ਨਾਮਘਰ ਦੇ ਕੱਚੇ ਫਰਸ਼ 'ਤੇ ਦੀਵੇ ਟਿਮਟਿਮਾ ਰਹੇ ਹਨ। ਉਨ੍ਹਾਂ ਦੀ ਮਲ਼ੂਕ ਜਿਹੀ ਲੋਅ ਦਰਸ਼ਕਾਂ ਦੇ ਮਨ ਵਿੱਚ ਹੌਲ਼ੀ-ਹੌਲ਼ੀ ਘਰ ਕਰਦੀ ਜਾ ਰਹੀ ਹੈ। ਗਾਇਨ (ਗਾਇਕ) ਅਤੇ ਬਾਇਨ (ਢੋਲਕੀਆ) ਇੱਕੋ ਕਤਾਰ ਵਿੱਚ ਖੜ੍ਹੇ ਹਨ। ਢੋਲਕੀਏ ਨੇ ਖੋਲ (ਅਸਾਮ ਦਾ ਰਵਾਇਤੀ ਥਪਕੀ ਸਾਜ਼) ਛਾਤੀ ਨਾਲ਼ ਟਿਕਾ ਕੇ ਰੱਖਿਆ ਹੈ। ਜਦੋਂ ਸੰਗੀਤਕਾਰ ਆਪਣੀ ਤਾਨ ਛੇੜੇਦੇ ਹਨ, ਤਾਂ ਪਿੱਤਲ ਦੇ ਵੱਡੇ ਛੈਣੇ (ਬੋਰ ਤਾਲ) ਦੀਵਿਆਂ ਦੀ ਰੌਸ਼ਨੀ ਵਿੱਚ ਲਿਸ਼ਕਣ ਲੱਗਦੇ ਹਨ।
ਸੂਤਰਧਾਰ, ਯਾਨੀ ਉਸ ਰਾਤ ਦਾ ਕਥਾਵਾਚਕ ਬੋਲਣਾ ਸ਼ੁਰੂ ਕਰਦਾ ਹੈ। ਪੂਰੇ ਕਮਰੇ ਵਿੱਚ ਸ਼ਾਂਤੀ ਛਾ ਜਾਂਦੀ ਹੈ। ਉਸੇ ਸਮੇਂ ਬਿਪੁਲ ਦਾਸ ਰੌਸ਼ਨੀ ਵਿੱਚ ਕਦਮ ਰੱਖਦੇ ਹਨ।
ਅਤੇ ਫਿਰ, ਰਾਤ ਭਰ ਚੱਲਣ ਵਾਲ਼ੀ ਭਾਓਨਾ, ਜੋ ਅਸਾਮ ਦਾ ਰਵਾਇਤੀ ਵੈਸ਼ਣਵ ਧਾਰਮਿਕ ਨਾਟਕ ਹੈ, ਸ਼ੁਰੂ ਹੁੰਦਾ ਹੈ। ਇਹ ਨਾਟਕ ਆਮ ਤੌਰ 'ਤੇ ਰਾਮਾਇਣ ਅਤੇ ਮਹਾਭਾਰਤ ਵਰਗੇ ਮਹਾਕਾਵਾਂ 'ਤੇ ਅਧਾਰਿਤ ਹੁੰਦੇ ਹਨ ਅਤੇ ਕਿਸੇ ਇੱਕ ਪ੍ਰਸੰਗ ਦਾ ਮੰਚਨ ਕਰਦੇ ਹਨ।
ਬਿਪੁਲ ਦਾ ਸਭ ਤੋਂ ਪਸੰਦੀਦਾ ਪਾਤਰ ਕੁੰਤੀ ਹੈ ਜੋ ਮਹਾਭਾਰਤ ਵਿੱਚ ਪਾਂਡਵਾਂ ਦੀ ਮਾਂ ਹੈ। “ਪਿੰਡ ਵਿੱਚ ਲੋਕੀਂ ਮੈਨੂੰ ਕੁੰਤੀ ਕਹਿ ਕੇ ਬੁਲਾਉਂਦੇ ਨੇ,” ਉਹ ਮੁਸਕਰਾਉਂਦੇ ਹੋਏ ਕਹਿੰਦੇ ਹਨ। ਇੱਕ ਇਕੱਲੀ ਮਾਂ ਦੀ ਛਾਂ ਹੇਠ ਪਲ਼ੇ-ਵੱਡੇ ਹੋਏ ਬਿਪੁਲ ਨੂੰ ਮਾਂ ਦੀ ਮਮਤਾ ਤੇ ਲਾਡ-ਦੁਲਾਰ ਦਿਲੋਂ ਮਹਿਸੂਸ ਹੁੰਦਾ ਹੈ। “ਮੈਨੂੰ ਲੱਗਦਾ ਹੈ ਮੇਰੇ ਅੰਦਰ ਵੀ ਇੱਕ ਮਾਂ ਹੈ। ਇਹੀ ਗੱਲ ਮੈਨੂੰ ਕੁੰਤੀ ਦੇ ਪਾਤਰ ਨਾਲ਼ ਜੋੜਦੀ ਹੈ।”
ਉਹ ਆਪਣੀਆਂ ਪਸੰਦੀਦਾ ਪੰਕਤੀਆਂ ਗੁਣਗਾਉਂਦੇ ਹਨ:
















