ਗੁਲਾਬ ਦੀਆਂ ਪੰਖੜੀਆਂ, ਪੱਤਿਆਂ ਦੀਆਂ ਰਗਾਂ।ਇਰਸ਼ਾਦ ਹੁਸੈਨ ਇਹੋ ਜਿਹੀਆਂ ਕਈ ਆਕ੍ਰਿਤੀਆਂ ਧਾਤੂ 'ਤੇ ਉਕੇਰ ਸਕਦੇ ਹਨ। ਉਹ ਇੱਕ ਕਲਾਕਾਰ ਹਨ, ਜੋ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਖੇ ਪ੍ਰਚਲਿਤ ਕਲਾ, ਸਿਆ ਕਲਮ ਵਿੱਚ ਮਾਹਰ ਹਨ, ਰਾਜ ਅੰਦਰ ਇਹ ਜ਼ਿਲ੍ਹਾ'ਪਿੱਤਲ ਨਗਰੀ' ਦੇ ਨਾਮ ਨਾਲ਼ ਮਸ਼ਹੂਰ ਹੈ।
ਪੀਰਜ਼ਾਦਾ ਮੁਹੱਲੇ ਵਿੱਚ ਉਨ੍ਹਾਂ ਦੀ ਵਰਕਸ਼ਾਪ ਹੈ, ਜਿੱਥੇ ਉਨ੍ਹਾਂ ਦੇ ਦਿਨ ਭਰ ਵਿੱਚ ਬਣਾਏ ਕਲਾ ਦੇ ਨਮੂਨੇ ਇੱਧਰ-ਓਧਰ ਪਏ ਹਨ, ਜਿਨ੍ਹਾਂ ਵਿੱਚ ਮੋਰ, ਦੀਵੇ, ਸਵਾਸਤਿਕ ਦੇ ਨਿਸ਼ਾਨ ਵਾਲ਼ੇ ਕੱਪ, ਪ੍ਰਾਰਥਨਾ ਦੀਆਂ ਘੰਟੀਆਂ, ਤਲਵਾਰ ਦੇ ਮੁੱਠੇ 'ਤੇ ਬਣਿਆ ਸ਼ੇਰ ਦਾ ਸਿਰ ਸ਼ਾਮਲ ਹਨ।
ਇਰਸ਼ਾਦ ਹੂਸੈਨ ਦਾ ਪਰਿਵਾਰ ਪੀੜ੍ਹੀਆਂ ਤੋਂ ਇਸੇ ਕੰਮ ਵਿੱਚ ਲੱਗਿਆ ਹੋਇਆ ਹੈ। ਇਰਸ਼ਾਦ ਨੇ ਵੀ 10 ਸਾਲ ਦੀ ਉਮਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਹੜਾ ਦੀਵਾ ਉਹ ਉਕੇਰ ਰਹੇ ਹਨ, ਉਸਨੂੰ ਉਨ੍ਹਾਂ ਨੇ ਲੱਕੜ ਦੇ ਸਟੂਲ 'ਤੇ ਰੱਖਿਆ ਹੋਇਆ ਹੈ ਅਤੇ ਸਟੂਲ 'ਤੇ ਰੱਖੇ ਦੋ ਪੱਥਰਾਂ ਵਿਚਾਲ਼ੇ ਬੜੇ ਸੁਚੱਜੇ ਢੰਗ ਨਾਲ਼ ਟਿਕਾਇਆ ਹੈ। ਦੀਵੇ ਨਾਲ਼ ਬੱਝਿਆ ਇੱਕ ਧਾਗਾ ਮੇਜ਼ ਦੇ ਥੱਲਿਓਂ ਹੁੰਦਾ ਹੋਇਆ ਉਨ੍ਹਾਂ ਦੇ ਸੱਜੇ ਪੈਰ ਨਾਲ਼ ਬੱਝਿਆ ਹੋਇਆ ਹੈ। ਜਦੋਂ ਉਹ ਕਲਮ ਜਿੰਨੀ ਬਰੀਕ ਛੈਣੀ 'ਤੇ ਲੱਕੜ ਦੀ ਥਾਪੀ ਨਾਲ਼ ਸੱਟਾਂ ਮਾਰਦੇ ਹਨ ਤਾਂ ਧਾਤੂ 'ਤੇ ਮਹੀਨ ਡਿਜ਼ਾਇਨ ਉੱਭਰ ਆਉਂਦਾ ਹੈ।
ਉਹ ਪਾਰੀ ਨਾਲ਼ ਗੱਲ ਕਰਦਿਆਂ ਦੱਸਦੇ ਹਨ, "ਗਾਹਕ ਅਕਸਰ ਖ਼ਾਸ ਡਿਜ਼ਾਈਨ ਵਾਲ਼ੇ ਗਿਫ਼ਟ ਤਿਆਰ ਕਰਵਾਉਣਾ ਚਾਹੁੰਦੇ ਹਨ। ਜਿਵੇਂ ਕਿ ਹਿੰਦੀ, ਉਰਦੂ ਜਾਂ ਅੰਗਰੇਜ਼ੀ ਵਿੱਚ ਲਿਖੇ ਨਾਮ, ਕੁਰਾਨ ਦੀਆਂ ਆਇਤਾਂ ਜਾਂ ਕੰਧ 'ਤੇ ਲਮਕਾਉਣ ਲਈ ਸਜਾਵਟੀ ਸਮਾਨ। ਮੈਂ ਉਨ੍ਹਾਂ ਨੂੰ ਅਕਸਰ ਫੁੱਲਾਂ ਨਾਲ਼ ਸਜਾਉਂਦਾ ਹਾਂ ਕਿਉਂਕਿ ਇਹ ਲੋਕਾਂ ਨੂੰ ਪਸੰਦ ਆਉਂਦਾ ਹੈ। ਮੈਨੂੰ ਸਭ ਤੋਂ ਵੱਧ ਗੁਲਾਬ ਪਸੰਦ ਹਨ।"
ਇਰਸ਼ਾਦ 10x10 ਫੁੱਟ ਦੇ ਇੱਕ ਕਮਰੇ ਦੇ ਦਰਵਾਜੇ 'ਤੇ ਬੈਠੇ ਹਨ ਜਿੱਥੇ ਉਨ੍ਹਾਂ ਦੇ ਨਾਲ਼ ਹੋਰ ਕਾਰੀਗਰ ਵੀ ਕੰਮ ਕਰਦੇ ਹਨ। ਆਪਣੇ ਕੰਮ ਬਾਰੇ ਦੱਸਦੇ ਹੋਏ ਉਹ ਕਹਿੰਦੇ ਹਨ,"ਸੀਖਨੇ ਕੇ ਵਕਤ ਯੇ ਕਲਾਕਾਰੀ ਲਗਤਾ ਥਾ। ਔਰ ਅਬ ਬਸ ਕਾਮ।"




















