“ਇਹ ਇੱਕ ਧਾਗੇ ਨਾਲ ਸ਼ੁਰੂ ਹੋ ਕੇ ਇੱਕ ਧਾਗੇ ਨਾਲ ਹੀ ਖਤਮ ਹੁੰਦੀ ਹੈ,” ਰੇਖਾ ਬੇਨ ਵਾਘੇਲਾ ਹਲਕੀ ਜਿਹੀ ਮੁਸਕੁਰਾਹਟ ਨਾਲ ਦੱਸਦੇ ਹਨ। ਉਹ ਗੁਜਰਾਤ ਦੇ ਪਿੰਡ ਮੋਟਾ ਟਿੰਬਲਾ ਵਿੱਚ ਆਪਣੇ ਘਰ ਵਿੱਚ ਹੱਥ ਖੱਡੀ ਤੇ ਬੈਠੇ ਇਕਹਿਰਾ ਇਕਤ ਪਟੋਲੂ ਬੁਣ ਰਹੇ ਹਨ। “ਸਭ ਤੋਂ ਪਹਿਲਾਂ ਅਸੀਂ ਫਿਰਕੀ ਵਿੱਚ ਇਕਹਿਰਾ ਧਾਗਾ ਪਾਉਂਦੇ ਹਾਂ ਤੇ ਅਖੀਰ ਵਿੱਚ ਰੰਗਿਆ ਹੋਇਆ ਧਾਗਾ ਫਿਰਕੀ ਤੇ ਚੜ੍ਹਾਉਂਦੇ ਹਾਂ,” ਰੇਖਾ ਬੇਨ ਪਟੋਲਾ ਬੁਣਨ ਦੀ ਉਹ ਪ੍ਰਕਿਰਿਆ ਸਮਝਾਉਂਦੇ ਹਨ ਜੋ ਕਿ ਪੇਟੇ ਲਈ ਫਿਰਕੀ ਤਿਆਰ ਕਰਨ ਅਤੇ ਖੱਡੀ ਤੇ ਤਾਣਾ ਤਣਨ ਤੋਂ ਪਹਿਲਾਂ ਹੁੰਦੀ ਹੈ।
ਸੁਰੇਂਦਰਨਗਰ ਜਿਲੇ ਦੇ ਇਸ ਪਿੰਡ ਦੇ ਵੰਕਰਵਾਸ ਦੇ ਜਿਆਦਾਤਰ ਲੋਕ, ਸਿਲਕ ਦੀਆਂ ਮਸ਼ਹੂਰ ਸਾੜ੍ਹੀਆਂ ਜਿਨ੍ਹਾਂ ਨੂੰ ਪਟੋਲੂ ਵੀ ਕਹਿੰਦੇ ਹਨ, ਬਣਾਉਣ ਦੇ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੇ ਹੋਏ ਹਨ। ਪਰ ਉਮਰ ਦੇ ਚਾਲੀਵਿਆਂ ਵਿੱਚ ਰੇਖਾ ਬੇਨ ਲਿੰਬੜੀ ਤਾਲੁਕਾ ਵਿੱਚ ਇਕੱਲੀ ਦਲਿਤ ਔਰਤ ਹਨ ਜੋ ਕਿ ਇਕਹਿਰੀ ਅਤੇ ਦੂਹਰੀ ਇਕਤ ਪਟੋਲਾ ਬੁਣ ਲੈਂਦੇ ਹਨ। (ਦੇਖੋ: ਪਟੋਲੇ ਦੀ ਤਾਣੀ ਨੇ ਸੁਲਝਾਈ ਰਿਸ਼ਤਿਆਂ ਹੱਥੋਂ ਉਲਝੀ ਰੇਖਾ ਬੇਨ ਦੀ ਜ਼ਿੰਦਗੀ)
ਸੁਰੇਂਦਰਨਗਰ ਵਿੱਚ ਬਣਨ ਵਾਲੇ ਪਟੋਲਾ ਨੂੰ ਝਾਲਾਵਾੜ੍ਹੀ ਪਟੋਲਾ ਕਹਿ ਕੇ ਵੀ ਸੱਦਿਆ ਜਾਂਦਾ ਹੈ ਅਤੇ ਇਹ ਪਟਨ ਵਿੱਚ ਬੁਣੇ ਜਾਣ ਵਾਲੇ ਪਟੋਲਾ ਨਾਲੋਂ ਸਸਤਾ ਹੁੰਦਾ ਹੈ। ਝਾਲਾਵਾੜ ਦੇ ਵਨਕਾਰ (ਬੁਣਕਰ) ਅਸਲ ਵਿੱਚ ਇਕਹਿਰੇ ਇਕਤ ਪਟੋਲਾ ਲਈ ਮਸ਼ਹੂਰ ਸਨ ਅਤੇ ਹੁਣ ਉਹਨਾਂ ਨੇ ਦੂਹਰਾ ਇਕਤ ਵੀ ਬੁਣਨਾ ਸ਼ੁਰੂ ਕਰ ਦਿੱਤਾ ਹੈ। “ਇਕਹਿਰੇ ਇਕਤ ਵਿੱਚ ਡਿਜ਼ਾਇਨ ਸਿਰਫ਼ ਪੇਟੇ ਤੇ ਹੁੰਦਾ ਹੈ ਜਦਕਿ ਦੂਹਰੇ ਇਕਤ ਵਿੱਚ ਤਾਣੇ ਅਤੇ ਪੇਟੇ ਦੋਵਾਂ ਤੇ ਡਿਜ਼ਾਇਨ ਹੁੰਦਾ ਹੈ,” ਰੇਖਾ ਬੇਨ ਦੋਵੇਂ ਕਿਸਮ ਦੇ ਪਟੋਲਾ ਦਾ ਅੰਤਰ ਸਮਝਾਉਂਦਿਆਂ ਦੱਸਦੇ ਹਨ।
ਡਿਜ਼ਾਇਨ ਹੀ ਪੂਰੀ ਪ੍ਰਕਿਰਿਆ ਨੂੰ ਮੁਸ਼ਕਿਲ ਬਣਾਉਂਦਾ ਹੈ। ਰੇਖਾ ਬੇਨ ਇੱਕ ਵਾਰ ਫਿਰ ਸਾਰੀ ਪ੍ਰਕਿਰਿਆ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। “ਇਕਹਿਰੇ ਇਕਤ ਪਟੋਲੂ ਵਿੱਚ 3500 ਪੇਟੇ ਦੇ ਧਾਗੇ ਹੁੰਦੇ ਹਨ ਅਤੇ 13750 ਤਾਣੇ ਦੇ ਧਾਗੇ ਹੁੰਦੇ ਹਨ। ਜਦਕਿ ਦੂਹਰੇ ਇਕਤ ਵਿੱਚ ਤਾਣੇ ਦੇ 2220 ਅਤੇ ਪੇਟੇ ਦੇ 9870 ਧਾਗੇ ਹੁੰਦੇ ਹਨ,” ਉਹ ਪੇਟੇ ਦੇ ਧਾਗੇ ਵਾਲੀ ਫਿਰਕੀ ਨੂੰ ਸ਼ਟਲ ਵਿੱਚੋਂ ਟਪਾਉਂਦਿਆਂ ਕਹਿੰਦੇ ਹਨ।



























