ਬਬੀਤਾ ਆਪਣੇ ਪਰਿਵਾਰ ਦੇ ਡਾਵਾਂਡੋਲ ਬਜਟ ਦੀਆਂ ਮੁਸ਼ਕਲਾਂ ਬਾਰੇ ਗੱਲ ਕਰਦੇ ਹਨ,"ਮੇਰਾ ਹੱਥ ਤੰਗ ਹੀ ਰਹਿੰਦਾ ਹੈ। ਮੈਂ ਖਾਣ-ਪੀਣ ਲਈ ਪੈਸੇ ਅੱਡ ਰੱਖਦੀ ਹਾਂ, ਪਰ ਅਕਸਰ ਇਹ ਪੈਸਾ ਦਵਾਈਆਂ 'ਤੇ ਖਰਚ ਹੋ ਜਾਂਦਾ ਹੈ। ਮੈਨੂੰ ਆਪਣੇ ਪੁੱਤਰਾਂ ਦੀ ਟਿਊਸ਼ਨ ਲਈ ਰੱਖੇ ਪੈਸੇ ਨਾਲ਼ ਹੀ ਰਾਸ਼ਨ ਪਾਉਣਾ ਪੈਂਦਾ ਹੈ ਅਤੇ ਹਰ ਮਹੀਨੇ ਮੈਨੂੰ ਮਾਲਕਾਂ ਤੋਂ ਪੈਸੇ ਉਧਾਰ ਲੈਣੇ ਪੈਂਦੇ ਹਨ..."
37 ਸਾਲਾ ਇਹ ਘਰੇਲੂ ਸਹਾਇਕਾ ਕੋਲਕਾਤਾ ਦੇ ਕਾਲੀਕਾਪੁਰ ਇਲਾਕੇ ਵਿੱਚ ਦੋ ਘਰਾਂ ਦਾ ਕੰਮ ਕਰਕੇ ਸਾਲ ਵਿੱਚ ਬਾਮੁਸ਼ਕਿਲ 1 ਲੱਖ ਰੁਪਏ ਕਮਾਉਂਦੇ ਹਨ। ਉਹ ਸਿਰਫ਼ 10 ਸਾਲ ਦੀ ਉਮਰੇ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਆਸਨਨਗਰ ਤੋਂ ਕੋਲਕਾਤਾ ਆ ਗਏ ਸਨ। "ਮੇਰੇ ਮਾਪੇ ਤਿੰਨ ਬੱਚਿਆਂ ਦਾ ਪਾਲਣ-ਪੋਸ਼ਣ ਨਹੀਂ ਕਰ ਸਕੇ। ਇਸ ਲਈ, ਮੈਨੂੰ ਇੱਕ ਪਰਿਵਾਰ ਦੇ ਘਰ ਕੰਮ ਕਰਨ ਲਈ ਕੋਲਕਾਤਾ ਭੇਜਿਆ ਗਿਆ, ਜੋ ਮੂਲ਼ ਰੂਪ ਵਿੱਚ ਸਾਡੇ ਪਿੰਡ ਤੋਂ ਹੀ ਸੀ।''
ਉਦੋਂ ਤੋਂ, ਬਬੀਤਾ ਕਈ ਘਰਾਂ ਵਿੱਚ ਘਰੇਲੂ ਸਹਾਇਕਾ ਵਜੋਂ ਕੰਮ ਕਰ ਰਹੇ ਹਨ। ਉਹ ਪਿਛਲੇ 27 ਸਾਲਾਂ ਤੋਂ ਕੋਲਕਾਤਾ ਵਿੱਚ ਹਨਅਤੇ ਇਸ ਸਮੇਂ ਦੌਰਾਨ, ਪੇਸ਼ ਕੀਤੇ ਗਏ ਕਿਸੇ ਵੀ ਬਜਟ ਵਿੱਚ ਉਨ੍ਹਾਂ ਲਈ ਜਾਂ ਭਾਰਤ ਵਿੱਚ 42 ਲੱਖ ਤੋਂ ਵੱਧ (ਅਧਿਕਾਰਤ ਰੂਪ ਵਿੱਚ) ਘਰੇਲੂ ਸਹਾਇਕਾਂ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤਾ ਗਿਆ। ਸੁਤੰਤਰ ਅਨੁਮਾਨਾਂ ਅਨੁਸਾਰ, ਉਨ੍ਹਾਂ ਦੀ ਗਿਣਤੀ 5 ਕਰੋੜ ਤੋਂ ਵੱਧ ਹੈ।
