ਮੇਰਾ ਨਾਮ ਤੁਲਸੀਭਾਈ ਨਾਰਨਭਾਈ ਹੈ, ਪਰ ਜੇ ਤੁਸੀਂ ਮੈਨੂੰ ਲੱਭ ਰਹੇ ਹੋਵੋ ਤਾਂ ਤੁਹਾਨੂੰ ਕਹਿਣਾ ਪਵੇਗਾ ‘ਬੱਚਨ ਨੂੰ ਬੁਲਾਓ’। ਮੈਨੂੰ ਸਭ ਇਸੇ ਨਾਮ ਨਾਲ਼ ਜਾਣਦੇ ਹਨ,” ਤੁਲਸੀਭਾਈ ਦੱਸਦੇ ਹਨ ਕਿ ਉਹਨਾਂ ਨੂੰ ਪਿਆਰ ਨਾਲ਼ ਫਿਲਮ ਸਿਤਾਰੇ ਦੇ ਨਾਮ ਨਾਲ਼ ਬੁਲਾਇਆ ਜਾਂਦਾ ਹੈ।
60-ਸਾਲਾ ਤੁਲਸੀਭਾਈ ਅਹਿਮਦਾਬਾਦ ਦੀ ਇੱਕ ਖੁੱਲੀ ਬਸਤੀ ਗੁਲਬਾਈ ਟੇਕਰਾ ਵਿੱਚ ਫੁੱਟਪਾਥ ਉੱਤੇ ਆਪਣੇ ਬੇਟੇ ਤਨੂਭਾਈ ਨਾਲ਼ ਰਹਿੰਦੇ ਹਨ। ਉਹਨਾਂ ਦੀ ਪਤਨੀ ਤਨੂਭਾਈ ਨੂੰ ਜਨਮ ਦਿੰਦਿਆਂ ਹੀ ਚਲ ਵੱਸੀ ਸੀ। “ਮੈਨੂੰ ਮੇਰੀ ਦਾਦੀ ਨੇ ਹੀ ਪਾਲਿਆ। ਉਹ ਹਾਲੇ ਵੀ ਜਿਉਂਦੇ ਹਨ ਅਤੇ ਉਹਨਾਂ ਦੀ ਉਮਰ ਸੌ ਸਾਲ ਤੋਂ ਉੱਤੇ ਹੋ ਚੁੱਕੀ ਹੈ,” ਉਮਰ ਦੇ ਤੀਹਵਿਆਂ ਵਿੱਚ ਤਨੂਭਾਈ ਦੱਸਦੇ ਹਨ।
ਇਹ ਪਿਉ ਪੁੱਤਰ ਦੀ ਜੋੜੀ ਸਵੇਰ ਨੌਂ ਵਜੇ ਤੋਂ ਲੈ ਕੇ ਰਾਤ ਦੇ ਨੌਂ ਵਜੇ ਤੱਕ ਕਚਰਾ ਇਕੱਠਾ ਕਰਦੀ ਹੈ ਅਤੇ ਸ਼ਹਿਰ ਦੇ ਇੱਕ ਤਾਲੂਕਾ ਮੇਮਨਗਰ ਵਿੱਚ ਭੰਗਾਰਵਾਲ਼ਿਆਂ (ਕਬਾੜੀਆਂ) ਨੂੰ ਵੇਚ ਦਿੰਦੇ ਹਨ ਜਿੱਥੇ ਹੋਰ ਕਚਰਾ ਇਕੱਠਾ ਕਰਨ ਵਾਲ਼ੇ ਕਿਲੋ ਦੇ ਹਿਸਾਬ ਨਾਲ਼ ਕਬਾੜ ਵੇਚਦੇ ਹਨ।
ਪੱਤਰਕਾਰ ਦੇ ਉਹਨਾਂ ਨੂੰ ਮਿਲ਼ਣ ਵੇਲੇ ਉਹ ਦੋਵੇਂ ਦੁਪਹਿਰ ਦੋ ਵਜੇ ਤੋਂ ਲੱਗੇ ਹੋਏ ਸਨ ਅਤੇ ਚਾਰ ਕਿਲੋ ਪਲਾਸਟਿਕ ਦੀਆਂ ਬੋਤਲਾਂ ਅਤੇ ਇੱਕ ਕਿਲੋ ਗੱਤਾ ਇਕੱਠਾ ਕਰ ਚੁੱਕੇ ਸਨ। ਕਬਾੜੀਆਂ ਨੂੰ ਇਹ ਵੇਚ ਕੇ ਉਹਨਾਂ ਨੂੰ 110 ਰੁਪਏ ਦੀ ਕਮਾਈ ਹੋ ਚੁੱਕੀ ਸੀ। “ਇਸ ਵਾਰ ਗਰਮੀ ਬਹੁਤ ਜਿਆਦਾ ਸੀ,” ਤੁਲਸੀਭਾਈ ਦਾ ਕਹਿਣਾ ਹੈ, “ਅਸੀਂ ਬਿਮਾਰ ਹੋ ਸਕਦੇ ਸੀ। ਜਦੋਂ ਦਿਨ ਵੇਲੇ ਗਰਮੀ ਜਿਆਦਾ ਹੋ ਜਾਂਦੀ ਹੈ ਤਾਂ ਇਕੱਠੇ ਕੀਤੇ ਗੱਤਿਆਂ ਨਾਲ਼ ਹਵਾ ਝੱਲ ਲੈਂਦੇ ਹਾਂ।”






