ਕੇਂਦਰੀ ਮੁੰਬਈ ਤੋਂ ਲਗਭਗ 95 ਕਿਲੋਮੀਟਰ ਦੀ ਦੂਰੀ ‘ਤੇ ਥਾਣੇ ਜਿਲ੍ਹੇ ਦੇ ਪਿੰਡ ਨਿੰਬਾਵਲੀ ਵਿੱਚ ਸਪ੍ਰੇਯਾ ਪਹਾੜੀ ਦੇ ਨਾਲ ਲੱਗਦਾ ਸਾਡਾ ਗਰੇਲਪਾੜਾ (ਪਿੰਡ ਦਾ ਛੋਟਾ ਜਿਹਾ ਹਿੱਸਾ) ਹੈ। ਵਰਲੀ ਅਦਿਵਾਸੀਆਂ ਦੇ ਇਸ ਛੋਟੇ ਜਿਹੇ ਪਿੰਡ ਵਿੱਚ ਸਿਰਫ਼ 20-25 ਕੁ ਹੀ ਘਰ ਹਨ।
ਹਰ ਸਾਲ ਵਾਂਗ ਇਸ ਸਾਲ ਵੀ ਇਸ ਪਾੜਾ (ਬਸਤੀ) ਵਿੱਚ ਦੀਵਾਲੀ ਰਿਵਾਇਤੀ ਤਰੀਕੇ ਨਾਲ ਮਨਾਈ ਗਈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਸਭ ਤਿਓਹਾਰ ਦੀਆਂ ਤਿਆਰੀਆਂ ਵਿੱਚ ਰੁੱਝ ਜਾਂਦੇ ਹਨ।
ਸਾਡੇ ਆਦਿਵਾਸੀ ਸਮਾਜ ਵਿੱਚ ਵਾਘਬਰਸੀ, ਬੜਕੀ ਤਿਵਲੀ, ਮੋਠੀ ਤਿਵਲੀ ਅਤੇ ਬਲੀਪ੍ਰਤਿਪਾੜਾ ਦੀਵਾਲੀ ਦੇ ਮੁੱਖ ਚਾਰ ਦਿਨ ਹੁੰਦੇ ਹਨ। ਇਸ ਸਾਲ ਇਹ ਦਿਨ 5 ਤੋਂ ਲੈ ਕੇ 8 ਨਵੰਬਰ ਤੱਕ ਮਨਾਏ ਗਏ।
ਵਰਲੀ ਲੋਕ ਬਾਘ ਨੂੰ ਭਗਵਾਨ ਮੰਨਦੇ ਹਨ ਅਤੇ ਵਾਘਬਰਸੀ ਵਾਲੇ ਦਿਨ ਅਸੀਂ ਬਾਘ ਦੀ ਪੂਜਾ ਕਰਦੇ ਹਾਂ। ਆਦਿਵਾਸੀ ਪਾੜਾ ਆਮ ਤੌਰ ‘ਤੇ ਜੰਗਲ ਵਿੱਚ ਸਥਿਤ ਹੁੰਦੇ ਹਨ। ਪਹਿਲਾਂ ਵਰਲੀ ਲੋਕਾਂ ਦਾ ਜੀਵਨ ਪੂਰਨ ਤੌਰ ‘ਤੇ ਜੰਗਲ ‘ਤੇ ਨਿਰਭਰ ਹੁੰਦਾ ਸੀ। ਤਦ ਲੋਕ ਪਸ਼ੂ ਚਰਾਉਣ ਲਈ ਜੰਗਲਾਂ ਵਿੱਚ ਜਾਂਦੇ ਸਨ, ਅਤੇ ਕੁਝ ਲੋਕ ਤਾਂ ਅੱਜ ਵੀ ਜਾਂਦੇ ਹਨ। ਲੋਕ ਬਾਘ ਨੂੰ ਪ੍ਰਾਰਥਨਾ ਕਰਦੇ ਸਨ ਕਿ ਉਹਨਾਂ ‘ਤੇ ਹਮਲਾ ਨ ਕਰੇ ਅਤੇ ਇਸ ਤਰਾਂ ਡਰ ਵਿੱਚੋਂ ਹੀ ਸ਼ਰਧਾ ਨੇ ਜਨਮ ਲਿਆ।