ਸਾਲ 2017 'ਚ ਬਬੀਤਾ ਦਾ ਵਿਆਹ ਦੱਖਣੀ 24 ਪਰਗਨਾ ਦੀ ਉਚੇਪੋਤਾ ਪੰਚਾਇਤ ਦੇ ਭਗਵਾਨਪੁਰ ਇਲਾਕੇ 'ਚ ਰਹਿਣ ਵਾਲ਼ੇ ਅਮਲ ਮਿੱਤਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ, ਬਬੀਤਾ ਦੀਆਂ ਜ਼ਿੰਮੇਵਾਰੀਆਂ ਕਈ ਗੁਣਾ ਵਧ ਗਈਆਂ, ਕਿਉਂਕਿ ਉਨ੍ਹਾਂ ਦੇ ਪਤੀ, ਜੋ ਇੱਕ ਫੈਕਟਰੀ ਵਿੱਚ ਦਿਹਾੜੀ ਮਜ਼ਦੂਰ ਸਨ, ਘਰ ਦੇ ਖਰਚਿਆਂ ਵਿੱਚ ਬਹੁਤ ਹੀ ਘੱਟ ਯੋਗਦਾਨ ਪਾ ਪਾਉਂਦੇ। ਆਮ ਤੌਰ 'ਤੇ, ਬਬੀਤਾ ਦੀ ਕਮਾਈ ਸਿਰ ਹੀ ਉਨ੍ਹਾਂ ਦੇ ਛੇ ਮੈਂਬਰੀ ਪਰਿਵਾਰ ਦੇ ਖਰਚੇ ਚੱਲ ਪਾਉਂਦੇ, ਜਿਸ ਵਿੱਚ ਬਬੀਤਾ ਤੇ ਅਮਲ ਤੋਂ ਇਲਾਵਾ ਉਨ੍ਹਾਂ ਦੇ 5 ਅਤੇ 6 ਸਾਲ ਦੇ ਦੋ ਬੇਟੇ, ਬਬੀਤਾ ਦੀ ਸੱਸ ਅਤੇ 20-25 ਸਾਲ ਦੀ ਇੱਕ ਮਤਰੇਈ ਧੀ ਵੀ ਸ਼ਾਮਲ ਹੈ।
ਬਬੀਤਾ, ਜਿਨ੍ਹਾਂ ਨੇ ਚੌਥੀ ਜਮਾਤ ਵਿੱਚ ਸਕੂਲ ਛੱਡ ਦਿੱਤਾ ਸੀ, ਨੂੰ ਪਿਛਲੇ ਦੋ ਦਹਾਕਿਆਂ ਤੋਂ ਭਾਰਤ ਵਿੱਚ ਲਾਗੂ ਕੀਤੇ ਗਏ 'ਜੈਂਡਰ ਬਜਟ' ਬਾਰੇ ਬਹੁਤ ਘੱਟ ਜਾਣਕਾਰੀ ਹੈ। ਉਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਸੰਕਲਪ ਤੋਂ ਵੀ ਜਾਣੂ ਨਹੀਂ ਹੈ, ਜਿਸ ਵਿੱਚ 2025-26 ਦੇ ਕੇਂਦਰੀ ਬਜਟ ਵਿੱਚ ਔਰਤਾਂ ਦੀ ਅਗਵਾਈ ਵਿੱਚ ਆਰਥਿਕ ਵਿਕਾਸ 'ਤੇ ਜ਼ੋਰ ਦਿੱਤਾ ਗਿਆ ਹੈ। ਹਾਲਾਂਕਿ, ਬਬੀਤਾ ਰੋਜ਼ਮੱਰਾ ਦਰਪੇਸ਼ ਤਲਖ਼ ਹਕੀਕਤਾਂ ਤੋਂ ਜਾਣੂ ਜ਼ਰੂਰ ਹਨ, ਇਸ ਲਈ ਉਨ੍ਹਾਂ ਦੇ ਜਵਾਬ ਵਿੱਚ ਇਹ ਸਮਝਦਾਰੀ ਜ਼ਾਹਰਾ ਤੌਰ 'ਤੇ ਸਪੱਸ਼ਟ ਹੋਈ, "ਇਸ ਬਜਟ ਦਾ ਕੀ ਫਾਇਦਾ ਹੈ ਜੋ ਔਰਤਾਂ ਲਈ ਬਹੁਤ ਕੁਝ ਕਰਨ ਦਾ ਦਾਅਵਾ ਤਾਂ ਕਰਦਾ ਹੋਵੇ, ਪਰ ਜਦੋਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਕੋਈ ਉਨ੍ਹਾਂ ਦੀ ਬਾਂਹ ਫੜ੍ਹਨ ਵਾਲ਼ਾ ਨਹੀਂ ਹੁੰਦਾ?" ਕੋਵਿਡ ਮਹਾਂਮਾਰੀ ਦੌਰਾਨ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਜ਼ਖ਼ਮ ਅੱਜ ਵੀ ਅੱਲ੍ਹੇ ਹਨ।






