“ਮੇਰੀ ਮਾਂ ਇੱਕ ਵਾਰ ਉਹਨਾਂ ਨੂੰ ਮਿਲੀ ਸੀ।”
ਸ਼ਾਂਤੀਨਿਕੇਤਨ ਵਿੱਚ ਹਰ ਕੋਈ ਜਾਣਦਾ ਹੈ ਕਿ “ਉਹ” ਕੌਣ ਨੇ।
ਬਿਪਿਨ ਕਰਮਾਕਰ ਦੇ ਹੱਥ ਉਸ ਸ਼ਾਨਦਾਰ ਸੱਭਿਆਚਾਰਕ ਚਿੰਨ੍ਹ, ਰਬਿੰਦਰਨਾਥ ਟੈਗੋਰ ਦੇ ਲਘੂ ਰੂਪ ਨੂੰ ਆਕਾਰ ਦੇ ਰਹੇ ਨੇ, ਜਿਸ ਦੀ ਉਹ ਗੱਲ ਕਰ ਰਿਹਾ ਹੈ। “ਸ਼ਾਂਤੀਨਿਕੇਤਨ ਆਉਣ ਵਾਲੇ ਸੈਲਾਨੀ ਜ਼ਰੂਰ ਹੀ ਰਬਿੰਦਰਨਾਥ ਲੈ ਕੇ ਜਾਣਗੇ - ਭਾਵੇਂ ਮੂਰਤੀ ਹੋਵੇ ਜਾਂ ਕੋਈ ਚਿੱਤਰ। ਜਿਵੇਂ ਅਸੀਂ ਪੁਰੀ ਜਾ ਕੇ ਜਗਨਨਾਥ ਦੀ ਮੂਰਤੀ ਖਰੀਦਦੇ ਹਾਂ,” ਸ਼ਰਧਾ ਭਾਵ ਨਾਲ ਇੱਕ ਹਿੰਦੂ ਦੇਵਤੇ ਦੀ ਤੁਲਨਾ 20ਵੀਂ ਸਦੀ ਦੀ ਮਸ਼ਹੂਰ ਸਾਹਿਤਕ ਸ਼ਖ਼ਸੀਅਤ ਨਾਲ ਕਰਦਿਆਂ ਉਹਨੇ ਕਿਹਾ। ਇਤਫ਼ਾਕ ਨਾਲ ਕਵੀ ਦੇ ਗੋਤ ਦਾ ਬੰਗਲਾ ਉਚਾਰਨ ਵੀ ਉਸ ਭਾਸ਼ਾ ਵਿੱਚ ‘ਦੈਵੀ’ ਸ਼ਬਦ ਵਾਲਾ ਹੈ, ਜਿਸ ਵਿੱਚ ਉਹਨੇ ਸਾਹਿਤ ਤੇ ਸੰਗੀਤ ਦੋਵਾਂ ਨੂੰ ਆਕਾਰ ਦਿੱਤਾ।
ਟੈਗੋਰ ਵੱਲੋਂ ਇਸ ਪਿੰਡ ਵਿੱਚ ਆਸ਼ਰਮ ਸਕੂਲ ਅਤੇ ਯੂਨੀਵਰਸਿਟੀ (ਵਿਸ਼ਵ ਭਾਰਤੀ) ਬਣਾਏ ਇੱਕ ਸਦੀ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ। ਹੁਣ ਸ਼ਾਂਤੀਨਿਕੇਤਨ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਇੱਕ ਰੌਣਕ ਭਰਿਆ ਕਸਬਾ ਤੇ ਸੈਰ-ਸਪਾਟਾ ਕੇਂਦਰ ਹੈ, ਜਿੱਥੇ ਕੋਲਕਾਤਾ ਤੋਂ ਐਕਸਪ੍ਰੈਸ ਰੇਲਗੱਡੀ ਰਾਹੀਂ ਤਿੰਨ ਕੁ ਘੰਟਿਆਂ ਵਿੱਚ ਪਹੁੰਚਿਆ ਜਾ ਸਕਦਾ ਹੈ।
ਇਹ ਨੋਬਲ ਪੁਰਸਕਾਰ ਜੇਤੂ ਸ਼ਾਂਤੀਨਿਕੇਤਨ ਦੀ ਧਰਤੀ ਦਾ ਅਨਿੱਖੜਵਾਂ ਅੰਗ ਹੈ - ਜਿਸ ਦਾ ਜ਼ਿਕਰ ਦੁਕਾਨਾਂ ਦੇ ਨਾਵਾਂ, ਸਜਾਵਟ, ਲਘੂ ਮੂਰਤੀਆਂ, ਕੱਪੜਿਆਂ, ਸਿਨੇਮਾ ਘਰਾਂ, ਹਰ ਤਰੀਕੇ ਦੀਆਂ ਯਾਦਗਾਰੀ ਵਸਤਾਂ ਵਿੱਚ ਆਉਂਦਾ ਰਹਿੰਦਾ ਹੈ। ਸ਼ਾਂਤੀਨਿਕੇਤਨ ਵਿੱਚ ਟੈਗੋਰ ਨਾਲ ਜੁੜੀ ਕਿਸੇ ਚੀਜ਼ ਦਾ ਸਾਹਮਣਾ ਕੀਤੇ ਬਗ਼ੈਰ ਇੱਕ ਕਦਮ ਵੀ ਪੁੱਟਣਾ ਮੁਸ਼ਕਿਲ ਹੈ।

























