ਨੰਦੂ ਕੰਕਾਰੀ ਪਿੰਡ ਦੇ ਗਿਣੇ-ਚੁਣੇ ਆਜੜੀਆਂ ਵਿੱਚੋਂ ਇੱਕ ਹਨ। ਇਹ ਪਿੰਡ ਪਾਲਾਮੂ ਦੇ ਚੈਨਪੁਰ ਬਲਾਕ ਵਿੱਚ ਪੈਂਦਾ ਹੈ। ਪਸ਼ੂਧਨ ਜਨਗਣਨਾ 2019 ਦੇ ਅਨੁਸਾਰ ਝਾਰਖੰਡ ਵਿੱਚ 6 ਲੱਖ ਤੋਂ ਜ਼ਿਆਦਾ ਭੇਡਾਂ ਹਨ। ਇਹ ਉਨ੍ਹਾਂ ਚੋਣਵੇਂ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਸਭ ਤੋਂ ਜ਼ਿਆਦਾ ਬੱਕਰੀ ਪਾਲਣ ਹੁੰਦਾ ਹੈ। ਇੱਥੇ 88 ਲੱਖ ਤੋਂ ਜ਼ਿਆਦਾ ਪਸ਼ੂ ਅਤੇ ਕਰੀਬ 1.1 ਕਰੋੜ ਗਾਂਵਾਂ-ਬੈਲ਼ ਹਨ। ਇਹ ਸਾਰੇ ਪਸ਼ੂ ਇੱਕੋ ਹੀ ਚਰਾਂਦ ਵਿੱਚ ਚਰਦੇ ਹੋਏ ਨਜ਼ਰ ਆਉਂਦੇ ਹਨ।
ਨੰਦੂ ਪਾਲ ਦੇ ਚਚੇਰੇ ਭਰਾ ਰਾਮਰਤੀ (62 ਸਾਲ) ਦੱਸਦੇ ਹਨ,"ਕਦੇ-ਕਦੇ ਸਾਨੂੰ ਚਰਾਂਦ ਦੀ ਤਲਾਸ਼ ਵਿੱਚ 12–13 ਕੋਹ (ਲਗਭਗ 40 ਕਿ.ਮੀ.) ਤੱਕ ਭਟਕਣਾ ਪੈਂਦਾ ਹੈ। ਪਹਿਲਾਂ ਦੋਹਰ ਵਿੱਚ ਘਾਸ ਦੀ ਭਰਮਾਰ ਰਹਿੰਦੀ ਸੀ, ਜਿਵੇਂ ਕਿ ਮਗਰ ਘਾਹ ਅਤੇ ਡੰਠਲ, ਪਰ ਹੁਣ ਉਹ ਵੀ ਨਹੀਂ ਮਿਲ਼ਦਾ।" ਮਗਰ ਘਾਹ ਮੋਟਾ ਅਤੇ ਖੁਰਦਰਾ ਹੁੰਦਾ ਹੈ, ਜੋ ਇੱਥੋਂ ਦੇ ਦੋਹਰ (ਕੁਦਰਤੀ ਪਾਣੀ ਦੇ ਸਰੋਤ) ਦੇ ਆਸਪਾਸ ਬਹੁਤ ਉੱਗਦਾ ਹੈ। ਇਸਨੂੰ ਆਮ ਤੌਰ 'ਤੇ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ ਅਤੇ ਇਹ ਸਿਰਫ਼ ਗਿੱਲੀ ਮਿੱਟੀ ਵਿੱਚ ਹੀ ਪਣਪਦਾ ਹੈ। ਪਰ ਜਿਵੇਂ-ਜਿਵੇਂ ਪਾਣੀ ਦੇ ਸਰੋਤ ਸੁੱਕ ਰਹੇ ਹਨ, ਇਹ ਘਾਹ ਵੀ ਗਾਇਬ ਹੋ ਗਿਆ ਹੈ।
ਹੁਣ ਤਾਂ ਖੇਤੀ ਯੋਗ ਜ਼ਮੀਨਾਂ ਵੀ ਪਸ਼ੂਆਂ ਨੂੰ ਕਾਫ਼ੀ ਚਾਰਾ ਨਹੀਂ ਦੇ ਪਾ ਰਹੀਆਂ। ਪਹਿਲਾਂ ਖੇਤਾਂ ਵਿੱਚ ਛੋਲੇ ਅਤੇ ਚਕਵੜ (ਸੇਨਨਾ ਓਬਟੁਸਿਫੋਲਿਆ) ਵਰਗੀਆਂ ਫ਼ਸਲਾਂ ਉਗਦੀਆਂ ਸਨ, ਜਿਨ੍ਹਾਂ ਦੇ ਬੀਜ ਪਸ਼ੂਆਂ ਨੂੰ ਖੇਤਾਂ ਵਿੱਚ ਖਿਲਰੇ ਮਿਲ਼ ਜਾਂਦੇ ਸਨ। ਪਰ ਹੁਣ ਇਹ ਫ਼ਸਲਾਂ ਬੜੇ ਘੱਟ ਕਿਸਾਨ ਉਗਾਉਂਦੇ ਹਨ। ਉਨ੍ਹਾਂ ਦੀ ਥਾਂ 'ਤੇ ਜ਼ਿਆਦਾਤਰ ਲੋਕ ਮੱਕੀ, ਝੋਨਾ ਅਤੇ ਕਣਕ ਉਗਾਉਣ ਲੱਗੇ ਹਨ। ਇਹ ਐਸੀਆਂ ਫ਼ਸਲਾਂ ਹਨ, ਜੋ ਪਸ਼ੂਆਂ ਦੇ ਚਰਨ ਵਾਸਤੇ ਕੁਝ ਵੀ ਨਹੀਂ ਛੱਡਦੀਆਂ। ਨੰਦੂ ਕਹਿੰਦੇ ਹਨ, “ਭੇਡਾਂ ਨੂੰ ਹੁਣ ਪਹਿਲਾਂ ਵਾਂਗ ਪੌਸ਼ਟਿਕ ਖ਼ੁਰਾਕ ਨਹੀਂ ਮਿਲ਼ ਰਹੀ। ਹੁਣ ਤੱਕ ਬੱਸ ਥੋੜ੍ਹਾ ਜਿਹਾ ਸਵਾਨਾ ਘਾਹ ਅਤੇ ਥੋੜ੍ਹਾ ਜਿਹਾ ਦੂਬ ਘਾਹ (ਸਾਇਨੋਡੋਨ ਡੈਕਟਿਲੋਨ) ਹੀ ਦਿੱਸਦੀ ਹੈ।
ਇਲਾਕੇ ਵਿੱਚ ਲਗਾਤਾਰ ਦੋ ਵਾਰੀ ਪਏ ਸੋਕੇ (2022 ਅਤੇ 2023 ਵਿੱਚ) ਨੇ ਜਾਂ ਤਾਂ ਜ਼ਿਆਦਾਤਰ ਜਲ ਸਰੋਤਾਂ ਨੂੰ ਸੁਕਾ ਦਿੱਤਾ ਹੈ ਜਾਂ ਉਨ੍ਹਾਂ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਨੰਦੂ ਕਹਿੰਦੇ ਹਨ,“ਭੇਡਾਂ ਨੂੰ ਜਿਊਂਦਾ ਰਹਿਣ ਲਈ ਸਾਫ਼ ਪਾਣੀ ਚਾਹੀਦਾ ਹੈ।” ਉਨ੍ਹਾਂ ਨੇ ਪਿਛਲੇ ਦਹਾਕੇ ਵਿੱਚ ਕਈ ਜਲ ਸਰੋਤਾਂ ਨੂੰ ਗਾਇਬ ਹੁੰਦਿਆਂ ਵੇਖਿਆ ਹੈ।
ਪਿਛਲੇ ਸਾਲ ਪਏ ਸੋਕੇ ਬਾਰੇ ਦੱਸਦੇ ਹੋਏ ਨੰਦੂ ਤੇਜ਼ ਅਵਾਜ਼ ਵਿੱਚ ਕਹਿੰਦੇ ਹਨ,“ਅਸੀਂ ਬਿਲਕੁਲ ਹਾਸ਼ੀਏ 'ਤੇ ਪੁੱਜ ਗਏ ਸਾਂ। ਪੂਰੇ ਦਿਨ ਚਰਾਈ ਦੇ ਬਾਅਦ ਵੀ ਭੇਡਾਂ ਭੁੱਖੀਆਂ ਰਹਿੰਦੀਆਂ ਸਨ। ਕੁਝ ਪਲ ਰੁੱਕ ਕੇ ਉਹ ਅੱਗੇ ਬੋਲੇ,“ਪਿਛਲੇ ਸਾਲ (2023) ਮੇਰੀਆਂ 20 ਭੇਡਾਂ ਮਰ ਗਈਆਂ।”
ਹਾਲ ਹੀ ਵਿੱਚ, ਨੰਦੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀਆਂ ਭੇਡਾਂ ਨੂੰ ਨਿਊਮੋਕੋਕਲ ਬਿਮਾਰੀ ਤੋਂ ਬਚਾਉਣ ਲਈ ਟੀਕਾ ਲਗਵਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਬਿਮਾਰੀ ਦਾ ਖ਼ਤਰਾ ਉਨ੍ਹਾਂ ਜਾਨਵਰਾਂ ਨੂੰ ਹੁੰਦਾ ਹੈ ਜਿਨ੍ਹਾਂ ਨੂੰ ਪੀਣ ਲਈ ਸਾਫ਼ ਪਾਣੀ ਨਹੀਂ ਮਿਲ਼ਦਾ।