ਚਾਹੁੰਦੇ ਹੋਇਆਂ ਵੀ ਰੁਖਾਬਾਈ ਪਾਦਵੀ ਕੱਪੜੇ 'ਤੇ ਫਿਰਦੀਆਂ ਆਪਣੀਆਂ ਹੱਢਲ਼-ਉਂਗਲਾਂ ਨੂੰ ਰੋਕ ਨਹੀਂ ਪਾਉਂਦੀ। ਪੂਰੀ ਗੱਲਬਾਤ ਦੌਰਾਨ ਮੈਂ ਇਸ ਨਤੀਜੇ 'ਤੇ ਅਪੜੀ ਕਿ ਸ਼ਾਇਦ ਇਸੇ ਸਪਰਸ਼ ਦਾ ਅਹਿਸਾਸ ਉਨ੍ਹਾਂ ਨੂੰ ਪੁਰਾਣੇ ਵੇਲ਼ਿਆਂ ਵਿੱਚ ਲੈ ਜਾਂਦਾ ਹੈ।
ਮੰਜੇ 'ਤੇ ਬੈਠੀ ਇਸ 90 ਸਾਲਾ ਬਜ਼ੁਰਗ ਨੇ ਆਪਣੀ ਗੋਦੀ ਵਿੱਚ ਰੱਖੀ ਫਿੱਕੇ ਗੁਲਾਬੀ ਤੇ ਸੁਨਹਿਰੀ ਪੱਟੀ ਵਾਲ਼ੀ ਸੂਤੀ ਸਾੜੀ ਨੂੰ ਮਹਿਸੂਸ ਕਰਦਿਆਂ ਕਿਹਾ,''ਇਹ ਮੇਰੇ ਵਿਆਹ ਦੀ ਸਾੜੀ ਏ।'' ਉਨ੍ਹਾਂ ਦੇ ਮੂੰਹੋਂ ਨਿਕਲੀ ਭੀਲ਼ ਬੋਲੀ ਅਕਰਾਨੀ ਤਾਲੁਕਾ ਦੇ ਪਹਾੜੀ ਤੇ ਕਬਾਇਲੀ ਇਲਾਕੇ ਵਿੱਚ ਬੋਲੀ ਜਾਂਦੀ ਹੈ।
''ਮੇਰੇ ਮਾਪਿਆਂ ਨੇ ਇਹ ਸਾੜੀ ਆਪਣੇ ਖ਼ੂਨ-ਪਸੀਨੇ ਦੀ ਕਮਾਈ ਨਾਲ਼ ਖਰੀਦੀ ਸੀ। ਇਹ ਮਹਿਜ਼ ਸਾੜੀ ਨਹੀਂ ਉਨ੍ਹਾਂ ਦੀ ਯਾਦ ਹੈ,'' ਅੱਲ੍ਹੜ ਜਿਹੀ ਮੁਸਕਾਨ ਨਾਲ਼ ਉਨ੍ਹਾਂ ਗੱਲ ਜਾਰੀ ਰੱਖੀ।
ਰੁਖਾਬਾਈ ਦਾ ਜਨਮ ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਦੀ ਅਕਰਾਨੀ ਤਾਲੁਕਾ ਦੇ ਪਿੰਡ ਮੋਜਾਰਾ ਵਿਖੇ ਹੋਇਆ; ਇਹ ਇਲਾਕਾ ਸਦਾ ਤੋਂ ਉਨ੍ਹਾਂ ਦਾ ਘਰ ਰਿਹਾ ਹੈ।
''ਮੇਰੇ ਮਾਪਿਆਂ ਨੇ ਮੇਰੇ ਵਿਆਹ 'ਤੇ 600 ਰੁਪਏ ਖਰਚੇ ਸਨ ਜੋ ਕਿ ਉਸ ਵੇਲ਼ੇ ਖਾਸੀ ਵੱਡੀ ਰਕਮ ਹੋਇਆ ਕਰਦੀ ਸੀ। ਉਨ੍ਹਾਂ ਮੇਰੇ ਕੱਪੜਿਆਂ 'ਤੇ ਪੰਜ ਰੁਪਈਏ ਖਰਚੇ ਜਿਸ ਵਿੱਚ ਸਾੜੀ ਵੀ ਸੀ,'' ਉਹ ਕਹਿੰਦੀ ਹਨ। ਗਹਿਣੇ ਉਨ੍ਹਾਂ ਦੀ ਪਿਆਰੀ ਮਾਂ ਨੇ ਘਰ ਵੀ ਹੀ ਤਿਆਰ ਕਰ ਲਏ ਸਨ।
''ਜਦੋਂ ਕੋਈ ਸੁਨਿਆਰਾ ਜਾਂ ਕਾਰੀਗਰ ਨਾ ਮਿਲ਼ਿਆ ਤਾਂ ਮੇਰੀ ਮਾਂ ਨੇ ਚਾਂਦੀ ਦੇ ਅਸਲੀ ਸਿੱਕਿਆਂ ਨੂੰ ਜੋੜ-ਜੋੜ ਕੇ ਗਲ਼ੇ ਦਾ ਹਾਰ ਬਣਾ ਲਿਆ। ਉਹਨੇ ਸਿੱਕਿਆਂ ਵਿੱਚ ਮੋਰੀਆਂ ਕੀਤੀਆਂ ਤੇ ਗੋਧੜੀ (ਹੱਥੀਂ ਤਿਆਰ ਚਾਦਰ) ਦੇ ਮੋਟੇ ਸਾਰੇ ਧਾਗੇ ਵਿੱਚ ਉਨ੍ਹਾਂ ਨੂੰ ਪਰੋ ਲਿਆ,'' ਆਪਣੀ ਮਾਂ ਦੀਆਂ ਯਾਦਾਂ ਵਿੱਚ ਗੁਆਚੀ ਰੁਖਾਬਾਈ ਨੇ ਮਸਾਂ-ਸੁਣੀਂਦੀ ਅਵਾਜ਼ ਵਿੱਚ ਕਿਹਾ ਤੇ ਦਹੁਰਾਇਆ,''ਚਾਂਦੀ ਦੇ ਸਿੱਕੇ...ਹੈ। ਅੱਜਕੱਲ੍ਹ ਦੇ ਨੋਟ ਨਹੀਂ।''








