“ਅਬਰੀ ਜੋ ਆਏਗਾ ਨਾ ਵੋਟ ਲੇਨੇ, ਤੋ ਕਹੇਂਗੇ ਕਿ ਪਹਿਲੇ ਪੈਨਸ਼ਨ ਦੋ ,” ਲਿਤਾਤੀ ਮੁਰਮੂ ਕਹਿੰਦੀ ਹਨ।
ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿੱਚ ਪੈਂਦੇ ਕੁਸੁਮਦੀਹ ਪਿੰਡ ਦੀ ਇੱਕ ਬਸਤੀ ਬੁਰੁਟੋਲਾ ਵਿੱਚ ਆਪਣੇ ਕੱਚੇ ਘਰ ਦੇ ਬਾਹਰ ਦੱਤੀ (ਦੇਹਲੀ) ‘ਤੇ ਬੈਠੀ ਉਹ PARI ਨਾਲ਼ ਗੱਲ ਕਰਦੀ ਹਨ।
“ਇਸ ਵਾਰ ਅਸੀਂ ਘਰਾਂ ਅਤੇ ਪੈਨਸ਼ਨਾਂ ਦੀ ਮੰਗ ਕਰਾਂਗੇ,” ਉਹਨਾਂ ਦੇ ਗੁਆਂਢੀ ਦੋਸਤ ਸ਼ਰਮਿਲਾ ਹੇਮਬਰਾਮ ਬੋਲਦੀ ਹਨ ਜੋ ਉਹਨਾਂ ਦੇ ਨਾਲ਼ ਹੀ ਬੈਠੀ ਹਨ।
“ਉਹ ਸਿਰਫ਼ ਇਸੇ ਸਮੇਂ ਹੀ ਆਉਂਦੇ ਨੇ,” ਮੰਤਰੀਆਂ ਦਾ ਜ਼ਿਕਰ ਕਰਦਿਆਂ ਉਹ ਮਖੌਲੀਆ ਢੰਗ ‘ਚ ਬੋਲਦੀ ਹਨ। ਵੋਟਾਂ ਤੋਂ ਪਹਿਲਾਂ ਜਦੋਂ ਉਹ ਅਚਾਨਕ ਪ੍ਰਗਟ ਹੁੰਦੇ ਹਨ, ਅਕਸਰ ਪਿੰਡ ਦੇ ਲੋਕਾਂ ਨੂੰ ਪੈਸਿਆਂ ਨਾਲ਼ ਖ਼ਰੀਦਣ ਦੀ ਕੋਸ਼ਿਸ਼ ਕਰਦੇ ਹਨ। “ਉਹ [ਸਿਆਸੀ ਪਾਰਟੀਆਂ] ਸਾਨੂੰ 1,000 ਰੁਪਏ ਦਿੰਦੇ ਹਨ ਜਿਸ ਵਿੱਚੋਂ 500 ਆਦਮੀਆਂ ਨੂੰ ਅਤੇ 500 ਸਾਨੂੰ ਮਿਲਦਾ ਹੈ,” ਸ਼ਰਮਿਲਾ ਕਹਿੰਦੀ ਹਨ।
ਦੋਵਾਂ ਔਰਤਾਂ ਲਈ ਪੈਸਾ ਮਾਇਨੇ ਤਾਂ ਰੱਖਦਾ ਹੀ ਹੈ ਕਿਉਂਕਿ ਸਰਕਾਰੀ ਸਕੀਮਾਂ ਦੇ ਲਾਭ ਦੋਹਾਂ ਦੀ ਪਹੁੰਚ ਤੋਂ ਕੋਹਾਂ ਦੂਰ ਹਨ। 2022 ਵਿੱਚ ਲਿਤਾਤੀ ਦੇ ਪਤੀ ਦਾ ਅਚਾਨਕ ਦੇਹਾਂਤ ਹੋ ਗਿਆ ਸੀ ਅਤੇ ਸ਼ਰਿਮਲਾ ਦੇ ਪਤੀ ਇੱਕ ਮਹੀਨੇ ਦੀ ਲੰਮੀ ਬਿਮਾਰੀ ਤੋਂ ਬਾਅਦ 2023 ਵਿੱਚ ਚੱਲ ਵਸੇ। ਇਹਨਾਂ ਦੁਖੀ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਉਹ ਕੰਮ ਲਈ ਬਾਹਰ ਜਾਂਦੀਆਂ ਹਨ ਤਾਂ ਇੱਕ-ਦੂਜੇ ਦਾ ਸਹਾਰਾ ਬਣਦੀਆਂ ਹਨ ਜੋ ਕਿ ਦੋਨਾਂ ਲਈ ਹੋਂਸਲੇ ਵਾਲ਼ੀ ਗੱਲ ਹੈ।
ਆਪਣੇ ਪਤੀਆਂ ਦੇ ਜਾਣ ਤੋਂ ਬਾਅਦ ਲਿਤਾਤੀ ਅਤੇ ਸ਼ਰਮਿਲਾ ਨੇ ਸਰਵਜਨ ਪੈਨਸ਼ਨ ਯੋਜਨਾ ਦੇ ਅਧੀਨ ਵਿਧਵਾ ਪੈਨਸ਼ਨ ਸਕੀਮ ਦਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਸੀ, ਜਿਸਦੇ ਦੁਆਰਾ 18 ਸਾਲ ਤੋਂ ਉੱਪਰ ਦੀਆਂ ਵਿਧਵਾਵਾਂ ਨੂੰ 1,000 ਰੁਪਏ ਦੀ ਪੈਨਸ਼ਨ ਦਿੱਤੀ ਜਾਂਦੀ ਹੈ। ਪੂਰੀ ਤਰ੍ਹਾਂ ਨਿਰਾਸ਼ ਲਿਤਾਤੀ ਕਹਿੰਦੀ ਹਨ,“ਅਸੀਂ ਬਹੁਤ ਸਾਰੇ ਫ਼ਾਰਮ ਭਰੇ ਅਤੇ ਇੱਥੋਂ ਤੱਕ ਕਿ ਪਿੰਡ ਦੇ ਮੁਖੀ (ਸਰਪੰਚ) ਕੋਲ਼ ਵੀ ਗਏ, ਪਰ ਸਾਨੂੰ ਕੁਝ ਹਾਸਿਲ ਨਹੀਂ ਹੋਇਆ।”












