂ ਰੋਕਿਆ। ਜਿਸ ਤਰ੍ਹਾਂ ਸਾਡੇ ਇਲਾਕੇ ਦੇ ਹਿੰਦੂਆਂ ਨੂੰ ਸੂਰ ਦੇ ਮਾਸ, ਤਾੜੀ ਅਤੇ ਸ਼ਰਾਬ ਪੀਣ 'ਤੇ ਮੁਸਲਮਾਨਾਂ ਨੂੰ ਕੋਈ ਇਤਰਾਜ਼ ਨਹੀਂ ਸੀ, ਉਸੇ ਤਰ੍ਹਾਂ ਮੁਸਲਮਾਨਾਂ ਦੇ ਮੀਟ-ਮਾਸ ਖਾਣ 'ਤੇ ਹਿੰਦੂਆਂ ਨੂੰ ਵੀ ਕੋਈ ਇਤਰਾਜ਼ ਨਾ ਹੁੰਦਾ।
ਪਤਾ ਨਹੀਂ ਹੁਣ ਉਹ ਪਾਨ ਵਾਲ਼ੀ ਜਿੰਦਾ ਹੈ ਕਿ ਨਹੀਂ, ਪਰ ਉਹ ਸਮਾਂ ਮਰਦਾ ਜਾ ਰਿਹਾ ਹੈ। ਭਵਾਨੀਪੁਰ ਤੋਂ ਫੁਲਵਰਿਆ ਦੀ ਦੂਰੀ ਵੱਧਦੀ ਜਾ ਰਹੀ ਹੈ।