ਪੀ. ਸੇਨਰਾਯਾਪੇਰੂਮਲ ਨੂੰ ਸਕੂਲ ਛੱਡਣਾ ਪਿਆ ਤਾਂਕਿ ਰਾਜਾ-ਰਾਣੀ ਅੱਟਮ ਥੀਏਟਰ ਵਿੱਚ ਉਹ ਆਪਣੀ ਭੂਮਿਕਾ ਨਿਭਾਉਂਦਾ ਰਹਿ ਸਕੇ, ਕਲਾ ਦਾ ਅਜਿਹਾ ਰੂਪ ਜੋ ਪੂਰੀ ਤਰ੍ਹਾਂ ਜਾਤ ਦੇ ਦਾਇਰਿਆਂ ਵਿੱਚ ਘਿਰਿਆ ਹੋਇਆ ਹੈ। ਉਨ੍ਹਾਂ ਤੇ ਉਨ੍ਹਾਂ ਦੇ ਭਰਾਵਾਂ ਨੇ ਆਪਣਾ ਪੂਰਾ ਬਚਪਨ ਮਹਿਲਾ ਕਿਰਦਾਰ ਨਿਭਾਉਂਦਿਆਂ ਹੀ ਬਿਤਾਇਆ- ਅਪਮਾਨ ਸਹਿਆ, ਜਿਣਸੀ ਸ਼ੋਸ਼ਣ ਤੱਕ ਦਾ ਸਾਹਮਣਾ ਕੀਤਾ ਤੇ ਸੜ ਚੁੱਕੀ ਪਰੰਪਰਾ ਦਾ ਬੋਝ ਢੋਂਹਦੇ ਰਹੇ।
23 ਸਾਲ ਦੀ ਉਮਰੇ ਉਨ੍ਹਾਂ ਪ੍ਰਦਰਸ਼ਨ, ਜੋ ਦਿਨ-ਰਾਤ ਚੱਲਿਆ ਕਰਦੇ, ਦੇ ਨਾਲ਼-ਨਾਲ਼ ਪੜ੍ਹਾਈ ਜਾਰੀ ਰੱਖਣ ਦਾ ਵੀ ਜੋਖ਼ਮ ਮੁੱਲ ਲਿਆ। ਪ੍ਰਦਰਸ਼ਨ ਇਸਲਈ ਕਿ ਗੁਜਾਰਾ ਚੱਲ ਸਕੇ ਤੇ ਪੜ੍ਹਾਈ ਇਸ ਲਈ ਕਿ ਭਵਿੱਖ ਰੌਸ਼ਨ ਹੋ ਸਕੇ। ਉਨ੍ਹਾਂ ਸਿੱਖਿਆ ਹਾਸਲ ਕੀਤੀ, ਉਹ ਸਿੱਖਿਆ ਜਿਹਦੇ ਢਾਂਚੇ ਨੇ ਉਨ੍ਹਾਂ ਜਿਹੇ ਵਿਅਕਤੀਆਂ ਨੂੰ ਆਪਣੇ ਦਾਇਰੇ ਤੋਂ ਬਾਹਰ ਹੀ ਰੱਖਿਆ। ਉਨ੍ਹਾਂ ਉਸੇ ਲੋਕ ਪਰੰਪਰਾ ਨੂੰ ਲੈ ਕੇ ਪੀਐੱਚਡੀ ਕੀਤੀ ਜੋ ਕਲਾ ਉਹ ਦਿਨ-ਰਾਤ ਹੰਢਾ ਰਹੇ ਸਨ ਤੇ ਇਸ ਸਭ ਦੇ ਨਾਲ਼ ਉਨ੍ਹਾਂ ਉੱਚ ਸਿੱਖਿਆ ਪਾਉਣ ਦਾ ਟੀਚਾ ਡੋਲ੍ਹਣ ਨਾ ਦਿੱਤਾ। ਇੱਕ ਅਜਿਹਾ ਟੀਚਾ, ਇੱਕ ਅਜਿਹਾ ਵਾਅਦਾ ਜਿਹਦੇ ਮਾਮਲੇ ਵਿੱਚ ਉਨ੍ਹਾਂ ਨੂੰ ਦੁਖਦ ਨਤੀਜੇ ਭੁਗਤਣੇ ਪਏ।


